ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੀਆਂ ਵਿਦਿਆਰਥਣਾਂ ਨੇ ਆਈ.ਸੀ.ਆਈ.ਸੀ.ਆਈ ਬੈਂਕ ਵਿੱਚ ਪਲੇਸਮੈਂਟ ਹਾਸਲ
ਕੀਤੀ ਹੈ।ਇਹ ਸਫ਼ਲਤਾ ਸੰਸਥਾ ਦੀ ਅਕਾਦਮਿਕ ਉੱਤਮਤਾ ਅਤੇ ਵਿਦਿਆਰਥਣਾਂ ਨੂੰ ਉਦਯੋਗ ਜਗਤ ਦੇ ਹਾਣ ਦਾ ਬਣਾਉਣ ਪ੍ਰਤੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਕੈਂਪਸ ਪਲੇਸਮੈਂਟ ਡਰਾਈਵ ਵਿੱਚ ਬੀ.ਸੀ.ਏ, ਬੀ.ਬੀ.ਏ, ਬੀ.ਕਾਮ ਅਤੇ ਬੀ.ਏ ਕੋਰਸਾਂ ਦੀਆਂ ਵਿਦਿਆਰਥਣਾਂ ਨੇ ਆਪਣੇ ਬੇਹਤਰੀਨ ਹੁਨਰ, ਆਤਮ-ਵਿਸ਼ਵਾਸ ਅਤੇ ਪੇਸ਼ੇਵਰ ਯੋਗਤਾ ਦਾ ਪ੍ਰਦਰਸ਼ਨ ਕਰਦੇ ਹੋਏ ਹਿੱਸਾ ਲਿਆ।ਭਰਤੀ ਪ੍ਰਕਿਰਿਆ ਸ਼ੁਰੂਆਤ ਪ੍ਰੀ-ਪਲੇਸਮੈਂਟ ਨਾਲ਼ ਹੋਈ ਅਤੇ ਇਸ ਤੋਂ ਬਾਅਦ ਐਪਟੀਟਿਊਡ ਟੈਸਟ ਅਤੇ ਇੰਟਰਵਿਊ ਦੇ ਕਈ ਦੌਰ ਕਰਵਾਏ ਗਏ।13 ਵਿਦਿਆਰਥਣਾਂ ਨੂੰ ਸ਼ਾਰਟਲਿਸਟ ਕੀਤਾ ਗਿਆ, ਜਿਨ੍ਹਾਂ ਵਿੱਚੋਂ 7 ਵਿਦਿਆਰਥਣਾਂ ਨੇ ਅੰਤਿਮ ਪਲੇਸਮੈਂਟ ਹਾਸਲ ਕਰਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ।ਆਪਣੀ ਸਿਖਲਾਈ ਪੂਰੀ ਹੋਣ ਤੋਂ ਬਾਅਦ, ਇਨ੍ਹਾਂ ਵਿਦਿਆਰਥਣਾਂ ਨੂੰ ਲਗਭਗ 5,00,000 ਰੁਪਏ ਸਾਲਾਨਾ ਦਾ ਪੈਕੇਜ਼ ਆਫਰ ਕੀਤਾ ਜਾਵੇਗਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਇਸ ਸਫਲਤਾ `ਤੇ ਵਧਾਈ ਦਿੱਤੀ।ਪਲੇਸਮੈਂਟ ਡੀਨ ਮਨੋਜ ਪੁਰੀ ਨੇ ਵੀ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੱਤੀ।
Punjab Post Daily Online Newspaper & Print Media