ਗੋਬਿੰਦਗੜ੍ਹ ਕਿਲ੍ਹੇ ‘ਚ ਡੈਲੀਗੇਟਾਂ ਲਈ ਰਾਤ ਦੇ ਖਾਣੇ ਦਾ ਕੀਤਾ ਪ੍ਰਬੰਧ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੀ-20 ਸੰਮੇਲਨ ਲਈ ਆਏ ਡੈਲੀਗੇਟਾਂ ਨੂੰ ਦੁਨੀਆਂ ਭਰ ਵਿੱਚ ਸੂਬੇ ਦੇ ਸ਼ਾਨਦਾਰ ਵਿਰਸੇ, ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਦੇ ਸਫ਼ੀਰ ਬਣਨ ਦਾ ਸੱਦਾ ਦਿੱਤਾ ਹੈ।
ਗੋਬਿੰਦਗੜ੍ਹ ਕਿਲ੍ਹੇ ਵਿੱਚ ਡੈਲੀਗੇਟਾਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਖ਼ੁਸ਼ਕਿਸਮਤ ਹੈ ਕਿ ਜੀ-20 ਸੰਮੇਲਨ ਦੌਰਾਨ ਸੂਬੇ ਵਿੱਚ ਇਨ੍ਹਾਂ ਪਤਵੰਤਿਆਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਫੇਰੀ ਦੌਰਾਨ ਆਏ ਹੋਏ ਪਤਵੰਤਿਆਂ ਦੀ ਠਹਿਰ ਆਰਾਮਦਾਇਕ ਰਹੀ ਹੋਵੇਗੀ ਅਤੇ ਉਨ੍ਹਾਂ ਨੇ ਸੂਬੇ ਦੀ ਨਿੱਘੀ ਮਹਿਮਾਨਨਿਵਾਜ਼ੀ ਦਾ ਆਨੰਦ ਮਾਣਿਆ ਹੋਵੇਗਾ।ਮਾਨ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ, ਪੀਰਾਂ ਅਤੇ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ।ਹਰੀ ਕ੍ਰਾਂਤੀ ਦੇ ਯੁੱਗ ਦੀ ਸ਼ੁਰੂਆਤ ਤੋਂ ਲੈ ਕੇ ਦੇਸ਼ ਦੀਆਂ ਸਰਹੱਦਾਂ ਦੀ ਬਹਾਦਰੀ ਨਾਲ ਰਾਖੀ ਕਰਨ ਤੱਕ ਪੰਜਾਬੀਆਂ ਨੇ ਹਲੀਮੀ ਨਾਲ ਦੇਸ਼ ਦੀ ਸੇਵਾ ਕਰਨ ‘ ਕੋਈ ਕਸਰ ਬਾਕੀ ਨਹੀਂ ਛੱਡੀ।ਉਨਾਂ ਨੇ ਡੈਲੀਗੇਟਾਂ ਦੱਸਿਆ ਕਿ ਗੁਰੂਆਂ ਤੇ ਪੀਰਾਂ ਦੀ ਵਰੋਸਾਈ ਇਸ ਧਰਤੀ ਨੇ ਕਈ ਬਹਾਦਰ ਪੁੱਤਰ ਪੈਦਾ ਕੀਤੇ ਹਨ, ਜਿਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਹਰ ਖੇਤਰ ਵਿੱਚ ਵੱਖਰਾ ਮੁਕਾਮ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਹੋਣ ਦੇ ਨਾਲ-ਨਾਲ ਪੰਜਾਬ ਨੂੰ ਕਈ ਨਾਮੀ ਉੱਦਮੀ ਅਤੇ ਉਦਯੋਗਪਤੀ ਪੈਦਾ ਕਰਨ ਦਾ ਵੀ ਮਾਣ ਹਾਸਲ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਆਪਣੇ ਉੱਦਮੀ ਹੁਨਰ ਅਤੇ ਸੂਝ-ਬੂਝ ਲਈ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਮਿਹਨਤੀ ਪੰਜਾਬੀਆਂ ਨੇ ਨਾ ਸਿਰਫ਼ ਆਪਣੇ ਸੂਬੇ ਤੇ ਦੇਸ਼, ਸਗੋਂ ਵਿਸ਼ਵ ਪੱਧਰ `ਤੇ ਸਮਾਜਿਕ ਆਰਥਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ।
ਉਨ੍ਹਾਂ ਆਸ ਪ੍ਰਗਟਾਈ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਲੋੜੀਂਦੇ ਨਤੀਜੇ ਸਾਹਮਣੇ ਆਏ ਹਨ ਅਤੇ ਡੈਲੀਗੇਟਾਂ ਨੇ ਸੂਬੇ ਦੀ ਨਿੱਘੀ ਮਹਿਮਾਨਨਿਵਾਜ਼ੀ ਦਾ ਆਨੰਦ ਮਾਣਿਆ ਹੈ।ਭਗਵੰਤ ਮਾਨ ਨੇ ਕਿਹਾ ਕਿ ਡੈਲੀਗੇਟ ਆਪਣੇ ਨਾਲ ਪੰਜਾਬ ਫੇਰੀ ਦੀਆਂ ਤਾਜ਼ੀਆਂ ਯਾਦਾਂ ਨਾਲ ਲੈ ਕੇ ਜਾਣਗੇ, ਜੋ ਜੀਵਨ ਭਰ ਉਨ੍ਹਾਂ ਦੇ ਸਫ਼ਰ ਦਾ ਹਿੱਸਾ ਰਹਿਣਗੀਆਂ।