Saturday, February 28, 2026

ਵਾਰੇ-ਵਾਰੇ ਜਾਈਏ ਸ਼ਰਧਾਂਜਲੀਆਂ ਭੇਟ ਕਰਨ ਵਾਲੇ ਬੁਲਾਰਿਆਂ ਦੇ—

ਮੂੰਹ ਆਈ ਗੱਲ (ਵਿਅੰਗ)

ਵੱਖ-ਵੱਖ ਸਮਾਗਮਾਂ ਅਨੁਸਾਰ ਬੋਲਣ ਵਾਲੇ ਬੁਲਾਰਿਆਂ ਦੀ ਗਿਣਤੀ ਕਰਨੀ ਤਾਂ ਬੜੀ ਭਾਰੀ ਹੈ, ਪਰ ਸ਼ਰਧਾ ਦੇ ਫੁੱਲ ਤੇ ਸ਼ਰਧਾਂਜਲੀਆਂ ਭੇਂਟ ਕਰਨ ਵਾਲਿਆਂ ਦੇ ਬੜੇ ਅਸਚਰਜ਼਼ ਕਿੱਸੇ ਸੁਣਨ ਤੇ ਵੇਖਣ ਨੂੰ ਮਿਲਦੇ ਹਨ।
ਹੋਇਆ ਇਸ ਤਰ੍ਹਾਂ ਕਿ ਨਿਮਾਣਾ ਸਿਹੁੰ ਦੇ ਇੱਕ ਸਾਥੀ ਦੀ ਪਤਨੀ ਸਵਰਗਵਾਸ ਹੋ ਗਈ।ਦੋਹਾਂ ਜੀਆਂ ਦਾ ਆਪਸ ਵਿੱਚ ਅਥਾਹ ਪਿਆਰ ਹੋਣ ਕਰਕੇ ਨਿਮਾਣੇ ਦੇ ਸਾਥੀ ਨੇ ਆਪਣੀ ਪਤਨੀ ਦੀ ਬਰਸੀ ਹਰ ਸਾਲ ਮਨਾਇਆ ਕਰਨੀ।ਸ਼ਰਧਾ ਦੇ ਫੁੱਲ ਤੇ ਸ਼ਰਧਾਂਜਲੀਆਂ ਭੇਟ ਕਰਨ ਵਾਲੇ ਸੱਜ-ਫੱਬ ਸਾਉਣ ਦੇ ਮਹੀਨੇ ਨਿਕਲਣ ਵਾਲ਼ੇ ਡੱਡੂਆਂ ਵਾਂਗ ਆਣ ਸਿਰੀਆਂ ਕੱਢਦੇ। ਨਿਮਾਣਾ ਵੀ ਇੱਕ ਸ਼ਰਧਾਂਜਲੀ ਸਮਾਗਮ ਵਿੱਚ ਹਾਜ਼ਰ ਸੀ।ਸਟੇਜ ਸਕੱਤਰ ਨੇ ਪੰਦਰਾਂ ਵੀਹ ਮਿੰਟ ਆਪਣੇ ਸੋਹਲੇ ਗਾਉਣ ਤੋਂ ਬਾਅਦ ਨਾਲ ਹੀ ਬੇਨਤੀ ਕੀਤੀ ਕਿ ਬੁਲਾਰਿਆਂ ਦੀ ਸੂਚੀ ਲੰਮੀ ਹੋਣ ਕਰਕੇ ਦੋ ਤਿੰਨ ਮਿੰਟ ਤੋਂ ਵੱਧ ਸਮਾਂ ਨਾ ਲਾਇਆ ਜਾਵੇ।ਫਿਰ ਉਸ ਨੇ ਪਹਿਲੇ ਬੁਲਾਰੇ ਨੂੰ ਸੱਦਾ ਦਿੱਤਾ।ਉਹ ਉਦਾਸੀ ਭਰਿਆ ਮੂੰਹ ਬਣਾ ਕੇ ਬੋਲਿਆ “ਵੇਖੋ ਜੀ!, ਜਾਣਾ ਤੇ ਦੁਨੀਆਂ ਤੋਂ ਸਾਰਿਆਂ ਨੇ ਹੈ, ਪਰ ਆਪਣੀ ਪਤਨੀ ਦੀ ਬਰਸੀ ਮਨਾਉਣ ਦਾ ਸੁਭਾਗ ਬਹੁਤ ਘੱਟ ਲੋਕਾਂ ਨੂੰ ਪ੍ਰਾਪਤ ਹੁੰਦਾ।ਸੰਸਾਰ ਵਿੱਚ ਇਹਨਾਂ ਵਰਗੇ ਕਰਮਾਂ-ਭਾਗਾਂ ਵਾਲੇ ਬਹੁਤ ਘੱਟ ਲੋਕ ਹਨ।ਜਿਹੜੇ ਆਪਣੀਆਂ ਪਤਨੀਆਂ ਦੀਆਂ ਬਰਸੀਆਂ ਮਨਾਉਂਦੇ ਹਨ।ਪਰਮਾਤਮਾ ਇਨ੍ਹਾਂ ਨੂੰ ਤੰਦਰੁਸਤੀ ਬਖਸ਼ੇ ਤੇ ਇਹ ਹਰ ਸਾਲ ਆਪਣੀ ਪਤਨੀ ਦੀ ਬਰਸੀ ਇਸੇ ਤਰ੍ਹਾਂ ਮਨਾਉਂਦੇ ਰਹਿਣ।ਆਓ ਪ੍ਰਣ ਕਰੀਏ ਕਿ ਅਸੀਂ ਵੀ ਇਹਨਾਂ ਦੇ ਪਾਏ ਪੂਰਨਿਆਂ ‘ਤੇ ਚੱਲਣ ਯੋਗ ਹੋਈਏ।” ਨਿਮਾਣਾ ਵਿਸ਼ਲੇਸ਼ਣ ਕਰਦਾ ਸੋਚਦਾ ਕਿ ਇਹ ਬੁਲਾਰਾ ਬੋਲ ਕੀ ਗਿਆ? ਪਰ ਤੁਰੰਤ ਸਟੇਜ ਸਕੱਤਰ ਨੇ ਬੁਲਾਰੇ ਦੀ ਸਿਫ਼ਤ ਕਰਦਾ ਇਕ ਸ਼ੇਅਰ ਸੁਣਾ ਕੇ ਨਿਮਾਣੇ ਦੀ ਸੋਚ ਦਾ ਰੁਖ਼ ਬਦਲ ਦਿੱਤਾ।ਇੱਕ ਹੋਰ ਬੁਲਾਰੇ ਨੇ ਸ਼ਰਧਾਂਜਲੀ ਸਮਾਗਮ ਨਾਲੋਂ ਹਟ ਕੇ ਹੀ ਕੋਈ ਵੱਖਰੀ ਜਿਹੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ।ਜਿਸ ਦਾ ਸਮਾਗਮ ਨਾਲ ਕੋਈ ਲੈਣ-ਦੇਣ ਨਹੀਂ ਸੀ।ਬੋਲਣ ਵਾਲਾ ਪਤਾ ਨਹੀਂ ਕਿਹੜਾ ਰਾਗ ਅਲਾਪਦਾ ਰਿਹਾ।ਭਾਰਤ-ਪਾਕਿ ਵੰਡ ਦੇ ਸਮੇਂ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰ ਗਿਆ।ਸਟੇਜ ਸਕੱਤਰ ਹਰ ਵਾਰ ਆਪਣੇ ਆਪ ਨੂੰ ਨਾਚੀਜ਼ ਜਿਹਾ ਕਹਿ ਕਿ ਬੁਲਾਰੇ ਦੇ ਪੁਲ ਬੰਨ੍ਹ 10 ਮਿੰਟ ਖਾ ਜਾਂਦਾ।
ਨਵਾਂ ਬੁਲਾਰਾ ਕਿਸੇ ਯੂਨੀਅਨ ਦਾ ਲੀਡਰ ਜਾਪਦਾ ਸੀ ਉਹ ਆਪਣੀ ਯੂਨੀਅਨ ਦੀਆਂ ਪਿਛਲੀਆਂ 50 ਸਾਲ ਪੁਰਾਣੀਆਂ ਗੱਲਾਂ ਤੇ ਪ੍ਰਾਪਤੀਆਂ ਦੀ ਝੜੀ ਲਾ ਬੈਠਾ।ਧਰਨਿਆਂ ਤੋਂ ਜੇਲ੍ਹਾਂ ਦੀਆਂ ਕਹਾਣੀਆਂ ਸੁਣਾਉਣ ਤੋਂ ਬਾਅਦ ਇਕ ਸਤਰ ਬੋਲੀ, ਮੈਂ ਆਪਣੇ ਤੇ ਆਪਣੀ ਪਾਰਟੀ ਵਲੋਂ ਇਹਨਾਂ ਦੀ ਪਤਨੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ।ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ `ਚ ਨਿਵਾਸ ਬਖਸ਼ਣ।ਇਹ ਬੋਲ ਸੁਣ ਕੇ ਤਾਂ ਨਿਮਾਣੇ ਦੀ ਰੂਹ ਝੰਜੋੜੀ ਗਈ ਜਦੋਂ ਬੁਲਾਰਾ ਉਹਨਾਂ ਦੀ ਥਾਂ ਇਹਨਾਂ ਬੋਲ ਗਿਆ।ਇਕ ਬੁਲਾਰੇ ਨੇ ਤਾਂ ਰੰਗ ਹੀ ਲਾ ਦਿੱਤਾ।ਕਹਿਣ ਲੱਗਾ, ਕਿ ਇਹੋ ਜਿਹੇ ਪਤੀ ਰੱਬ ਸਾਰਿਆਂ ਨੂੰ ਦੇਵੇ ਜਿਹੜੇ ਆਪਣੀ ਪਤਨੀ ਨੂੰ ਦੁਨੀਆਂ ਤੋਂ ਤੁਰ ਜਾਣ ਬਾਅਦ ਵੀ ਸਾਲ ਬਾਅਦ ਸਮਾਗਮ ਕਰਵਾ ਕੇ ਯਾਦ ਕਰਦੇ ਰਹਿੰਦੇ ਹਨ।ਉਹ ਪਤੀ ਸੱਚੀਂ-ਮੁੱਚੀ ਵਧਾਈ ਦੇ ਪਾਤਰ ਹਨ, ਜਿਹੜੇ ਆਪਣੀਆਂ ਪਤਨੀਆਂ ਦੀ ਯਾਦ `ਚ ਸਮਾਗਮ ਕਰਵਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ, ਉਹਨਾਂ ਨੂੰ ਮੁਬਾਰਕਬਾਦ।ਆਓ ਅੱਜ ਪ੍ਰਣ ਕਰੀਏ ਕਿ ਅਸੀਂ ਵੀ ਇਹਨਾਂ ਦੇ ਨਕਸ਼ੇ ਕਦਮਾਂ `ਤੇ ਚੱਲਾਂ-ਗੇ।ਬੁਲਾਰੇ ਤਾਂ ਬੋਲਣ ਵਾਲੇ ਬਹੁਤ ਸਨ, ਪਰ ਸਮੇਂ ਦੀ ਘਾਟ ਤੇ ਰੋਟੀ ਲੱਗ ਜਾਣ ਕਾਰਨ ਉਹ ਵਿਸ ਘੋਲਣ ਲੱਗੇ।ਲੋਕ ਪੰਡਾਲ ਵਿਚੋਂ ਉੱਠਣੇ ਸ਼ੁਰੂ ਹੋ ਗਏ।ਸਟੇਜ ਸਕੱਤਰ ਵਲੋਂ ਰਹਿ ਗਏ ਬੁਲਾਰਿਆਂ ਕੋਲੋਂ ਮਾਫ਼ੀ ਮੰਗਦਿਆਂ ਉਹਨਾਂ ਨੁੰ ਆਉਂਦੇ ਸਾਲ ਪਹਿਲ ਦੇ ਅਧਾਰ `ਤੇ ਬੋਲਣ ਦਾ ਮੌਕਾ ਦੇਣ ਦਾ ਵਾਅਦਾ ਕਰਦਿਆਂ ਸਮਾਗਮ ਨੂੰ ਸਮਾਪਤ ਕਰ ਦਿੱਤਾ।ਨਿਮਾਣਾ ਰੋਟੀ ਖਾਣ ਤੋਂ ਬਾਅਦ ਸਾਇਕਲ ਦੇ ਪੈਡਲ ਮਾਰਦਾ ਘਰ ਨੂੰ ਆਉਂਦਾ ਸੋਚਦਾ ਕਿ ਇਹਨਾਂ ਕਿਹੋ ਜਿਹੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ।ਸ਼ਰਧਾਂਜਲੀਆਂ ਸੁਣ ਕੇ ਨਿਮਾਣੇ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਗਹਿਰੀ ਸੋਚ ਵਾਲ਼ੇ ਹਾਜ਼ਰੀਨ ਨੂੰ ਅੰਦਰੋ-ਅੰਦਰੀ ਕੋਈ ਅਜ਼ੀਬੋ ਗਰੀਬ ਜਿਹਾ ਭੈਅ ਤੇ ਇੱਕ ਵੱਖਰੀ ਜਿਹੀ ਕਿਸਮ ਦੀ ਚਿੰਤਾ ਲੱਗਣੀ ਸ਼ੁਰੂ ਹੋ ਗਈ ਹੋਵੇ—।3004202302

ਸੁਖਬੀਰ ਸਿੰਘ ਖੁਰਮਣੀਆਂ
ਛੇਹਰਟਾ, ਅੰਮ੍ਰਿਤਸਰ।
ਮੋ -9855512677

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …