
ਬਠਿੰਡਾ, 29 ਮਾਰਚ (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇਂ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਪੀਪੀਪੀ ਦੇ ਸਾਝੇਂ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਦੇਸ਼ ਅਤੇ ਕੌਮ ਦਾ ਗਦਾਰ ਐਲਾਨ ਦਿੱਤਾ। ਉਸਨੇ ਕਿਹਾ ਕਿ ਜਿਸ ਵਿਅਕਤੀ ਨੂੰ ਬਜ਼ੁਰਗਾਂ ਨੇ ਆਪਣੀ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ ਅਤੇ ਜਿੰਦਗੀ ਵਿਚ ਕਾਮਯਾਬ ਕੀਤਾ ਹੋਵੇ। ਉਹ ਵਿਅਕਤੀ ਬਜ਼ੁਰਗਾਂ ਦੀਆਂ ਹੀ ਜੜਾਂ ਕੱਟਣ ਲਗ ਜਾਵੇ ਉਸ ਨੂੰ ਸਮਾਜਿਕ ਕਦਰਾਂ ਕੀਮਤਾਂ ਦਾ ਕਾਤਲ ਕਹਿਣਾ ਚਾਹੀਦਾ ਹੈ। ਬੀਬੀ ਬਾਦਲ ਅੱਜ ਵਿਧਾਨ ਸਭਾ ਹਲਕਾ ਮੌੜ ਦੇ ਕਈ ਪਿੰਡਾਂ ਦੇ ਚੋਣ ਦੋਰੇ ਤੇ ਸਨ। ਬੀਬਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਨੂੰ ਕਾਂਗਰਸ ਦੀ ਘਟੀਆ ਅਤੇ ਪੰਜਾਬ ਵਿਰੋਧੀ ਨੀਤੀ ਤੋਂ ਬਚਾਇਆ ਹੈ, ਪਰ ਸਾਨੂੰ ਸਾਰਿਆਂ ਨੂੰ ਬੜਾ ਹੀ ਦੁੱਖ ਹੋਇਆ ਜਦੋਂ ਸਾਡੇ ਪਰਿਵਾਰ ਦਾ ਪਾਲਿਆ ਮਨਪ੍ਰੀਤ ਪੰਜਾਬ ਵਿਰੋਧੀ ਪਾਰਟੀ ਕਾਂਗਰਸ ਦੀ ਡੁੱਬਦੀ ਬੇੜੀ ਵਿਚ ਸਵਾਰ ਹੋ ਗਿਆ।ਬਠਿੰਡਾ ਦੇ ਲੋਕ ਪਰਿਵਾਰਕ ਕਦਰਾਂ ਕੀਮਤਾਂ ਮਾਂ, ਬਾਪ, ਚਾਚੇ, ਤਾਏ, ਭਰਾ ਅਤੇ ਭੈਣਾ ਦੇ ਰਿਸ਼ਤਿਆਂ ਦਾ ਮਾਣ ਹੀ ਨਹੀ ਰੱਖਦੇ ਸਗੋਂ ਬਠਿੰਡਾ ਇਲਾਕੇ ਵਿਚ ਵੱਸਦੇ ਸਾਡੇ ਮਲਵਈ ਭੈਣ, ਭਰਾ ਰਿਸ਼ਤਿਆਂ ਨੂੰ ਜਿੰਦਾ ਰੱਖਣ ਲਈ ਜਾਨਾ ਤਕ ਵਾਰ ਦਿੰਦੇ ਹਨ, ਪਰ ਸਾਡੇ ਬਾਦਲ ਪਿੰਡ ਦਾ ਹੀ ਨਹੀ ਸਿਰਫ ਬਠਿੰਡਾ ਦਾ ਹੀ ਨਹੀ ਸਗੋਂ ਪੰਜਾਬ ਪੰਜਾਬੀਅਤ ਦਾ ਗਦਾਰ ਮਨਪ੍ਰੀਤ ਬਾਦਲ ਹੁਣ ਸਿੱਖਾਂ, ਪੰਜਾਬੀਆ ਦੀ ਦੁਸ਼ਮਣ ਜਮਾਤ ਕਾਂਗਰਸ ਦਾ ਗੁਨਗਾਣ ਕਰ ਰਿਹਾ ਹੈ। ਬੀਬੀ ਬਾਦਲ ਨੇ ਹਰਕੇ ਪਿੰਡ ਵਿਚ ਹੁੰਦੇ ਸੈਂਕੜੇ ਲੋਕਾਂ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਮਨਪ੍ਰੀਤ ਬਾਦਲ ਦੇ ਨਾਮ ਨਾਲ ਤਾਂ ਬਾਦਲ ਵੀ ਲਾਉਣ ਤੋਂ ਜਬਾਨ ਕਤਰਾਉਣ ਲਗ ਪਈ ਹੈ।ਉਸਨੇ ਸਿੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ, ਪਹਿਲਾਂ ਸਾਡੇ ਗੁਰੂ ਸਾਹਿਬਾਂ ਵਲੋਂ ਬਖਸ਼ੀ ਅਨਮੋਲ ਦਾਤ ਅੰਮ੍ਰਿਤਪਾਨ ਕੀਤਾ, ਉਹ ਵੀ ਭੰਗ ਕਰ ਦਿੱਤਾ, ਫਿਰ ਸਾਡੇ ਸ਼ਹੀਦਾਂ ਦੀ ਧਰਤੀ ਖੜਕੜ ਕਲਾਂ ਵਿਖੇ ਜਾਂਦੇ ਸ਼ਹੀਦਾਂ ਦੀ ਮਿੱਟੀ ਮੱਥੇ ਨਾਲ ਲਾ ਕੇ ਕੇਂਦਰ ਸਰਕਾਰ ਦਾ ਭ੍ਰਿਸ਼ਟ ਨਿਜ਼ਾਮ ਬਦਲਣ ਦੀਆਂ ਸੋਹਾਂ ਖਾਧੀਆਂ, ਉਹ ਸੋਂਹਾਂ ਵੀ ਕਾਂਗਰਸ ਨਾਲ ਭਿਆਲੀ ਪਾ ਕੇ ਭੰਗ ਕਰ ਦਿੱਤੀਆਂ। ਅਜਿਹੇ ਵਿਅਕਤੀ ਤੋਂ ਸਾਡੇ ਬਠਿੰਡਾ ਦੇ ਬਜ਼ੁਰਗ ਮਾਤਾਵਾਂ, ਭੈਣਾ, ਭਰਾ ਤੇ ਮਾਵਾਂ ਦੀਆਂ ਗੋਦੀਆਂ ਵਿਚ ਖੇਡਦੇ ਬੱਚੇ ਕੀ ਆਸ ਰੱਖ ਸਕਦੇ ਹਨ।ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ, ਕੈਬਨਿਟ ਮੰਤਰੀ ਜਨਮੇਜਾਂ ਸਿੰਘ ਸੇਖੋਂ ਅਤੇ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।
Punjab Post Daily Online Newspaper & Print Media