
ਅੰਮ੍ਰਿਤਸਰ, 9 ਮਈ (ਗੁਰਚਰਨ ਸਿੰਘ) – ਮਾਧੋਪੁਰ ਡੈਮ ਤੋਂ ਰਾਵੀ ਦੇ ਅੱਜ ਹੱਦੋਂ ਵੱਧ ਪਾਣੀ ਦਾ ਵਹਾਅ ਆ ਜਾਣ ਦੇ ਕਾਰਨ ਰਾਵੀ ਤੋਂ ਪਾਰ ਦੇ ਕਿਸਾਨਾਂ ਦੇ ਰੰਗ ਉਡਾ ਦਿੱਤੇ ਹਨ। ਕਰੀਬ 1 ਹਜ਼ਾਰ ਦੇ ਏਕੜ ਦੇ ਵਿਚ ਵੱਢਣ ਲਈ ਤਿਆਰ ਕਣਕ ਤੇ ਖਤਰਾ ਮੰਡਵਾਉਣ ਲੱਗ ਪਿਆ ਹੈ। ਰਾਵੀਂ ਦਰਿਆ ਵਿਚ ਇਕੋਂ ਇਕ ਬੇੜਾ ਵੀ ਬਹਿ ਜਾਣ ਦੇ ਕਾਰਨ ਕਿਸਾਨਾਂ ਨੂੰ ਰਾਵੀ ਤੋਂ ਪਾਰ ਕਣਕ ਵੱਢਣ ਦੇ ਲਈ ਮਸ਼ੀਨਰੀ ਲੈ ਕੇ ਜਾਣ ਵਿੱਚ ਵੱਡੀ ਸਮੱਸਿਆ ਆ ਰਹੀ ਹੈ। ਕਿਸਾਨਾਂ ਵੱਲੋਂ ਹਾਲ ਪਾਰ੍ਹਿਆ ਕਰਨ ਦੇ ਬਾਵਜੂਦ ਵੀ ਪ੍ਰਸਾਸ਼ਨ ਨੇ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ। ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਅਤੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਰਾਵੀ ਤੋਂ ਪਾਰ ਦੀਆਂ ਜਮੀਨਾਂ ਦਾ ਜਾਇਜਾ ਲੈਣ ਦੇ ਲਈ ਉਥੇ ਪੁੱਜੇ। ਗੁਰਜੀਤ ਔਜਲਾ ਤੇ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਜੇ ਰਾਵੀ ਵਿਚ ਛੱਡਿਆ ਗਿਆ ਪਾਣੀ ਇਸ ਤਰ੍ਹਾਂ ਹੀ ਰਿਹਾ ਤਾਂ ਮਲਕਪੁਰ, ਘਮਿਰਾਲਾ ਅਤੇ ਪੰਜਗਰਾਈ ਦੇ ਵਿਚ ਹੜ੍ਹ ਆ ਜਾਵੇਗਾ ਅਤੇ ਕਿਸਾਨਾਂ ਦੀ ਇਕ ਹਜ਼ਾਰ ਏਕੜ ਦੇ ਕਰੀਬ ਜਮੀਨ ਵਿਚ ਖੜ੍ਹੀ ਫਸਲ ਤਬਾਹ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਮੌਸਮ ਦੀ ਖਰਾਬੀ ਦੇ ਕਾਰਨ ਕਿਸਾਨ ਆਪਣੀਆਂ ਫਸਲਾਂ ਸਮੇਂ ਸਿਰ ਨਹੀਂ ਵੱਢ ਸਕੇ ਅਤੇ ਇਸ ਸਮੇਂ ਵੀ ਚਾਰ ਦੇ ਕਰੀਬ ਕਣਕ ਵੱਢਣ ਵਾਲੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਅਤੇ 25 ਦੇ ਕਰੀਬ ਟਰੈਕਟਰ ਫਸੇ ਹੋਏ ਹਨ।
ਉਨਾਂ ਕਿਹਾ ਕਿ ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਦੇ ਕੁੱਝ ਨੁਮਾਇੰਦੇ ਇਸ ਇਲਾਕੇ ਵਿੱਚੋਂ ਕਿਸਾਨਾਂ ਨੂੰ ਬਾਹਰ ਕੱਢਣਾ ਚਾਹੁੰਦੇ ਹਨ ਕਿਉਂਕਿ ਇਸ ਇਲਾਕੇ ਵਿਚੋਂ ਵੱਡੇ ਪੱਧਰ ‘ਤੇ ਅੱਜ ਵੀ ਵੱਡੀਆਂ ਵੱਡੀਆਂ ਖੱਡਾਂ ਬਣਾ ਕੇ ਰੇਤਾ ਕੱਢੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰੇਤਾਂ ਕੱਢ ਕੱਢ ਕੇ ਇਸ ਇਲਾਕੇ ਦੇ ਵਿਚੋਂ ਜਮੀਨਾਂ ਨੂੰ ਪੋਲੀਆਂ ਕਰ ਦਿੱਤਾ ਗਿਆ ਹੈ ਅਤੇ ਉਹ ਇਥੇ ਰਾਵੀ ਦਰਿਆ ਦਾ ਪਾਣੀ ਛੱਡ ਕੇ ਮੁੜ ਇਥੇ ਰੇਤਾਂ ਦੇ ਰਾਹੀਂ ਭਰਨਾ ਚਾਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਕ ਹਜ਼ਾਰ ਏਕੜ ਜਮੀਨ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਕਿਸਾਨਾਂ ਦੀ ਹਰ ਤਰ੍ਹਾਂ ਬਾਂਹ ਫੜੇਗੀ ਅਤੇ ਉਨ੍ਹਾਂ ਦੀ ਰੋਜੀ ਰੋਟੀ ਖੁਸਣ ਨਹੀਂ ਦੇਵੇਗੀ ਜਦੋਂ ਕਿ ਸਰਕਾਰ ਇਨ੍ਹਾਂ ਨੂੰ ਇਥੋਂ ਉਜਾੜ ਕੇ ਰੇਤ ਮਾਫੀਆ ਦੇ ਹੱਥਾਂ ਵਿੱਚ ਖੇਡਣਾ ਚਾਹੁੰਦੀ ਹੈ। ਇਸ ਲਈ ਇਸ ਸਾਰੇ ਮਾਮਲੇ ਨੂੰ ਲੈ ਕੇ ਉਹ ਕੱਲ੍ਹ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਇਕ ਮੰਗ ਪੱਤਰ ਦੇਣਗੇ। ਸ. ਔਜਲਾ ਨੇ ਕਿਹਾ ਕਿ ਜੇ ਸਰਕਾਰ ਨੇ ਰੇਤ ਮਾਫੀਆ ਦੇ ਦਬਾਅ ਹੇਠ ਮਾਧੋਪੁਰ ਡੈਮ ਤੋਂ ਛੱਡਿਆ ਪਾਣੀ ਨਾ ਕੰਟਰੋਲ ਕੀਤਾ ਤਾਂ ਇਸ ਮਾਮਲੇ ਨੂੰ ਕਾਂਗਰਸ ਸੜਕ ‘ਤੇ ਲੈ ਕੇ ਆ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਰਾਵੀ ਦਰਿਆ ‘ਤੇ ਪੁੱਲ ਬਣਾਉਣ ਲਈ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਲਬਾਤ ਕਰਕੇ ਪੁੱਲ ਬਣਾਉਣ ਦਾ ਸੁਝਾਅ ਦੇਣਗੇ।ਇਸ ਸਮੇਂ ਉਨ੍ਹਾਂ ਦੇ ਨਾਲ ਹਰਪਾਲ ਸਿੰਘ, ਹਰਵੀਰ ਬਬਲੂ, ਜਤਿੰਦਰ ਸਿੰਘ ਬੰਟੀ, ਸੁਲੱਖਣ ਸਿੰਘ, ਪੂਰਨ ਸਿੰਘ ਤੋਂ ਇਲਾਵਾ ਪ੍ਰਭਾਵਿਤ ਕਿਸਾਨ ਵੀ ਹਾਜ਼ਰ ਸਨ।
Punjab Post Daily Online Newspaper & Print Media