Sunday, May 25, 2025
Breaking News

ਐਕਸ਼ਨ ਡਰਾਮਾ ਪੰਜਾਬੀ ਫ਼ਿਲਮ `ਜੂਨੀਅਰ` ਦਾ ਹੀਰੋ ਅਮੀਕ ਵਿਰਕ

ਪੰਜਾਬੀ ਫਿਲਮਾਂ ਦੇ ਨਿਰਮਾਣ ਖੇਤਰ `ਚ ਆਪਣੀਆਂ ਵਿਲੱਖਣ ਪੈੜ੍ਹਾਂ ਪਾਉਣ ਵਾਲੀ ਪ੍ਰਭਾਵਸ਼ਾਲੀ ਸਖ਼ਸੀਅਤ ਅਮੀਕ ਵਿਰਕ ਇੱਕ ਨਾਮੀ ਨਿਰਮਾਤਾ ਹਨ ਜਿਨਾਂ੍ਹ ਨੇ ਬਤੌਰ ਨਿਰਮਾਤਾ ‘ਬੰਬੂਕਾਟ’, ‘ਲਹੌਰੀਏ’, ‘ਭਲਵਾਨ ਸਿੰਘ’, ‘ਅਫਸਰ’, ‘ਵੇਖ ਬਰਾਤਾਂ ਚੱਲੀਆਂ’ ਅਤੇ ‘ਗੋਲਕ ਬੁਗਨੀ ਬੈਂਕ ਤੇ ਬਟੂਆ-1’ ਵਰਗੀਆਂ ਸ਼ਾਨਦਾਰ ਫ਼ਿਲਮਾਂ ਦਾ ਨਿਰਮਾਣ ਕਰਕੇ ਪੰਜਾਬੀ ਸਿਨਮੇ ਦਾ ਮਾਣ ਵਧਾਇਆ ਹੈ।ਪੰਜਾਬੀ ਦਰਸ਼ਕਾਂ ਦੀ ਨਬਜ਼ ਟੋਹ ਕੇ ਫਿਲਮਾਂ ਬਣਾਉਣ ਵਾਲੇ ਅਮੀਕ ਵਿਰਕ ਹੁਣ ਬਤੌਰ ਅਦਾਕਾਰ ਵੀ ਸਰਗਰਮ ਹੋ ਚੁੱਕੇ ਹਨ।ਬੀਤੇ ਦਿਨੀਂ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਮੌੜ’ ਵਿੱਚ ਅੰਗਰੇਜ਼ ਪੁਲਿਸ ਅਫ਼ਸਰ ‘ਬਰਟਨ’ ਦਾ ਦਮਦਾਰ ਕਿਰਦਾਰ ਨਿਭਾ ਕੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਅਮੀਕ ਵਿਰਕ ਹੁਣ ਬਤੌਰ ਹੀਰੋ ਪੰਜਾਬੀ ਫ਼ਿਲਮ ‘ਜੂਨੀਅਰ’ ਵਿੱਚ ਨਜ਼ਰ ਆਉਣਗੇ।ਅਗਲੇ ਮਹੀਨੇ ਸਿਨੇਮਾਘਰਾਂ ਦਾ ਸ਼ਿੰਗਾਰ ਬਨਣ ਜਾ ਰਹੀ ਹੈ ਇਸ ਫ਼ਿਲਮ ਬਾਰੇ ਅਮੀਕ ਦੱਸਦੇ ਹਨ ਕਿ ਇਸ ਫ਼ਿਲਮ ਨੂੰ ਬਣਨ ਵਿੱਚ ਭਾਵੇਂ ਦੋ ਸਾਲ ਲੱਗੇ ਹਨ, ਪਰ ਇਸ ਦੀ ਤਿਆਰੀ ਉਹ ਕਈ ਸਾਲਾਂ ਤੋਂ ਕਰ ਰਹੇ ਹਨ ਅਤੇ ਇਹ ਪੰਜਾਬੀ ਦੀ ਪਹਿਲੀ ਐਕਸ਼ਨ ਡਰਾਮਾ ਫ਼ਿਲਮ ਹੈ ਜੋ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਹੈ ਅਤੇ ਭਾਰਤ ਸਮੇਤ ਤਿੰਨ ਵੱਖ-ਵੱਖ ਮੁਲਕਾਂ ਵਿੱਚ ਫਿਲਮਾਈ ਗਈ ਹੈ।ਖੂਬਸੂਰਤ ਸ਼ਹਿਰ ਚੰਡੀਗੜ੍ਹ ਦੇ ਜ਼ੰਮਪਲ ਤੇ ਚੰਡੀਗੜ੍ਹ ਸਮੇਤ ਅਸਟਰੇਲੀਆ ਤੋਂ ਐਨੀਮੇਸ਼ਨ ਤੇ ਮਲਟੀਮੀਡੀਆ ਦੀ ਪੜਾਈ ਕਰਨ ਵਾਲੇ ਅਮੀਕ ਵਿਰਕ ਦਾ ਮੁੱਢ ਤੋਂ ਹੀ ਝੁਕਾਅ ਸਿਨਮਾ ਵੱਲ ਸੀ।ਉਹ ਦੱਸਦੇ ਹਨ ਕਿ ਉਹਨਾਂ ਦਾ ਨਾਨਕਾ ਪਰਿਵਾਰ ਕਲਾ ਨਾਲ ਸਬੰਧ ਰੱਖਦਾ ਹੈ, ਉਥੋਂ ਉਸਨੂੰ ਵੀ ਪਹਿਲਾਂ ਪੇਂਟਿੰਗ ਤੇ ਫਿਰ ਅਦਾਕਾਰੀ ਦੀ ਚੇਟਕ ਲੱਗੀ।ਉਸ ਨੇ ਆਪਣੇ ਪਰਿਵਾਰ ਕਾਰੋਬਾਰ ਦੀ ਥਾਂ ਫ਼ਿਲਮ ਜਗਤ ਵਿੱਚ ਕੰਮ ਕਰਨ ਨੂੰ ਪਹਿਲ ਦਿੱਤੀ।
ਬਤੌਰ ਅਦਾਕਾਰ ਆਪਣੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਮੀਕ ਵਿਰਕ ਨੇ ਇਸ ਇੰਡਸਟਰੀ ਨੂੰ ਸਮਝਿਆ ਅਤੇ ਆਪਣਾ ਪ੍ਰੋਡਕਸ਼ਨ “ਨਦਰ ਫਿਲਮਸ” ਦੇ ਬੈਨਰ ਹੇਠ ਬਤੌਰ ਪ੍ਰੋਡਿਊਸਰ ਅੱਧੀ ਦਰਜਨ ਤੋਂ ਵੱਧ ਫਿਲਮਾਂ ਦਾ ਨਿਰਮਾਣ ਕੀਤਾ।ਅਮੀਕ ਦੱਸਦੇ ਹਨ ਕਿ ਕਰੋਨਾ ਕਾਲ ਦੌਰਾਨ ਉਹਨਾਂ ਇਸ ਫ਼ਿਲਮ ਦੀ ਕਹਾਣੀ ਖੁਦ ਲਿਖੀ ਸੀ, ਇਸ ਫ਼ਿਲਮ ਉਹਨਾਂ ਨੂੰ ਅਜਿਹਾ ਹੀਰੋ ਚਾਹੀਦਾ ਸੀ, ਜੋ ਖੁਦ ਨੂੰ ਫ਼ਿਲਮ ਦੇ ਕਿਰਦਾਰ ਵਿੱਚ ਢਾਲਣ ਲਈ ਸਮਾਂ ਦੇ ਸਕੇ ਅਤੇ ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਿਕ ਤੌਰ ‘ਤੇ ਤਿਆਰ ਕਰ ਸਕੇ।ਫਿਲਮ ਇੰਡਸਟਰੀ ਦੇ ਕੁੱਝ ਦੋਸਤਾਂ ਦੀ ਸਲਾਹ ਤੋਂ ਬਾਅਦ ਉਹਨਾਂ ਖੁਦ ਇਹ ਕਿਰਦਾਰ ਨਿਭਾਉਣ ਦਾ ਫੈਸਲਾ ਲਿਆ।ਕਹਾਣੀ ਦੀ ਮੰਗ ਮੁਤਾਬਿਕ ਉਹਨਾਂ ਕਰੀਬ ਦੋ ਸਾਲ ਲਗਾਤਾਰ ਮਿਹਨਤ ਕੀਤੀ ਅਤੇ ਖਦ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤਿਆਰ ਕੀਤਾ।ਨੌਜਵਾਨ ਨਿਰਦੇਸ਼ਕ ਹਰਮਨ ਢਿੱਲੋਂ ਦੀ ਡਾਇਰੈਕਟ ਕੀਤੀ ਇਸ ਫ਼ਿਲਮ ਵਿੱਚ ਉਹ ਅਜਿਹੇ ਨੌਜਵਾਨ ਦਾ ਕਿਰਦਾਰ ਨਿਭਾਅ ਰਹੇ, ਜੋ ਕਿਸੇ ਵੇਲੇ ਕਰਾਈਮ ਦੀ ਦੁਨੀਆ ਦਾ ਹਿੱਸਾ ਸੀ।ਆਮ ਨਾਗਰਿਕ ਵਾਲੀ ਜ਼ਿੰਦਗੀ ਜਿਓਂ ਰਹੇ ਇਸ ਨੌਜਵਾਨ ਦੀ ਜ਼ਿੰਦਗੀ ਵਿੱਚ ਉਦੋਂ ਤਰਥੱਲੀ ਮੱਚਦੀ ਹੈ, ਜਦੋਂ ਉਸ ਦੀ ਬੱਚੀ ਗਲਤੀ ਨਾਲ ਕੁੱਝ ਗੈਂਗਸਟਰਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦੀ ਹੈ।ਅਮੀਕ ਮੁਤਾਬਕ ਉਹਨਾਂ ਦੀ ਇਹ ਫਿਲਮ ਆਮ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਹੈ।
ਫ਼ਿਲਮ ਦੀ ਸਾਰੀ ਦੀ ਸਾਰੀ ਤਕਨੀਕੀ ਟੀਮ ਸਾਊਥ ਸਿਨਮਾ ਤੇ ਹਾਲੀਵੁੱਡ ਨਾਲ ਸਬੰਧਿਤ ਹੈ।ਅਮੀਕ ਮੁਤਾਬਕ ਜਿਸ ਤਰ੍ਹਾਂ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ, ਉਸੇ ਤਰ੍ਹਾਂ ਫ਼ਿਲਮ ਦਾ ਟ੍ਰੇਲਰ ਆਉਣ ਤੋਂ ਬਾਅਦ ਉਹਨਾਂ ਨੂੰ ਫ਼ਿਲਮ ਬਾਰੇ ਜ਼ਿਆਦਾ ਕੁੱਝ ਬੋਲਣ ਦੀ ਜ਼ਰੂਰਤ ਨਹੀਂ।ਅਮੀਕ ਮੁਤਾਬਿਕ ਇਹ ਫਿਲਮ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਰਿਸਕ ਹੈ, ਪਰ ਪੰਜਾਬੀ ਸਿਨਮਾ ਨੂੰ ਰਵਾਇਤੀ ਚੱਕਰ ਵਿਚੋਂ ਕੱਢਣ ਲਈ ਅਜਿਹੇ ਰਿਸਕ ਲੈਣੇ ਜ਼ਰੂਰੀ ਹੋ ਗਏ ਹਨ।ਅੱਜ ਦੇ ਦੌਰ ਵਿੱਚ ਤੁਸੀਂ ਦਰਸ਼ਕਾਂ ਨੂੰ ਕੁੱਝ ਵੱਖਰਾ ਕਰਕੇ ਹੀ ਸਿਨਮਾ ਤੱਕ ਲੈ ਕੇ ਆ ਸਕਦੇ ਹੋ।ਇਹ ਫਿਲਮ ਪੰਜਾਬੀ ਦਰਸ਼ਕਾਂ ਦੇ ਤੇਜ਼ੀ ਨਾਲ ਬਦਲ ਰਹੇ ਸਿਨੇਮਾ ਰੁਝਾਨ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ।0108202301

ਜਿੰਦ ਜਵੰਦਾ
ਮੋ – 9779591482

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …