Saturday, September 21, 2024

ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣਗੇ ਯੋਗ ਪ੍ਰਬੰਧ -ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ) – ਆਗਾਮੀ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵਲੋਂ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਕਿਸੇ ਵੀ ਤਰਾਂ ਦੀ ਸਥਿਤੀ ਨਾਲ ਨਿਜੱਠਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਤਲਵਾੜ ਨੇ ਕਿਹਾ ਕਿ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਯੋਗ ਪ੍ਰਬੰਧ ਕੀਤੇ ਜਾਣ ਅਤੇ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਹੀ ਸਮਾਨ ਦੀ ਖਰੀਦੋ ਫਰੋਖਤ ਕਰ ਲਈ ਜਾਵੇ ਤਾਂ ਜੋ ਲੋੜ ਪੈਣ ਤੇ ਕੋਈ ਮੁਸ਼ਕਲ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ‘ਤੇ ਜਿਲ੍ਹਾ ਪੱਧਰ ਅਤੇ ਸਬ ਡਵੀਜਨ ਪੱਧਰ ‘ਤੇ ਫਲੱਡ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ।ਜਿਲ੍ਹਾ ਪੱਧਰੀ ਕੰਟਰੋਲ ਰੂਮ ਦਾ ਨੰਬਰ 0183-2229125, ਤਹਿਸੀਲ ਅਜਨਾਲਾ ਦੇ ਹੜ੍ਹ ਕੰਟਰੋਲ ਰੂਮ ਦਾ ਨੰਬਰ 01858-221102 ਅਤੇ ਲੋਪੋਕੇ ਵਿਖੇ ਸਥਾਪਿਤ ਹੜ੍ਹ ਕੰਟਰੋਲ ਰੂਮ ਦਾ ਨੰਬਰ 01858-299059 ਦਿੱਤਾ ਗਿਆ ਹੈ।ਡਿਪਟੀ ਕਮਿਸ਼ਨਰ ਤਲਵਾੜ ਨੇ ਹਦਾਇਤ ਕੀਤੀ ਕਿ ਫਲੱਡ ਕੰਟਰੋਲ ਰੂਮ ਵਿੱਚ ਯੋਗ ਕਰਮਚਾਰੀਆਂ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਜਰੂਰਤ ਪੈਣ ਤੇ ਇਹ ਕਰਮਚਾਰੀ ਸਬੰਧਤ ਅਧਿਕਾਰੀ ਦੇ ਧਿਆਨ ਵਿੱਚ ਮੁਸ਼ਕਲ ਨੂੰ ਲਿਆ ਕੇ ਉਸ ਨੂੰ ਦੂਰ ਕੀਤਾ ਜਾ ਸਕੇ।ਉਨ੍ਹਾਂ ਜਿਲ੍ਹਾ ਮੰਡੀ ਅਫਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਹੜ੍ਹਾਂ ਦੀ ਸਥਿਤੀ ਵਿੱਚ ਮੰਡੀਆਂ ਦੀ ਸਾਫ ਸਫਾਈ ਦਾ ਪ੍ਰਬੰਧ ਕੀਤਾ ਜਾਵੇ।ਡਿਪਟੀ ਕਮਿਸ਼ਨਰ ਨੇ ਰਾਵੀ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ ਅਧਿਕਾਰੀਆਂ ਦੀਆਂ ਪਿੰਡ ਪੱਧਰ ‘ਤੇ ਡਿਊਟੀਆਂ ਲਗਾਉਣ, ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣ, ਉਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰਨ ਅਤੇ ਪਸ਼ੂਆਂ ਦੇ ਚਾਰੇ ਆਦਿ ਦਾ ਪ੍ਰਬੰਧ ਕਰਨ ਲਈ ਤਿਆਰ ਰਹਿਣ ਵਾਸਤੇ ਵੀ ਕਿਹਾ।ਤਲਵਾੜ ਨੇ ਕਿਹਾ ਕਿ ਉਹ ਵੱਖ-ਵੱਖ ਵਿਭਾਗਾਂ ਵਲੋਂ ਕਰਵਾਏ ਜਾ ਰਹੇ ਪ੍ਰਬੰਧਾਂ ਦਾ ਖੁਦ ਮੌਕੇ ‘ਤੇ ਜਾ ਕੇ ਨਿਰੀਖਣ ਕਰਨਗੇ ਅਤੇ ਕਿਸੇ ਵੀ ਕੰਮ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡਾਂ ਅਨੁਸਾਰ ਗੋਤਾਖੋਰਾਂ ਦੀਆਂ ਲਿਸਟਾਂ ਵੀ ਬਣਾ ਲਈਆਂ ਜਾਣ ਤਾਂ ਜੋ ਲੋੜ ਪੈਣ ਉਨ੍ਹਾਂ ਦੀ ਮਦਦ ਲਈ ਜਾ ਸਕੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਰੇਨਾਂ ਅਤੇ ਨਾਲਿਆਂ ਦੀ ਕੀਤੀ ਜਾ ਰਹੀ ਸਫਾਈ ਕੇਵਲ ਖਾਨਾਪੂਰਤੀ ਨਾ ਹੋਵੇ, ਇਸ ਲਈ ਸਬੰਧਤ ਵਿਭਾਗ ਠੇਕੇਦਾਰਾਂ ਉਤੇ ਬਰਾਬਰ ਨਿਗ੍ਹਾ ਰੱਖਣ।ਉਨਾਂ ਕਿਹਾ ਕਿ ਉਕਤ ਕੰਮ ਜੇਕਰ ਧਿਆਨ ਨਾਲ ਕਰ ਦਿੱਤਾ ਜਾਵੇ ਤਾਂ ਹੜ੍ਹਾਂ ਨਾਲ ਹੋਣ ਵਾਲਾ ਵੱਡਾ ਖ਼ਤਰਾ ਟਾਲਿਆ ਜਾ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਐਸ.ਡੀ.ਐਮ ਅਰਵਿੰਦਰਪਾਲ ਸਿੰਘ ਅਜਨਾਲਾ, ਸ੍ਰੀਮਤੀ ਅਲਕਾ ਕਾਲੀਆ ਬਾਬਾ ਬਕਾਲਾ, ਸ੍ਰੀਮਤੀ ਹਰਨੂਰ ਢਿਲੋਂ ਮਜੀਠਾ, ਰਾਜੇਸ਼ ਸ਼ਰਮਾ ਲੋਪੋਕੇ, ਜਿਲ੍ਹਾ ਮਾਲ ਅਫਸਰ ਰਾਮ ਕਿਸ਼ਨ, ਐ.ਸੀ ਇੰਦਰਜੀਤ ਸਿੰਘ, ਜਿਲ੍ਹਾ ਮੰਡੀ ਅਫਸਰ ਅਮਨਦੀਪ ਸਿੰਘ, ਤਹਿਸੀਲਦਾਰ ਬੀਰਕਰਨ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …