ਅੰਮ੍ਰਿਤਸਰ, 25 ਮਾਰਚ (ਦੀਪ ਦਵਿੰਦਰ ਸਿੰਘ)- ਪੰਜਾਬੀ ਰੰਗ ਮੰਚ ਦੀ ਰਾਜਧਾਨੀ ਕਰਕੇ ਜਾਣੀ ਜਾਂਦੀ ਗੁਰੂ ਨਗਰੀ ਅੰਮ੍ਰਿਤਸਰ ਵਿਖੇ ‘ਦਾ ਥੀਏਟਰ ਪਰਸਨਜ’ ਅੰਮ੍ਰਿਤਸਰ ਵੱਲੋਂ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਦੀ ਅਗਵਾਈ ‘ਚ ਵਿਰਸਾ ਵਿਹਾਰ ਸੋਸਾਇਟੀ, ਪੰਜਾਬ ਸੰਗੀਤ ਨਾਟਕ ਅਕੈਡਮੀ ਅਤੇ ਮਨਿਸਟਰੀ ਆਫ ਕਲਚਰਲ ਭਾਰਤ ਸਰਕਾਰ ਦੇ ਸਹਿਯੋਗ ਨਾਲ ਹੋ ਰਹੇ 7ਵੇਂ ਪੰਜਾਬ ਨਾਟਕ ਮੇਲੇ ‘ਚ ਮਰਹੂਮ ਨਾਟਕਕਾਰ ਭਾਜੀ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ‘ਮੁਨਸ਼ੀ ਖਾਨ’ ਨਰਿੰਦਰ ਸਾਂਘੀ ਦੀ ਨਿਰਦੇਸ਼ਨਾਂ ‘ਚ ‘ਸਿਰਜਨਾ ਕਲਾ ਮੰਚ’ ਅੰਮ੍ਰਿਤਸਰ ਦੀ ਟੀਮ ਵੱਲੋਂ ਪੇਸ਼ ਕੀਤਾ ਗਿਆ। 8 ਰੋਜ਼ਾ ਇਸ ਨਾਟ ਮੇਲੇ ਦੇ 6ਵੇਂ ਦਿਨ ਪੇਸ਼ ਇਸ ਨਾਟਕ ‘ਚ ਪ੍ਰਸਿੱਧ ਸ਼ਾਇਰ ਵਿਸ਼ਾਲ ਦੇ ਗੀਤ ਅਤੇ ਹਰਿੰਦਰ ਸੋਹਲ ਦੇ ਸੰਗੀਤ ਹੇਠ ਮੰਚਨ ਹੋਏ ਇਸ ਨਾਟਕ ਦੀ ਕਹਾਣੀ ਇੱਕ ਮੁਸਲਮਾਨ ਪਾਤਰ ਦੀ ਕਹਾਣੀ ਹੈ, ਜਿਹੜਾ 47 ਦੇ ਬਟਵਾਰੇ ਸਮੇਂ ਆਪਣੀ ਜੰਮਣ ਭੋਏਂ ਛੱਡ ਕੇ ਪਾਕਿਸਤਾਨ ਨਹੀਂ ਜਾਂਦਾ, ਸਗੋਂ ਇੱਧਰ ਦਾ ਹੋ ਕੇ ਰਹਿ ਜਾਂਦਾ ਹੈ। ਪਿੰਡ ਦੇ ਗ੍ਰੰਥੀ ਵੱਲੋਂ ਦਿੱਤੀ ਸਲਾਹ ਨਾਲ ਸਿੱਖ ਧਰਮ ਗ੍ਰਹਿਣ ਕਰਕੇ ਮੁਨਸ਼ੀ ਖਾਨ ਤੋਂ ਸੱਜਣ ਸਿੰਘ ਬਣ ਜਾਂਦਾ ਹੈ। ਸੰਵਾਦ, ਮੰਚ ਜੜਤ, ਗੀਤ-ਸੰਗੀਤ, ਰੋਸ਼ਨੀ ਅਤੇ ਅਵਾਜ਼ ਦੇ ਪ੍ਰਭਾਵਾਂ ਅਧੀਨ ਮੁੱਖ ਪਾਤਰ ਉਮਰ ਭਰ ਸੱਜਣ ਸਿੰਘ ਬਣ ਕੇ ਵੀ ਮੁਨਸ਼ੀ ਖਾਨ ਤੋਂ ਬਾਹਰ ਨਹੀਂ ਨਿਕਲ ਪਾਉਂਦਾ। ਪੰਜਾਬੀ ਰੰਗ ਮੰਚ ਦੇ ਪ੍ਰੋਢ ਕਲਾਕਾਰਾਂ ‘ਚ ਗੁਲਸ਼ਨ ਸ਼ਰਮਾ, ਸੁਮਨ ਸ਼ਰਮਾ, ਇੰਦਰਜੀਤ ਸਹਾਰਨ, ਕਰਨ ਸ਼ਰਮਾ, ਮੋਨੀਕਾ, ਗੁਰਵਿੰਦਰ ਸਿੰਘ ਅਤੇ ਕਰਨ ਆਦਿ ਕਲਾਕਾਰਾਂ ਵੱਲੋਂ ਨਿਭਾਏ ਕਿਰਦਾਰਾਂ ਰਾਹੀਂ ਦਰਸ਼ਕ ਅੰਤ ਤੱਕ ਇੰਨ੍ਹਾਂ ਪਾਤਰਾਂ ਨਾਲ ਜੁੜੇ ਰਹੇ। ਸਮਾਪਤੀ ਤੇ ਵਿਰਸਾ ਵਿਹਾਰ ਸੋਸਾਇਟੀ ਵੱਲੋਂ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਸਾਂਝੇ ਤੌਰ ਤੇ ਨਾਟਕ ਤੇ ਨਿਰਦੇਸ਼ਕ ਨੂੰ ਸਨਮਾਨਿਤ ਕੀਤਾ।ਅੱਜ ਦਾ ਨਾਟਕ – ਨਾਟਕ ਮੇਲੇ ਦੇ ਪ੍ਰੈਸ ਸਕੱਤਰ ਦੀਪ ਦਵਿੰਦਰ ਸਿੰਘ ਨੇ ਦੱਸਿਆ ਕਿ 26 ਮਾਰਚ ਸ਼ਾਮ 6.30 ਵਜੇ ‘ਸਾਰਥਿਕ ਰੰਗ ਮੰਚ’ ਮੋਹਾਲੀ ਦੀ ਟੀਮ ਵੱਲੋਂ ਅਨੀਤਾ ਸਬਦੀਸ਼ ਦੀ ਨਿਰਦੇਸ਼ਨਾਂ ‘ਚ ਨਾਟਕ ‘ਨਟੀ ਬਿਨੋਦਨੀ’ ਪੇਸ਼ ਕੀਤਾ ਜਾਵੇਗਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 27 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …