
ਅੰਮ੍ਰਿਤਸਰ, 15 ਮਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਿਕਲੀਗਰ ਸਿੱਖਾਂ ਵੱਲੋਂ ਅਖ਼ਬਾਰਾਂ ਵਿੱਚ ਦਿੱਤੇ ਬਿਆਨ ਕਿ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀ ਕਦੇ ਸਾਰ ਨਹੀਂ ਲਈ ਨੂੰ ਸਰਾਸਰ ਗਲਤ ਕਰਾਰ ਦਿੱਤਾ ਹੈ।
ਇਥੋਂ ਜਾਰੀ ਪੈ੍ਸ ਨੋਟ ਵਿੱਚ ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਂ-ਸਮੇਂ ਤੇ ਬਿਨਾਂ ਕਿਸੇ ਭੇਦਭਾਵ ਦੇ ਹਰ ਵਰਗ ਦੀ ਮਾਲੀ ਸਹਾਇਤਾ ਕਰਦੀ ਆ ਰਹੀ ਹੈ।ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਸਿਕਲੀਗਰ ਸਿੱਖਾਂ ਨੂੰ ਸਹਾਇਤਾ ਵਜੋਂ ਸਾਲ 2011-12 ਵਿੱਚ 10 ਲੱਖ 25 ਹਜ਼ਾਰ ਰੁਪਏ, ਸਾਲ 2013-14 ਵਿੱਚ 32 ਲੱਖ 70 ਹਜ਼ਾਰ ਰੁਪਏ, ਸਾਲ 2014-15 ਵਿੱਚ 7 ਲੱਖ 30 ਹਜ਼ਾਰ ਰੁਪਏ ਅਤੇ ਇਸੇ ਸਹਾਇਤਾ ਨੂੰ ਜਾਰੀ ਰੱਖਦਿਆਂ ਚਾਲੂ ਮਾਲੀ ਸਾਲ 2015-16 ਵਿੱਚ 1 ਕਰੋੜ ਰੁਪਏ ਦੀ ਰਕਮ ਸਿਕਲੀਗਰ ਸਿੱਖਾਂ ਲਈ ਰਾਖਵੀਂ ਰੱਖੀ ਗਈ ਹੈ ਜਿਸ ਵਿਚੋਂ 10 ਲੱਖ 10 ਹਜ਼ਾਰ ਰੁਪਏ ਸਹਾਇਤਾ ਵਜੋਂ ਦਿੱਤੇ ਜਾ ਚੁੱਕੇ ਹਨ।ਇਸੇ ਤਰ੍ਹਾਂ ਸਾਲ 2011 ਤੋਂ 2015 ਤੀਕ ਕੁਲ 60 ਲੱਖ 35 ਹਜ਼ਾਰ ਸਹਾਇਤਾ ਸਿਕਲੀਗਰ ਸਿੱਖਾਂ ਨੂੰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਕਲੀਗਰ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕਰ ਰਹੀ ਹੈ ਤੇ ਅੱਗੋਂ ਵੀ ਜਾਰੀ ਹੈ।ਜਿਹੜਾ ਵੀ ਪਰਿਵਾਰ ਦਰਖਾਸਤ ਦੇ ਨਾਲ ਠੋਸ ਸਬੂਤ ਲਗਾਉਂਦਾ ਹੈ ਉਸ ਦੀ ਦਰਖਾਸਤ ‘ਤੇ ਵਿਚਾਰ ਕਰਕੇ ਸਹਾਇਤਾ ਦਿੱਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਕੁਝ ਲੋਕ ਸਿੱਖਾਂ ਦੀ ਇਸ ਸੰਸਥਾ ਨੂੰ ਬਦਨਾਮ ਕਰਨ ਤੇ ਆਪਣੀ ਝੂਠੀ ਸ਼ੋਹਰਤ ਖਾਤਰ ਗਲਤ ਬਿਆਨ ਲਗਵਾ ਰਹੇ ਹਨ ਜੋ ਸਰਾਸਰ ਗਲਤ ਹੈ।ਉਨ੍ਹਾਂ ਕਿਹਾ ਕਿ ਜੇਕਰ ਕੋਈ ਰਹਿ ਗਿਆ ਹੈ ਤਾਂ ਉਹ ਸਿੱਧਾ ਮੇਰੇ ਨਾਲ ਜਾਂ ਦਫ਼ਤਰ ਸ਼ੋ੍ਰਮਣੀ ਕਮੇਟੀ ਵਿੱਚ ਸੰਪਰਕ ਕਰ ਸਕਦਾ ਹੈ।
Punjab Post Daily Online Newspaper & Print Media