ਨਵੀਂ ਦਿੱਲੀ, 24 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਰਿਹਾਇਸ਼ ਵਿਖੇ ਅੱਜ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਦੀ ਸਥਾਪਨਾ ਦੇ 350 ਸਾਲ ਪੂਰੇ ਹੋਣ ਮੌਕੇ ਹੋਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਤੈਅ ਕਰਨ ਲਈ ਹੋਈ ਮੀਟਿੰਗ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਦੀ ਰੰਗ ਰੋਗਣ ਦੀ ਸੇਵਾ ਸੌਂਪੀ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਸੱਦੇ ਤੇ ਹਾਜ਼ਰੀ ਭਰਦੇ ਹੋਏ ਸਮੂਹ ਪੱਤਵੰਤਿਆਂ ਦੀ ਮੌਜੂਦਗੀ ਵਿੱਚ ਪ੍ਰੋਗਰਾਮਾਂ ਸਬੰਧੀ ਯੋਗ ਸਲਾਹ ਵੀ ਪੇਸ਼ ਕੀਤੀ। ਜੀ.ਕੇ. ਨੇ ਸ਼ਹਿਰ ਦੇ ਇਤਿਹਾਸਿਕ ਪੱਖ ਬਾਰੇ ਦੱਸਦੇ ਹੋਏ ਕਿਹਾ ਕਿ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਜਿਸ ਨੂੰ ਸਾਹਿਬ ਗੁਰੁੂ ਤੇਗ ਬਹਾਦਰ ਜੀ ਨੇ ਆਨੰਦਾਂ ਦੀ ਪੂਰੀ ਵੱਜੋਂ ਹੋਂਦ ਵਿਚ ਲਿਆੳਂਦਾ ਸੀ ਤੇ ਫਿਰ ਉਸੇ ਪਵਿੱਤਰ ਸ਼ਾਹਿਰ ਵਿੱਚ 1699 ਦੀ ਵੈਸਾਖੀ ਤੇ ਗੁਰੁੂ ਗੋਬਿੰਦ ਸਿੰਘ ਸਾਹਿਬ ਜੀ ਨੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਕੇ ਖਾਲਸਾ ਪੰਥ ਦੀ ਸਿਰਜਨਾ ਕੀਤੀ ਸੀ।
ਸ੍ਰੀ ਅਨੰਦਪੁਰ ਸਾਹਿਬ ਦੇ ਗੁਰਧਾਮਾਂ ਦੇ ਰੰਗ ਰੋਗਣ ਦੀ ਸੇਵਾ ਦਿੱਲੀ ਦੀ ਸੰਗਤ ਨੂੰ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਦਿੱਲੀ ਦੀ ਸੰਗਤ ਦੀ ਜਦੋਂ ਵੀ ਕਿਸੇ ਪੰਥਕ ਕਾਰਜਾਂ ‘ਤੇ ਸੇਵਾ ਲਾਈ ਗਈ ਹੈ ਸੰਗਤਾਂ ਨੇ ਵੱਧ ਚੜ੍ਹ ਕੇ ਬੜੇ ਚਾਉ ਨਾਲ ਸੇਵਾ ਨੂੰ ਪੂਰਾ ਕੀਤਾ ਹੈ। ਸ੍ਰੀ ਅਨੰਦਪੁਰ ਸਾਹਿਬ ਦੀ 350 ਸਾਲਾ ਸਥਾਪਨਾ ਦੇ ਮੌਕੇ ਤੇ ਦਿੱਲੀ ਕਮੇਟੀ ਵੱਲੋਂ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਨਗਰ ਕੀਰਤਨ ਲਿਜਾਉਣ ਦਾ ਵੀ ਜੀ.ਕੇ. ਨੇ ਐਲਾਨ ਕੀਤਾ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜੂਨ 2016 ਵਿੱਚ ਆ ਰਹੀ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਵੱਡੇ ਪੱਧਰ ਤੇ ਮਨਾਉਣ ਵਾਸਤੇ ਮੁੱਖ ਮੰਤਰੀ ਬਾਦਲ ਵੱਲੋਂ ਪੁੂਰਨ ਸਹਿਯੋਗ ਪੰਜਾਬ ਸਰਕਾਰ ਵੱਲੋਂ ਦਿੱਲੀ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਕਰਨ ਦੀ ਵੀ ਜਾਣਕਾਰੀ ਜੀ.ਕੇ. ਨੇ ਦਿੱਤੀ।
ਇਥੇ ਇਹ ਜ਼ਿਕਰਯੋਗ ਹੈ ਕਿ ਖਾਲਸੇ ਦੀ 300 ਸਾਜਨਾ ਦਿਵਸ ਮੌਕੇ 1999 ਵਿੱਚ ਵੀ ਦਿੱਲੀ ਕਮੇਟੀ ਵੱਲੋਂ ਪ੍ਰਧਾਨ ਅਵਤਾਰ ਸਿੰਘ ਹਿੱਤ ਦੀ ਅਗਵਾਈ ਵਿੱਚ ਪੂਰੇ ਅਨੰਦਪੁਰ ਸ਼ਹਿਰ ਦੀਆਂ ਸਮੂਹ ਬਿਲਡਿੰਗਾਂ ਦੀਆਂ ਬਾਹਰੀ ਦੀਵਾਰਾਂ ‘ਤੇ ਚਿੱਟਾ ਰੰਗ ਰੋਗਣ ਕਰਵਾਇਆ ਗਿਆ ਸੀ। ਅੱਜ ਹੋਈ ਇਸ ਮੀਟਿੰਗ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪੇ੍ਰਮ ਸਿੰਘ ਚੰਦੂਮਾਜਰਾ, ਕੇਬਿਨੇਟ ਮੰਤਰੀ ਮਦਨ ਮੋਹਨ ਮਿੱਤਲ, ਸੋਹਨ ਸਿੰਘ ਠੰਡਲ, ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਰੋਜ਼ਾਨਾ ਅਜੀਤ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ, ਪੰਜਾਬੀ ਯੂਨਿਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸਣੇ ਕਈ ਇਤਿਹਾਸਕਾਰ ਅਤੇ ਵਿਦਵਾਨ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media