Monday, July 14, 2025
Breaking News

ਜ਼ਿਲ੍ਹਾ ਅੰਮ੍ਰਿਤਸਰ ਵਿਚ ਕਣਕ ‘ਤੇ ਪੀਲੀ ਕੁੰਗੀ ਦੀ ਕੋਈ ਸ਼ਿਕਾਇਤ ਨਹੀਂ-ਸੰਧੂ

ਕਿਸਾਨ ਹਰ ਹਫ਼ਤੇ ਦੋ ਵਾਰ ਕਣਕ ਦੇ ਖੇਤਾਂ ਦਾ ਨੀਰੀਖਣ ਜ਼ਰੂਰ ਕਰਨ

ਅੰਮ੍ਰਿਤਸਰ, 21 ਜਨਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਜ਼ਿਲ੍ਹੇ ਵਿਚ ਇਸ ਵਾਰ ਮੌਸਮ ਦੇ ਖੁਸ਼ਗਵਾਰ ਰਹਿਣ ਕਾਰਨ ਅਤੇ ਕਿਸੇ ਕਿਸਮ ਦੀ ਬਿਮਾਰੀ ਦਾ ਹਮਲਾ ਨਾ ਹੋਣ ਕਰਕੇ ਕਣਕ ਦੀ ਭਰਪੂਰ ਪੈਦਾਵਾਰ ਹੋਣ ਦੀ ਸੰਭਾਵਨਾ ਹੈ ਪ੍ਰੰਤੂ ਫਿਰ ਵੀ ਕਿਸਾਨ ਵੀਰ ਕਣਕ ਦੀ ਫਸਲ ਤੇ ਪੀਲੀ ਕੁੰਗੀ ਦੇ ਹਮਲੇ ਤੋਂ ਸੁਚੇਤ ਜਰੂਰ ਰਹਿਣ।ਇਹ ਸ਼ਬਦ ਡਾ: ਪਰਮਜੀਤ ਸਿੰਘ ਸੰਧੂ ਮੁੱਖ ਖੇਤੀਬਾੜੀ ਅਫਸ਼ਰ, ਅੰਮ੍ਰਿਤਸਰ ਨੇ ਜਾਰੀ ਪ੍ਰੈਸ ਵਿੱਚ ਸਾਂਝੇ ਕੀਤੇ ਅਤੇ ਨਾਲ ਹੀ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਉਹ ਹਫਤੇ ਵਿਚ ਦੋ ਵਾਰ ਆਪਣੇ ਖੇਤਾਂ ਦਾ ਨਿਰੀਖਣ ਜ਼ਰੂਰ ਕਰਨ।

ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਕਣਕ ਦੇ ਪੱਤਿਆਂ ‘ਤੇ ਪੀਲੀ ਧੂੜੀਦਾਰ ਉੱਲੀ ਧਾਰੀਆਂ ਦੀ ਸ਼ਕਲ ਵਿਚ ਨਜ਼ਰ ਆਵੇ ਜਾਂ ਕਣਕ ਦੇ ਖੇਤ ਵਿਚੋਂ ਲੰਘਦਿਆਂ ਕੱਪੜਿਆਂ ਨੂੰ ਹਲਦੀ ਵਰਗਾ ਰੰਗ ਲਗਦਾ ਹੋਵੇ ਤਾਂ ਉਨ੍ਹਾਂ ਹਾਲਾਤਾਂ ਵਿਚ ਕਿਸਾਨ ਵੀਰ ਪਹਿਲਾਂ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਅਤੇ ਬਿਮਾਰੀ ਸਪੱਸਟ ਹੋਣ ਦੀ ਸੂਰਤ ਵਿਚ ਹੀ ਸਿਫਾਰਸ ਕੀਤੀਆਂ ਉੱਲੀਨਾਸਕ ਦਵਾਈਆਂ ਦਾ ਛਿੜਕਾਅ ਕਰਨ। ਉਨਾਂ ਕਿਹਾ ਕਿ ਇਸ ਸਬੰਧੀ ਦਵਾਈ ਵਿਭਾਗ ਵੱਲੋਂ ਬਲਾਕ ਪੱਧਰ ‘ਤੇ ਪਹੁੰਚਾ ਦਿੱਤੀ ਗਈ ਹੈ ਅਤੇ ਕਿਸਾਨ ਉਥੋਂ ਲੋੜ ਪੈਣ ‘ਤੇ ਇਹ ਦਵਾਈ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਖਾਸ ਤੌਰ ਤੇ ਲੁਧਿਆਣਾ ਯੂਨੀਵਰਸਿਟੀ ਦੀਆਂ ਸਿਫਾਰਸਾਂ ਦੇ ਉਲਟ ਹੋਰ ਕਣਕ ਦੀਆਂ ਕਿਸਮਾਂ ਦੀ ਬਿਜਾਈ ਕੀਤੀ ਹੈ ਉਹ ਕਿਸਾਨ ਵਧੇਰੇ ਸੁਚੇਤ ਰਹਿਣ, ਕਿਉਕਿ ਇਹ ਕੁੰਗੀ ਗੈਰ ਸਿਫਾਰਸੀ ਕਿਸਮਾਂ ‘ਤੇ ਵਧੇਰੇ ਹਮਲਾ ਕਰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਇਸ ਗੱਲ ਤੋਂ ਵੀ ਸੁਚੇਤ ਕੀਤਾ ਕਿ ਕੁਝ ਕਿਸਾਨ ਵੀਰ ਦੇਖਾ ਦੇਖੀ ਜਾਂ ਨੀਮ ਪਹਾੜੀ ਜ਼ਿਲ੍ਹਿਆਂ ਦੀਆਂ ਵੱਖ-ਵੱਖ ਅਖਬਾਰਾਂ ਵਿਚ ਪੀਲੀ ਕੁੰਗੀ ਦੇ ਹਮਲੇ ਦੀਆਂ ਖਬਰਾਂ ਪੜ੍ਹਕੇ ਭੈਅ ਭੀਤ ਹੋ ਕੇ ਕਿਸੇ ਵੀ ਉੱਲੀਨਾਸ਼ਕ ਦਵਾਈਆਂ ਦਾ ਸਪਰੇਅ ਹਰਗਿਜ ਨਾ ਕਰਨ, ਸਗੋਂ ਵਧੇਰੇ ਜਿੰਮੇਵਾਰੀ ਨਾਲ ਆਪਣੇ ਆਪਣੇ ਖੇਤਾਂ ਦਾ ਨਿਰੀਖਣ ਕਰਨ ਤੇ ਹਮਲੇ ਦਾ ਸ਼ੱਕ ਹੋਣ ਦੀ ਸੂਰਤ ਵਿਚ ਖੇਤੀਬਾੜੀ ਵਿਭਾਗ ਦੇ ਸਾਇੰਸਦਾਨਾਂ ਦੇ ਧਿਆਨ ਵਿਚ ਜ਼ਰੂਰ ਲਿਆਉਣ। ਉਨ੍ਹਾਂ ਕਿਸਾਨਾਂ ਦੇ ਧਿਆਨ ਵਿਚ ਲਿਆਂਦਾ ਕਿ ਪੀਲੀ ਕੁੰਗੀ ਦੇ ਹਮਲੇ ਸਬੰਧੀ ਖੇਤੀਬਾੜੀ ਵਿਭਾਗ ਨੇ ਜ਼ਿਲ੍ਹੇ ਵਿਚ ਖੇਤੀ ਮਾਹਿਰਾਂ ਦੀ ਟੀਮ ਗਠਿਤ ਹੈ, ਜੋ ਹਰ ਹਫਤੇ ਜ਼ਿਲ੍ਹੇ ਵਿਚ ਖੇਤਾਂ ਦਾ ਨਿਰੀਖਣ ਕਰਕੇ ਸਮੇਂ-ਸਮੇਂ ਸਿਰ ਕਿਸਾਨਾਂ ਨੂੰ ਪੀਲੀ ਕੁੰਗੀ ਦੇ ਹਮਲੇ ਸਬੰਧੀ ਲੋੜੀਂਦੀ ਜਾਣਕਾਰੀ ਦਿੰਦੇ ਰਹਿਣਗੇ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply