ਸਿਮਰਨਜੀਤ ਸਿੰਘ ਮਾਨ ਦੇ ਐਮ.ਪੀ. ਕੋਟੇ ‘ਚੋਂ ਸੰਸਥਾ ਨੂੰ 5 ਲੱਖ ਦੇਣ ਦਾ ਕੀਤਾ ਐਲਾਨ
ਸੰਗਰੂਰ, 1 ਫਰਵਰੀ (ਜਗਸੀਰ ਲੌਂਗੋਵਾਲ) – ਵਿੱਦਿਆਦਾਨੀ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਲੱਗਣ ਵਾਲੇ ਤਿੰਨ
ਰਜ਼ਾ ਸਾਲਾਨਾ ਜੋੜ ਮੇਲੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਈਮਾਨ ਸਿੰਘ ਮਾਨ ਨੇ ਸੰਤ ਅਤਰ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸੰਤ ਜੀ ਵਲੋਂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਨਿਭਾਈਆਂ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।ਜਦੋਂ ਸੰਤ ਅਤਰ ਸਿੰਘ ਜੀ ਦਾ ਜਨਮ ਹੋਇਆ, ਉਦੋਂ ਸਿੱਖ ਕੌਮ ਬਹੁਤ ਹੀ ਡਾਂਵਾਡੋਲ ਸਥਿਤੀ ਵਿੱਚ ਸੀ।ਅੰਗਰੇਜ਼ਾਂ ਦੇ ਰਾਜ ਅਧੀਨ ਸਾਡੇ ਧਰਮ `ਤੇ ਵੱਡਾ ਸੰਕਟ ਛਾਇਆ ਹੋਇਆ ਸੀ। ਧਰਮ ਪਰਿਵਰਤਨ ਵੱਡੇ ਪੱਧਰ `ਤੇ ਹੋ ਰਹੇ ਸਨ।ਸੰਤ ਅਤਰ ਸਿੰਘ ਜੀ ਨੇ ਉਸ ਸਮੇਂ ਦੂਰ-ਦੂਰ ਜਾ ਕੇ ਬਾਣੀ ਦੇ ਰਸ ਨਾਲ ਗੁਰਸਿੱਖੀ ਦਾ ਖੂਬ ਪ੍ਰਚਾਰ ਤੇ ਪਸਾਰ ਕਰਕੇ ਸਿੱਖ ਕੌਮ ‘ਚ ਨਵੀਂ ਰੂਹ ਫੂਕੀ ਸੀ।ਉਨਾਂ ਕਿਹਾ ਕਿ ਸੰਤ ਅਤਰ ਸਿੰਘ ਜੀ ਸਿੰਘ ਸਭਾ ਲਹਿਰ ਦੇ ਮੋਢੀ ਤੇ ਵਿਵੇਕਸਥਾਨ ਦੇ ਹਾਮੀ ਸਨ।ਜਿਨ੍ਹਾਂ ਨੇ ਸਾਨੂੰ ਆਪਣੇ ਹੱਕ ਲੈਣ ਵਾਸਤੇ ਪੜ੍ਹਨ ਦੀ ਹੋੜ ਪੈਦਾ ਕੀਤੀ ਤੇ ਪੜ੍ਹੀ ਲਿਖੀ ਕੌਮ ਬਣਾਈ।ਉਨ੍ਹਾਂ ਵੱਲੋਂ ਚਲਾਈਆਂ ਵਿੱਦਿਅਕ ਸੰਸਥਾਵਾਂ ਅੱਜ ਵੀ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਆਪਣੇ ਪੈਰ੍ਹਾਂ ਸਿਰ ਖੜ੍ਹੀਆਂ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਗੁਰਸਿੱਖੀ ਨਾਲ ਵੀ ਜੋੜ ਕੇ ਰੱਖ ਰਹੀਆਂ ਹਨ।ਸੰਤ ਅਤਰ ਸਿੰਘ ਜੀ ਅਮਰ ਹਨ, ਉਨ੍ਹਾਂ ਦੇ ਦਿਖਾਏ ਮਾਰਗ `ਤੇ ਚੱਲਣ ਵਾਲੀਆਂ ਸਖਸ਼ੀਅਤਾਂ ਦੇ ਦਿਲਾਂ ਵਿੱਚ ਉਨ੍ਹਾਂ ਦੀ ਰੂਹ ਮੌਜ਼ੂਦ ਹੈ, ਜਿਹੜੀ ਸਾਨੂੰ ਹਰ ਸਮੇਂ ਗੁਰਸਿੱਖੀ ਦੀ ਚੜ੍ਹਦੀ ਕਲਾ ਲਈ ਡਟੇ ਰਹਿਣ ਲਈ ਪ੍ਰੇਰਿਤ ਕਰਦੀ ਹੈ।ਉਨਾਂ ਕਿਹਾ ਕਿ ਸੰਤ ਅਤਰ ਸਿੰਘ ਜੀ ਦੀ ਸੋਚ ਅਨੁਸਾਰ ਸਿੱਖ ਕੌਮ ਨੂੰ ਹੋਰ ਜਿਆਦਾ ਚੜ੍ਹਦੀ ਕਲਾ ਵੱਲ ਲਿਜਾਣ ਲਈ ਸਾਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਪਵੇਗਾ।ਜਮਹੂਰੀਅਤ ਨੂੰ ਬਹਾਲ ਕਰਵਾਉਣਾ ਹੀ ਪਵੇਗਾ।ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ 12 ਫਰਵਰੀ ਨੂੰ ਫਤਹਿਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜਾ ਮੌਕੇ ਵੀ ਵੱਧ-ਚੜ੍ਹ ਕੇ ਸੰਗਤ ਨੂੰ ਪੁੱਜਣ ਦੀ ਅਪੀਲ ਕੀਤੀ।ਈਮਾਨ ਸਿੰਘ ਮਾਨ ਨੇ ਸਿਮਰਨਜੀਤ ਸਿੰਘ ਮਾਨ ਦੇ ਐਮ.ਪੀ ਕੋਟੇ ਵਿਚੋਂ ਪੰਜ ਲੱਖ ਰੁਪਏ ਵੀ ਸੰਸਥਾ ਨੂੰ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ ਮੈਂਬਰ ਤੇ ਹਲਕਾ ਲਹਿਰਾ ਦੇ ਇੰਚਾਰਜ ਬਹਾਦਰ ਸਿੰਘ ਭਸੌੜ, ਜਥੇਬੰਦਕ ਸਕੱਤਰ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਤੋਂ ਇਲਾਵਾ ਹਰਪ੍ਰੀਤ ਸਿੰਘ, ਸੁਖਚੈਨ ਸਿੰਘ, ਸੁਖਵਿੰਦਰ ਸਿੰਘ ਸਮੇਤ ਹੋਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ।
Punjab Post Daily Online Newspaper & Print Media