ਅੰਮ੍ਰਿਤਸਰ, 7 ਫਰਵਰੀ (ਸੁਖਬੀਰ ਸਿੰਘ) – ਸਭ ਤੋਂ ਮਹੱਤਵਪੂਰਨ ਸਮਝੀ ਜਾਂਦੀ ਏਅਰਪੋਰਟ ਰੋਡ ਵਿੱਚ ਪਾਈਆਂ ਗਈਆਂ ਬੇਨਿਯਮੀਆਂ ਦਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਪੁੱਜ ਜਾਣ ਦੇ ਬਾਅਦ ਅੱਜ ਉਨ੍ਹਾਂ ਵੱਲੋਂ ਭੇਜੀ ਗਈ ਤਕਨੀਕੀ ਟੀਮ ਵੱਲੋਂ ਪੂਰਾ ਦਿਨ ਸਿਰ ਖਪਾਈ ਕਰਨ ਦੇ ਬਾਅਦ ਰਿਪੋਰਟ ਤਿਆਰ ਕਰ ਲਈ ਗਈ ਹੈ, ਜੋ ਅਗਲੀ ਕਾਰਵਾਈ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਟੇਬਲ ‘ਤੇ ਜਾਵੇਗੀ।
ਸ. ਪ੍ਰਕਾਸ਼ ਸਿੰਘ ਬਾਦਲ ਦੇ ਤਕਨੀਕੀ ਸਲਾਹਕਾਰ ਸ.ਧਾਰੀਵਾਲ ਵੱਲੋਂ ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਤਕਨੀਕੀ ਅਫਸਰ ਹਰਭਜਨ ਲਾਲ ਦੀ ਇਸ ਰੋਡ ਦੀ ਜਾਂਚ ਕਰਨ ਦੀ ਡਿਊਟੀ ਲਗਾਈ ਗਈ ਸੀ।ਉਨ੍ਹਾਂ ਨੇ ਪੀ.ਡਬਲਯੂ.ਡੀ ਸੀਵਰੇਜ਼ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਜਿਉਂ ਹੀ ਜਾਂਚ ਆਰੰਭ ਕੀਤੀ ਤਾਂ ਉਨ੍ਹਾਂ ਨੇ ਮੌਕੇ ‘ਤੇ ਜਿਥੇ ਬਾਰੀਕੀ ਦੇ ਨਾਲ ਪਾਈਆਂ ਗਈਆਂ ਬੇਨਿਯਮੀਆਂ ਦੇ ਲਈ ਜਿੰਮੇਵਾਰ ਅਧਿਕਾਰੀਆਂ ਦੀ ਕਲਾਸ ਲਾਈ ਅਤੇ ਕੁਝ ਬੇਨਿਯਮੀਆਂ ਨੂੰ ਤੁਰੰਤ ਦੂਰ ਕਰਨ ਦੇ ਲਈ ਕਾਰਵਾਈ ਨੂੰ ਅਮਲ ਵਿਚ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ। ਤਕਨੀਕੀ ਅਫਸਰ ਹਰਭਜਨ ਲਾਲ ਨੇ ਕਿਹਾ ਕਿ ਇਕ ਨਹੀਂ ਕਈ ਤਕਨੀਕੀ ਖਾਮੀਆਂ ਪਾਈਆਂ ਗਈਆਂ ਹਨ। ਜਿਨ੍ਹਾਂ ਦੀ ਰਿਪੋਰਟ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਕਨੀਕੀ ਸਲਾਹਕਾਰ ਨੂੰ ਕੱਲ੍ਹ ਹੀ ਜਾ ਕੇ ਸੌਂਪ ਦੇਣਗੇ।
ਦੂਜੇ ਪਾਸੇ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਏਅਰਪੋਰਟ ਰੋਡ ਦੇ ਮਾਮਲੇ ਵਿੱਚ ਇਥੋਂ ਦੇ ਵਸਨੀਕ ਪਿਛਲੇ ਲੰਬੇ ਸਮੇਂ ਤੋਂ ਹੀ ਲੜਾਈ ਲੜਦੇ ਆ ਰਹੇ ਹਨ ਪਰ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ।ਉਨ੍ਹਾਂ ਨੇ ਖਦਸ਼ਾ ਜਾਹਿਰ ਕੀਤਾ ਕਿ ਜੇ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਕਾਨੂੰੂਨੀ ਲੜਾਈ ਲੜਣ ਦੇ ਲਈ ਲੋਕ ਤਿਆਰ ਹਨ, ਕਿਉਂਕਿ ਲੋਕਾਂ ਦੇ ਪੈਸੇ ਦੀ ਅਧਿਕਾਰੀਆਂ ਵੱਲੋਂ ਸ਼ਰੇਆਮ ਇਹ ਸਮਝ ਕੇ ਲੁੱਟ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ।
ਅਧਿਕਾਰੀਆਂ ਦੇ ਤਾਨਾਸ਼ਾਹੀ ਰਵੱਈਏ ਦੇ ਵਿਰੁੱਧ ਉਨ੍ਹਾਂ ਵੱਲੋਂ ਸਮੇਂ ਸਮੇਂ ਜਾਂਦੀ ਰਹੀ ਅਵਾਜ਼ ਨੂੰ ਕਾਂਗਰਸੀ ਕਹਿ ਕੇ ਦਬਾਅ ਦਿੱਤਾ ਜਾਂਦਾ ਰਿਹਾ।ਉਨ੍ਹਾਂ ਨੇ ਦੱਸਿਆ ਕਿ ਇਸ ਰੋਡ ਦੇ ਇਕ ਵਾਰ ਨਹੀਂ ਸਗੋਂ ਕਈ ਵਾਰ ਸੜਕ ਦੇ ਕਈ ਹਿੱਸੇ ਹੇਠਾਂ ਧੱਸੇ ਹਨ।ਇਸ ਤੋਂ ਇਲਾਵਾ ਹੋਰ ਜਿੰਨ੍ਹੀਆਂ ਵੀ ਬੇਨਿਯਮੀਆਂ ਹਨ ਉਨ੍ਹਾਂ ਤੋਂ ਸਮੇਂ ਸਮੇਂ ਸਬੰਧਤ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਂਦਅਿਾਂ ਗਈਆਂ ਹਨ, ਉਨਾਂ ‘ਤੇ ਜੇ ਹੁਣ ਵੀ ਕੋਈ ਕਾਰਵਾਈ ਨਾ ਹੋਈ ਤਾਂ ਉਹ ਇਸ ਸਾਰੇ ਮਾਮਲੇ ਨੂੰ ਅਦਾਲਤ ਵਿਚ ਲੈ ਕੇ ਜਾਣਗੇ।
Punjab Post Daily Online Newspaper & Print Media