ਪੰਜਾਬ ਵਿਚ ਸੋਲਰ ਪਲਾਂਟਾਂ ਤੋਂ ਪੈਦਾ ਹੋ ਰਹੀ ਹੈ 200 ਮੈਗਾਵਾਟ ਬਿਜਲੀ – ਉਪਕਾਰ ਸੰਧੂ

ਅੰਮ੍ਰਿਤਸਰ, 7 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਬਿਜਲੀ ਦੀ ਵੱਧ ਰਹੀ ਮੰਗ ਦੀ ਪੂਰਤੀ ਲਈ ਪੰਜਾਬ ਸਰਕਾਰ ਵਲੋਂ 31 ਮਾਰਚ 2016 ਤਕ ਸੂਰਜੀ ਊਰਜਾ ਤੋਂ 500 ਮੈਗਾਵਾਟ ਬਿਜਲੀ ਪੈਦਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਹੁਣ ਤਕ ਪੰਜਾਬ ਵਿਚ ਲਾਏ ਗਏ ਸੋਲਰ ਪਾਵਰ ਪਲਾਂਟ ਤੋਂ 200 ਮੈਗਾਵਾਟ ਬਿਜਲੀ ਦੀ ਪੈਦਾਵਾਰ ਹੋ ਰਹੀ ਹੈ ਤੇ 229 ਮੈਗਾਵਾਟ ਦੀ ਸਮਰਥਾ ਵਾਲੇ ਹੋਰ ਸੋਲਰ ਪਾਵਰ ਪਲਾਂਟ ਲਗਾਉਣ ਲਈ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇੰਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੇ ਚੇਅਰਮੈਨ ਉਪਕਾਰ ਸਿੰਘ ਸੰਧੂ ਨੇ ਬਿਧੀਚੰਦ ਛੀਨਾ ਵਿਖੇ ਰਣਬੀਰ ਸਿੰਘ ਛੀਨਾ ਵਲੋਂ ਲਗਾਏ ਗਏ 13 ਕਰੋੜ ਦੀ ਲਾਗਤ ਨਾਲ 2 ਮੈਗਾਵਾਟ ਦੇ ਸੋਲਰ ਪਲਾਂਟ ਦਾ ਨਿਰੀਖਣ ਕਰਦਿਆਂ ਕੀਤਾ। ਸ੍ਰ. ਸੰਧੂ ਅੱਜ ਇਥੇ ਲੱਗੇ ਪਲਾਂਟ ਜਿਸਦਾ ਕਿ ਉਦਘਾਟਨ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਸੀ ਵਿਚ ਵਿਸ਼ੇਸ਼ ਵਿਜਿਟ ਕਰਨ ਲਈ ਪਹੁੰਚੇ ਸਨ।
ਇਸ ਮੌਕੇ ਉਨਾਂ੍ਹ ਨੇ ਰਣਬੀਰ ਸਿੰਘ ਛੀਨਾ ਵਲੋਂ ਬਹੁਤ ਵਧੀਆ ਤਰੀਕੇ ਨਾਲ ਲਗਾਏ ਗਏ ਪਲਾਂਟ ਦੀ ਪ੍ਰਸ਼ੰਸ਼ਾ ਕਰਦਿਆਂ ਜਾਣਕਾਰੀ ਹਾਸਿਲ ਕੀਤੀ ਅਤੇ ਆ ਰਹੀਆਂ ਮੁਸ਼ਕਲ਼ਾਂ ਸੰਬੰਧੀ ਵਿਚਾਰ ਚਰਚਾ ਕੀਤੀ। ਛੀਨਾ ਨੇ ਉਨਾਂ੍ਹ ਨੂੰ ਬਿਜਲੀ ਦੀ ਬਾਰ ਬਾਰ ਟਰਿੱਪਿੰਗ ਕਾਰਨ ਹੋ ਰਹੇ ਨੁਕਸਾਨ ਸੰਬੰਧੀ ਦੱਸਦਿਆਂ ਕਿਹਾ ਕਿ ਜਲਦੀ ਹੀ ਉਹ 5 ਮੈਗਾਵਾਟ ਦਾ ਸੋਲਰ ਪਲਾਂਟ ਵੀ ਲਗਾ ਰਹੇ ਹਨ। ਸੰਧੂ ਨੇ ਉਨਾਂ੍ਹ ਨੂੰ ਵਿਸ਼ਵਾਸ਼ ਦਿਵਾਇਆ ਕਿ ਇਸ ਸੰਬੰਧੀ ਉਹ ਚੇਅਰਮੈਨ ਪੀਐਸਪੀਸੀਐਲ ਨਾਲ ਗੱਲਬਾਤ ਕਰਕੇ ਬਿਜਲੀ ਦੀ ਟ੍ਰੀਪਿੰਗ ਦਾ ਹੱਲ ਕਰਵਾਉਣਗੇ। ਸੰਧੂ ਨੇ ਕਿਹਾ ਕਿ ਇਕ ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ ਸੋਲਰ ਪਾਵਰ ਪਲਾਂਟ ‘ਤੇ ਕਰੀਬ 7 ਕਰੋੜ ਰੁਪਏ ਦੀ ਲਾਗਤ ਆਉਂਦੀ ਹੈ ਤੇ ਇਸ ਤੋਂ ਹਰੇਕ ਸਾਲ ਕਰੀਬ 1 ਕਰੋੜ ਰੁਪਏ ਤਕ ਦੀ ਬਿਜਲੀ ਪੈਦਾ ਹੋਵੇਗੀ ਅਤੇ ਸੋਲਰ ਪਾਵਰ ਪਲਾਂਟ ਦੀ ਲਾਗਤ 8-9 ਸਾਲਾਂ ਵਿਚ ਹੀ ਪੂਰੀ ਹੋ ਜਾਵੇਗੀ। ਇਸ ਮੌਕੇ ਇੰਗਲੈਂਡ ਤੋਂ ਐਸਐਸ ਆਹਲੂਵਾਲੀਆ, ਇੰਦਰਬੀਰ ਸਿੰਘ ਦਿਊ, ਅਮਨਦੀਪ ਸਿੰਘ ਆਹਲੂਵਾਲੀਆ ਆਦਿ ਹਾਜਰ ਸਨ।
Punjab Post Daily Online Newspaper & Print Media