Monday, December 23, 2024

ਬੀ.ਆਰ.ਟੀ.ਐਸ ਦਾ ਰੂਟ ਹਵਾਈ ਅੱਡੇ ਤੱਕ ਵਧਾਇਆ ਜਾਵੇਗਾ- ਔਜਲਾ

ਵਿਕਾਸ ਕਾਰਜ਼ਾਂ ਵਿੱਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਕੰਵਰ ਵਿਜੈ ਪ੍ਰਤਾਪ ਸਿੰਘ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਬੀ.ਆਰ.ਟੀ.ਐਸ ਬੱਸ ਦੀ ਗਿਣਤੀ ਹੋਰ ਵਧਾਈ ਜਾਵੇਗੀ ਅਤੇ ਇਸ ਦਾ ਰੂਟ ਅੰਮ੍ਰਿਤਸਰ ਬੱਸ ਸਟੈਂਡ ਤੋਂ ਹਵਾਈ ਅੱਡੇ ਤੱਕ ਕੀਤਾ ਜਾਵੇਗਾ।ਇਹ ਬੱਸ ਰਸਤੇ ਵਿੱਚ ਹੋਰ ਕਿਤੇ ਵੀ ਨਹੀਂ ਰੁਕੇਗੀ, ਸਿੱਧਾ ਹਵਾਈ ਅੱਡੇ ਹੀ ਪਹੁੰਚੇਗੀ।
ਗੁਰਜੀਤ ਸਿੰਘ ਔਜਲਾ ਮੈਂਬਰ ਲੋਕ ਸਭਾ ਨੇ ਅੱਜ ਵਿਕਾਸ ਕੰਮਾਂ ਦਾ ਰੀਵਿਊ ਕਰਨ ਲਈ ਜਿਲ੍ਹਾ ਵਿਕਾਸ ਤੇ ਕੁਆਰਡੀਨੇਸ਼ਨ ਅਤੇ ਮੁਲਾਂਕਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਪ੍ਰਗਟਾਵਾ ਕੀਤਾ।ਉਨਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਅਤੇ ਕੂੜੇ ਦੀ ਸਮੱਸਿਆ ਦਾ ਠੋਸ ਹੱਲ ਕੀਤਾ ਜਾਵੇਗਾ।ਡੰਪ ਵਾਲੇ ਸਥਾਨ ’ਤੇ ਹੋਰ ਨਵੀਂ ਮਸ਼ੀਨਰੀ ਲਗਾਈ ਜਾ ਰਹੀ ਹੈ ਤਾਂ ਜੋ ਕੂੜੇ ਦੀ ਸਮੱਸਿਆ ਤੋਂ ਨਿਜ਼ਾਤ ਮਿਲ ਸਕੇ।ਉਨ੍ਹਾਂ ਕਿਹਾ ਸ਼ਹਿਰ ਵਿੱਚ ਲੋਕਾਂ ਨੂੰ ਸਵੱਛ ਪਾਣੀ ਮੁਹੱਈਆ ਕਰਵਾਉਣ ਲਈ ਨਵੀਂ ਪਾਈਪ ਲਾਈਨ ਵਿਛਾਈ ਜਾ ਰਹੀ ਹੈ ਅਤੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ਹਿਰ ਵਿੱਚ ਸੀ.ਸੀ.ਟੀ.ਵੀ ਕੈਮਰੇ ਪਬਲਿਕ ਐਡਰੈਸ ਸਿਸਟਮ ਵੀ ਲਗਾਇਆ ਜਾ ਰਿਹਾ ਹੈ।ਔਜਲਾ ਨੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿੰਨੇ ਵੀ ਅੰਡਰਪਾਸ ਬਣਾਏ ਜਾ ਰਹੇ ਹਨ, ਉਹ 5.5 ਮੀਟਰ ਦੇ ਹੋਣ ਤਾਂ ਜੋ ਲੋਕਾਂ ਮੁਸ਼ਕਲ ਪੇਸ਼ ਨਾ ਆਵੇ।ਉਨਾਂ ਦੱਸਿਆ ਕਿ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੇ ਅੰਮ੍ਰਿਤਸਰ ਦੌਰੇ ਦੌਰਾਨ ਨੈਸ਼ਨਲ ਹਾਈਵੇ ਦੇ ਮੁੱਦੇ ਹਨ, ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਜਾਣਗੇ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਕੰੁਵਰ ਵਿਜੈ ਪ੍ਰਤਾਪ ਸਿੰਘ ਨੇ ਸਾਰੇ ਅਧਿਕਾਰੀਆਂ ਕੋਲ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਜਾਇਜ਼ਾ ਲਿਆ।ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ 2842 ਕੇਸ ਪ੍ਰਾਪਤ ਹੋਏ ਸਨ, ਜਿੰਨਾਂ ਦੇ ਲਾਭਪਾਤਰੀਆਂ ਨੂੰ 15 ਕਰੋੜ 27 ਲੱਖ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ ਅਤੇ 298 ਹੋਰ ਕੇਸ ਪ੍ਰਵਾਨਗੀ ਲਈ ਭੇਜੇ ਗਏ ਹਨ।ਉਨਾਂ ਅਧਿਕਾਰਅਿਾਂ ਨੂੰ ਕਿਹਾ ਕਿ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਇਸ ਸਬੰਧੀ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।ਸ਼ਹਿਰ ਵਿੱਚ ਕੂੜੇ ਦੀ ਲਿਫਟਿੰਗ ਨੂੰ ਵਧਾਉਣ ਲਈ ਹੋਰ ਨਵੀਂਆਂ ਗੱਡੀਆਂ ਸਬੰਧਤ ਕੰਪਨੀ ਵੱਲੋਂ ਲਗਾਈਆਂ ਜਾ ਰਹੀਆਂ ਹਨ ਅਤੇ ਡੰਪ ਵਾਲੇ ਸਥਾਨ ਤੇ ਬਾਇਓ ਰੈਮੀਡੇਸ਼ਨ ਪਲਾਂਟ ਵੀ ਵਧੀਆ ਕੰਮ ਕਰ ਰਿਹਾ ਹੈ।
ਵਿਧਾਇਕ ਕੰੁਵਰ ਵਿਜੈ ਪ੍ਰਤਾਪ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਮੀਟਿੰਗ ਦੌਰਾਨ ਨੈਸ਼ਨਲ ਹੈਲਥ ਮਿਸ਼ਨ, ਸਵੱਛ ਭਾਰਤ ਮਿਸ਼ਨ, ਆਜੀਵਕਾ ਮਿਸ਼ਨ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਸਾਇਲ ਹੈਲਥ ਕਾਰਡ, ਨੈਸ਼ਨਲ ਰੂਰਲ ਡਰਿੰਕਿੰਗ ਵਾਟਰ ਪ੍ਰੋਗਰਾਮ, ਬੇਟੀ ਬਚਾਓ-ਬੇਟੀ ਪੜਾਓ ਅਤੇ ਹੋਰ ਵੱਖ-ਵੱਖ ਚੱਲ ਰਹੀਆਂ ਸਕੀਮਾਂ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਵਿੰਦਰ ਸਿੰਘ, ਸਿਵਲ ਸਰਜਨ ਡਾ: ਚਰਨਜੀਤ ਸਿੰਘ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀਮਤੀ ਨਵਨੀਤ ਕੌਰ, ਪੁਲਿਸ ਅਧਿਕਾਰੀ ਜੁਗਰਾਜ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …