Friday, November 22, 2024

ਨੈਸ਼ਨਲ ਹਾਈਵੇ ਲਈ ਅਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਦੇ ਕੇਸਾਂ ਦਾ ਜਲਦ ਹੋਵੇਗਾ ਹੱਲ- ਸਭਰਵਾਲ

ਅੰਮ੍ਰਿਤਸਰ, 17 ਅਗਸਤ (ਸੁਖਬੀਰ ਸਿੰਘ) – ਨੈਸ਼ਨਲ ਹਾਈਵੇ ਲਈ ਜ਼ਮੀਨ ਅਕਵਾਇਰ ਕਰਨ ਸਬੰਧੀ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਲੋਂ ਕੀਤੀ ਗਈ ਪਹਿਲ ਸਦਕਾ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨ ਲਈ ਪਹੁੰਚੇ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਤੁਹਾਡੀਆਂ ਅਕਵਾਇਰ ਹੋਣ ਵਾਲੀਆਂ ਜ਼ਮੀਨਾਂ ਦਾ ਪੂਰਾ ਮੁਆਵਜ਼ਾ ਮਿਲੇਗਾ ਅਤੇ ਇਸ ਸਬੰਧੀ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਜਾਂ ਕੀਤੇ ਜਾ ਚੁੱਕੇ ਕੇਸਾਂ ਦੀ ਸੁਣਵਾਈ ਤਰਜ਼ੀਹੀ ਆਧਾਰ ‘ਤੇ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਹਰੇਕ ਕਿਸਾਨ ਨੂੰ ਨਿਆਂ ਮਿਲੇਗਾ ਅਤੇ ਅਦਾਲਤੀ ਸੁਣਵਾਈ ਰੋਜ਼ਾਨਾ ਦੇ ਆਧਾਰ ‘ਤੇ ਕਰਕੇ ਛੇਤੀ ਤੋਂ ਛੇਤੀ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਜੋ ਵੀ ਧਿਰ ਮੁਆਵਜ਼ੇ ਨੂੰ ਚੁਣੌਤੀ ਦੇਣ ਲਈ ਕਮਿਸ਼ਨਰ ਕੋਲ ਅਪੀਲ ਕਰੇਗੀ, ਉਸ ਦਾ ਫੈਸਲਾ ਛੇਤੀ ਤੋਂ ਛੇਤੀ ਕਰਕੇ ਜ਼ਮੀਨਾਂ ਅਕਵਾਇਰ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਿਸਾਨਾਂ ਨੂੰ ਕਿਹਾ ਕਿ ਜ਼ਮੀਨਾਂ ਅਕਵਾਇਰ ਕਰਨ ਦੇ ਮਾਮਲੇ ਵਿੱਚ ਸਬੰਧਤ ਐਸ.ਡੀ.ਐਮ ਕੋਲ ਕੋਈ ਤਬਦੀਲੀ ਦਾ ਅਧਿਕਾਰ ਕੇਵਲ 6 ਮਹੀਨੇ ਤੱਕ ਹੁੰਦਾ ਹੈ ਅਤੇ ਹੁਣ ਐਸ.ਡੀ.ਐਮ ਵਲੋਂ ਤੈਅ ਕੀਤੇ ਗਏ ਮੁਆਵਜ਼਼ੇ ਨੂੰ ਚੁਣੌਤੀ ਸਰਕਾਰ ਵਲੋਂ ਨਿਯੁੱਕਤ ਕੀਤੇ ਗਏ ਆਰਬੀਟਰੇਟਰ ਜੋ ਕਿ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਹਨ, ਕੋਲ ਹੀ ਦਿੱਤੀ ਜਾ ਸਕਦੀ ਹੈ।ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਜਿੰਨਾਂ ਕਿਸਾਨਾਂ ਨੇ ਅਜੇ ਤੱਕ ਆਰਬੀਟਰੇਟਰ ਕੋਲ ਅਪੀਲ ਨਹੀਂ ਕੀਤੀ, ਉਹ ਆਪਣੇ ਕੇਸ ਦੀ ਅਪੀਲ ਉਹਨਾਂ ਕੋਲ ਕਰਨ ਤਾਂ ਜੋ ਛੇਤੀ ਫੈਸਲਾ ਕੀਤਾ ਜਾ ਸਕੇ।ਇਸ ਤੋਂ ਪਹਿਲਾਂ ਬਤੌਰ ਕਮਿਸ਼ਨਰ ਜਿਲ੍ਹੇ ਵਿੱਚ ਪਧਾਰਨ ‘ਤੇ ਸਭਰਵਾਲ ਨੂੰ ਪੁਲਿਸ ਦੇ ਜਵਾਨਾਂ ਨੇ ਸਲਾਮੀ ਦਿੱਤੀ ਅਤੇ ਜਿਲ੍ਹਾ ਅਧਿਕਾਰੀਆਂ ਵਲੋਂ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ।
ਇਸ ਮੌਕੇ ਐਸ.ਡੀ.ਐਮ ਮਨਕੰਵਲ ਸਿੰਘ ਚਾਹਲ, ਲਾਲ ਵਿਸ਼ਵਾਸ,ਅਰਵਿੰਦਰ ਪਾਲ ਸਿੰਘ, ਰਵਿੰਦਰ ਸਿੰਘ ਅਰੋੜਾ, ਡੀ.ਆਰ.ਓ ਨਵਰੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …