ਅੰਮ੍ਰਿਤਸਰ, 20 ਅਪ੍ਰੈਲ (ਜਗਦੀਪ ਸਿੰਘ ਸੱਗੂ) – ਨਾਮਵਰ ਗਜ਼ਲਗੋ ਅਮਰਜੀਤ ਸਿੰਘ ਢਿੱਲੋਂ ਦਾ ਲਿਖਿਆ ਅਤੇ ਸਰਬਜੀਤ ਸਿੰਘ ਸੰਧੂ ਦੁਆਰਾ ਸੰਪਾਦਿਤ ਕੀਤਾ ਨਵ-ਪ੍ਰਕਾਸ਼ਿਤ ਗਜ਼ਲ ਸੰਗ੍ਰਹਿ ‘ਆਪਣੇ ਸੰਗ ਸੰਵਾਦ’ ਨੂੰ ਲੋਕ ਅਰਪਿਤ ਅਤੇ ਵਿਚਾਰ ਚਰਚਾ ਦਾ ਆਯੋਜਨ ਸਥਾਨਕ ਵਿਰਸਾ ਵਿਹਾਰ ਦੇ ਅੰਮ੍ਰਿਤਾ ਪ੍ਰੀਤਮ ਸਾਹਿਤ ਸਦਨ ਵਿੱਚ ਕੀਤਾ ਗਿਆ। ਪੰਜਾਬੀ ਸਭਿਆਚਾਰ ਸੱਥ ਅਤੇ ਸੰਸਥਾ ਵੱਲੋਂ ਕਰਵਾਏ ਇਸ ਸਾਹਿਤਕ ਸਮਾਗਮ ਵਿੱਚ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਸ਼੍ਰੋਮਣੀ ਸ਼ਾਇਰ ਅਜਾਇਬ ਸਿੰਘ ਹੁੰਦਲ, ਡਾ. ਇਕਬਾਲ ਕੌਰ ਸੌਂਧ, ਡਾ. ਬਿਕਰਮ ਸਿੰਘ ਘੁੰਮਣ ਅਤੇ ਰਘਬੀਰ ਸਿੰਘ ਤੀਰ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ।ਸਰਬਜੀਤ ਸਿੰਘ ਸੰਧੂ ਅਤੇ ਸ਼ਾਇਰ ਮਲਵਿੰਦਰ ਨੇ ਸਾਂਝੇ ਤੌਰ ਤੇ ਚਰਚਾ ਅਧੀਨ ਪੁਸਤਕ ਦੇ ਹਵਾਲੇ ਨਾਲ ਲੇਖਕ ਦੀ ਜਾਣ-ਪਹਿਚਾਣ ਕਰਵਾਈ।ਪ੍ਰਿੰ: ਗੁਰਬਾਜ ਸਿੰਘ ਤੋਲਾ ਨੰਗਲ ਅਤੇ ਸਤਿੰਦਰ ਸਿੰਘ ਓਠੀ ਵੱਲੋਂ ਵਿਧਵਤਾ ਭਰਪੂਰ ਖੋਜ ਪੱਤਰ ਇਸ ਪੁਸਤਕ ਉਪਰ ਪੜ੍ਹੇ ਗਏ। ਉਪਰੰਤ ਉਸਾਰੂ ਬਹਿਸ ਵਿੱਚ ਹਿੱਸਾ ਲੈਂਦਿਆਂ ਅਜਾਇਬ ਸਿੰਘ ਹੁੰਦਲ, ਡਾ. ਇਕਬਾਲ ਕੌਰ ਸੌਂਧ, ਦੀਪ ਦਵਿੰਦਰ ਸਿੰਘ, ਡਾ. ਘੁੰਮਣ, ਡਾ. ਮੋਹਨ, ਹਰਭਜਨ ਸਿੰਘ ਵਕਤਾ ਅਤੇ ਜਸਬੀਰ ਝਬਾਲ ਨੇ ਪੇਸ਼ ਕੀਤੇ ਇੰਨ੍ਹਾਂ ਖੋਜ ਪੱਤਰਾਂ ਅਤੇ ਇਸ ਗਜ਼ਲ ਸੰਗ੍ਰਹਿ ਨੂੰ ਕੇਂਦਰ ਬਿੰਦੂ ਵਿੱਚ ਰੱਖ ਕੇ ਇਸ ਦੀ ਕਾਵਿਕ-ਭਾਸ਼ਾ, ਕਾਵਿਕ-ਮੁਹਾਂਦਰਾ ਅਤੇ ਕਾਵਿਕ-ਅੰਦਾਜ਼ ਜਿਹੇ ਕਈ ਪਹਿਲੂਆਂ ਦੀ ਨਿਸ਼ਾਨਦੇਹੀ ਕਰਕੇ ਹਾਜ਼ਰੀਨ, ਪਰਚਾ ਲੇਖਕਾਂ ਅਤੇ ਮਹਿਮਾਨ ਲੇਖਕ ਦੇ ਧਿਆਨ ਗੋਚਰੇ ਕੀਤਾ। ਹੋਰਨਾਂ ਤੋਂ ਇਲਾਵਾ ਇਸ ਸਮੇਂ ਪ੍ਰਿੰ: ਨਰੋਤਮ ਸਿੰਘ, ਮੁਖਤਾਰ ਗਿੱਲ, ਜਗਤਾਰ ਗਿੱਲ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਮਨਮੋਹਨ ਢਿੱਲੋਂ, ਮਹਾਂਵੀਰ ਗਿੱਲ, ਮਨਮੋਹਨ ਬਾਸਰਕੇ, ਸੁਖਵਿੰਦਰਜੀਤ ਬੋਹੜੂ, ਡਾ. ਵਿਕਰਮਜੀਤ, ਅਜੀਤ ਸਿੰਘ ਨਬੀਪੁਰ, ਸੁਖਦੇਵ ਸਿੰਘ ਪਾਂਧੀ, ਸੰਤੋਖ ਸਿੰਘ ਰਾਹੀ, ਹਰੀ ਸਿੰਘ ਗਰੀਬ, ਕਲਿਆਣ ਅੰਮ੍ਰਿਤਸਰੀ, ਮਰਕਸਪਾਲ ਗੁਮਟਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media