ਨਵੀਂ ਦਿੱਲੀ, 19 ਜਨਵਰੀ (ਅੰਮ੍ਰਿਤ ਲਾਲ ਮੰਨਣ) -ਆਮ ਆਦਮੀ ਪਾਰਟੀ ਦੇ ਸ੍ਰੀ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਭਾਜਪਾ ਨੇ ਕਿਰਨ ਬੇਦੀ ਨੂੰ ਮੈਦਾਨ ਵਿੱਚ ਉਤਾਰਿਆ ਹੈ।ਦੋ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਈ ਅੰਮ੍ਰਿਤਸਰ ਦੀ ਜੰਮ-ਪਲ ਤੇ ਭਾਰਤ ਦੀ ਪਹਿਲੀ ਮਹਿਲਾ ਆਈ ਪੀ.ਐਸ ਅਫਸਰ ਸ੍ਰੀ ਮਤੀ ਕਿਰਨ ਬੇਦੀ ਨੂੰ ਭਾਜਪਾ ਵਲੋਂ ਮੁੱਖ ਮੰਤਰੀ ਉਮੀਦਵਾਰ ਬਨਾਉਣ ਦਾ ਐਲਾਨ ਅੱਜ ਦਿੱਲੀ ਵਿੱਚ ਹੋਈ ਭਾਜਪਾ ਕੇਂਦਰੀ ਇਲੈਕਸ਼ਨ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ, ਜਿਸ ਦਾ ਐਲਾਨ ਭਾਜਪਾ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਵਲੋਂ ਕੀਤਾ ਗਿਆ। ਸ੍ਰੀ ਅਮਿਤ ਸ਼ਾਹ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਿਤ ਸ਼ਾਹ ਨੇ ਦੱਸਿਆ ਕਿ ਸ੍ਰੀ ਮਤੀ ਕਿਰਨ ਬੇਦੀ ਨੂੰ ਮੁੱਖ ਮੰਤਰੀ ਉਮੀਦਵਾਰ ਬਨਾਉਣ ਦੇ ਨਾਲ-ਨਾਲ ਉਨਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੀ ਵਾਗਡੋਰ ਵੀ ਸੌਂਪੀ ਗਈ ਹੈ ਅਤੇ ਭਾਜਪਾ ਸ੍ਰੀ ਮਤੀ ਕਿਰਨ ਬੇਦੀ ਦੀ ਅਗਵਾਈ ਵਿੱਚ ਦਿੱਲੀ ਚੋਣਾਂ ਲੜੇਗੀ।ਉਨਾਂ ਦੱਸਿਆ ਕਿ ਸ੍ਰੀ ਮਤੀ ਕਿਰਨ ਬੇਦੀ ਕ੍ਰਿਸ਼ਨ ਨਗਰ ਸੀਟ ਤੋਂ ਭਾਜਪਾ ਉਮੀਦਵਾਰ ਹੋਵੇਗੀ।
ਇੱਕ ਚੈਨਲ ਦੇ ਪੱਤਰਕਾਰ ਨੇ ਜਦ ਸ੍ਰੀ ਮਤੀ ਕਿਰਨ ਬੇਦੀ ਨੂੰ ਭਾਰਤੀ ਜਨਤਾ ਪਾਰਟੀ ਦੇ ਫੈਸਲੇ ਤੋਂ ਜਾਣੂ ਕਰਵਾਇਆ ਤਾਂ ਉਨਾਂ ਨੇ ਕਿਹਾ ਕਿ ਜੇ ਅਜਿਹਾ ਫੈਸਲਾ ਹੋਇਆ ਹੈ ਤਾਂ ਉਹ ਪਾਰਟੀ ਦੀ ਸ਼ੁਕਰਗੁਜਾਰ ਹੈ।ਕ੍ਰਿਸ਼ਨਾ ਨਗਰ ਸੀਟ ਤੋਂ ਉਮੀਦਵਾਰ ਬਨਾਏ ਜਾਣ ‘ਤੇ ਉਨਾਂ ਨੇ ਕਿਹਾ ਕਿ ਸਾਰੀ ਦਿੱਲੀ ਉਨਾਂ ਦੀ ਆਪਣੀ ਹੈ ਅਤੇ ਪਾਰਟੀ ਨੇ ਜੋ ਫੈਸਲਾ ਕੀਤਾ ਹੈ ਉਹ ਸਹੀ ਹੈ।
ਜਿਕਰਯੋਗ ਹੈ ਕਿ ਸ੍ਰੀ ਮਤੀ ਕਿਰਨ ਬੇਦੀ ਦਾ ਜਨਮ ਗੁਰੂ ਨਗਰੀ ਅੰਮ੍ਰਿਤਸਰ ਵਿੱਚ 9 ਜਨਵਰੀ 1949 ਨੂੰ ਹੋਇਆ ਸੀ ਅਤੇ ਉਹ ਪਹਿਲੀ ਮਹਿਲਾ ਆਈ ਪੀ ਐਸ ਅਫਸਰ ਬਨਣ ਤੋਂ ਬਾਅਦ ਕਈ ਅਹਿਮ ਅਹੁਦਿਆਂ ‘ਤੇ ਬਿਰਾਜਮਾਨ ਰਹੀ ਅਤੇ ਲੜਕੀਆਂ ਲਈ ਇੱਕ ਪ੍ਰੇਰਣਾ ਸਰੋਤ ਮੰਨੀ ਜਾਂਦੀ ਹੈ। ਭਾਜਪਾ ਵਲੋਂ ਦਿੱਲੀ ਤੋਂ ਮੁੱਖ ਮੰਤਰੀ ਦੀ ਉਮੀਦਵਾਰ ਐਲਾਨੇ ਜਾਣ ‘ਤੇ ਅੰਮ੍ਰਿਤਸਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਅੰਮ੍ਰਿਤਸਰ ਵਾਸੀ ਅਤੇ ਉਨਾਂ ਦੇ ਜਾਣਕਾਰ ਉਨਾਂ ਦੀ ਇਸ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰ ਰਹੇ ਹਨ।
ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਕਿਰਨ ਬੇਦੀ ਨੂੰ ਲਿਆਉਣਾ ਭਾਜਪਾ ਲਈ ਸਿਆਸੀ ਮਜਬੂਰੀ ਸੀ, ਕਿਉਂਕਿ ਆਮ ਆਦਮੀ ਪਾਰਟੀ ਸੁਪਰੀਮੋ ਤੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਲਈ ਕਿਰਨ ਬੇਦੀ ਤੋਂ ਬਿਹਤਰ ਕੋਈ ਹਰ ਦਿਖਾਈ ਨਹੀ ਸੀ ਦੇ ਰਿਹਾ ਸੀ।ਸ੍ਰੀ ਕੇਜਰੀਵਾਲ ਤੇ ਸ੍ਰੀ ਮਤੀ ਕਿਰਨ ਬੇਦੀ ਦਿੱਲੀ ਵਿੱਚ ਸਮਾਜ ਸੇਵੀ ਅੰਨਾ ਹਜਾਰੇ ਵਲੋਂ ਅਰੰਭੇ ਅੰਦੋਲਨ ਤੋਂ ਬਾਅਦ ਰਾਜਨੀਤੀ ਵਿੱਚ ਆਏ ਹਨ ਅਤੇ ਦੇ ਚੇਲੇ ਹਨ, ਜੋ ਅੰਦੋਲਨ ਸਮੇਂ ਸਿਆਸੀ ਪਾਰਟੀਆਂ ਤੇ ਸਿਆਸੀ ਆਗੂਆਂ ਦੇ ਖਿਲਾਫ ਸਨ, ਪ੍ਰੰਤੂ ਇਸ ਸਮੇਂ ਉਹ ਆਮੋ ਸਾਹਮਣੇ ਹੋ ਰਹੇ ਹਨ।
ਭਾਜਪਾ ਦੇ ਇਸ ਫੈਸਲੇ ‘ਤੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਪਾਸ ਸ੍ਰੀ ਕੇਜਰੀਵਾਲ ਦੇ ਮੁਕਾਬਲੇ ਕੋਈ ਆਗੂ ਨਹੀਂ ਸੀ ਇਸ ਲਈ ਪੈਰਾਸ਼ੂਟ ਰਾਹੀਂ ਬਾਹਰ ਦਾ ਉਮੀਦਵਾਰ ਲਿਆਉਣ ਲਈ ਉਸ ਨੂੰ ਮਜਬੂਰ ਹੋਣਾ ਪਿਆ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …