
ਅੰਮ੍ਰਿਤਸਰ, 11 ਜੂਨ (ਗੁਰਚਰਨ ਸਿੰਘ) – ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਗੈਰ ਰਵਾਇਤੀ ਊਰਜਾ ਦਾ ਪ੍ਰਸਾਰ ਸਮੇਂ ਦੀ ਲੋੜ ਹੈ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਸੋਈ ਗੈਸ ਵਾਸਤੇ ਬਾਇਓ ਗੈਸ ਪਲਾਂਟ ਲਗਾਉਣ ਲਈ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸਕੀਮ ਅਧੀਨ ਪੇਡਾ ਵੱਲੋਂ ਆਮ ਵਰਗ ਨੂੰ 9000 ਰੁਪਏ ਅਤੇ ਅਨੁਸੂਚਿਤ ਜਾਤੀਆਂ ਦੇ ਵਰਗ ਨੂੰ 11 ਹਜਾਰ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।ਇਹ ਜਾਣਕਾਰੀ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੇ ਚੇਅਰਮੈਨ ਸ. ਉਪਕਾਰ ਸਿੰਘ ਸੰਧੂ ਨੇ ਪ੍ਰੈੱਸ ਮਿਲਣੀ ਦੌਰਾਨ ਦਿੱਤੀ।ਉਨ੍ਹਾਂ ਇਹ ਵੀ ਦੱਸਿਆ ਕਿ ਸੋਲਰ ਸਿਸਟਮ ‘ਤੇ ਸਟਰੀਟ ਲਾਈਟ ਲਗਾਉਣ ‘ਤੇ 14 ਹਜਾਰ 500 ਰੁਪਏ ਦੀ ਲਾਗਤ ਆਉਂਦੀ ਹੈ ਜਿਸ ‘ਤੇ 3500 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ।
ਉਹਨਾਂ ਦੱਸਿਆ ਕਿ ਬਿਜਲੀ ਦੀ ਵੱਧ ਰਹੀ ਮੰਗ ਦੀ ਪੂਰਤੀ ਲਈ ਪੰਜਾਬ ਸਰਕਾਰ ਵੱਲੋਂ 31 ਮਾਰਚ 2016 ਤੱਕ ਸੂਰਜੀ ਊਰਜਾ ਤੋਂ 500 ਮੈਗਾਵਾਟ ਬਿਜਲੀ ਪੈਦਾ ਕਰਨ ਦੇ ਮਿਥੇ ਟੀਚੇ ਤਹਿਤ ਕੋਈ ਵੀ ਕਿਸਾਨ ਜਿਸ ਦੇ ਨਾਮ ‘ਤੇ ਪਿਛਲੇ ਤਿੰਨ ਸਾਲਾਂ ਤੋਂ ਜਮੀਨ ਚਲੀ ਆ ਰਹੀ ਹੋਵੇ ਉਹ ਆਪਣੀ ਜਮੀਨ ਵਿੱਚ ਸੋਲਰ ਪਾਵਰ ਪਲਾਂਟ ਲਗਾ ਸਕਦਾ ਹੈ ਤੇ ਇੱਕ ਮੈਗਾਵਾਟ ਤੋਂ ਲੈ ਕੇ 2.5 ਮੈਗਾਵਾਟ ਤੱਕ ਦੀ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟ ਲਗਾਏ ਜਾ ਸਕਦੇ ਹਨ। ਉਹਨਾਂ ਕਿਹਾ ਕਿ ਇੱਕ ਮੈਗਾਵਾਟ ਦਾ ਸੋਲਰ ਪਾਵਰ ਪਲਾਂਟ ਲਗਾਉਣ ਲਈ 5 ਏਕੜ ਰਕਬੇ ਦੀ ਜਰੂਰਤ ਹੁੰਦੀ ਹੈ ਤੇ ਇਸ ਸਕੀਮ ਤੋਂ ਕਿਸਾਨਾਂ ਨੂੰ ਜਾਣੂੰ ਕਰਾਉਣ ਲਈ ਵਿਸ਼ੇਸ਼ ਕੈਂਪ ਪੇਡਾ ਵੱਲੋਂ ਲਗਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਸੋਲਰ ਪਾਵਰ ਪਲਾਂਟ ਤੋਂ ਤਿਆਰ ਕੀਤੀ ਗਈ ਬਿਜਲੀ ਖਰੀਦਣ ਦਾ 25 ਸਾਲ ਲਈ ਇਕਰਾਰ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਵਿੱਚ ਲਗਾਏ ਗਏ ਸੋਲਰ ਪਾਵਰ ਪਲਾਂਟ ਤੋਂ 200 ਮੈਗਾਵਾਟ ਬਿਜਲੀ ਦੀ ਪੈਦਾਵਾਰ ਹੋ ਰਹੀ ਹੈ ਅਤੇ 229 ਮੈਗਾਵਾਟ ਦੀ ਸਮੱਰਥਾ ਵਾਲੇ ਹੋਰ ਸੋਲਰ ਪਾਵਰ ਪਲਾਂਟ ਲਗਾਉਣ ਲਈ ਮਨਜੂਰੀ ਦਿੱਤੀ ਜਾ ਚੁੱਕੀ ਹੈ।ਇਸ ਮੌਕੇ ਪ੍ਰੋ: ਬਲਰਾਜ ਸਿੰਘ, ਪ੍ਰੋ: ਜਸਬੀਰ ਸਿੰਘ ਰਟੋਲ, ਨੰਬਰਦਾਰ ਗੱਜਣ ਸਿੰਘ, ਕਰਨੈਲ ਸਿੰਘ, ਪz ਜੁਗਰਾਜ ਸਿੰਘ, ਸ ਜੋਬਨਦੀਪ ਸਿੰਘ, ਸ ਸ਼ਮਸ਼ੇਰ ਸਿੰਘ ਗਿੱਲ, ਨੰਬਰਦਾਰ ਭਗਵੰਤ ਸਿੰਘ ਸ. ਚਰਨਜੀਤ ਸਿੰਘ ਭਮਰਾ, ਦਲਜੀਤ ਸਿੰਘ ਖੰਘੂੜਾ ਗੁਲਬਾਗ ਸਿੰਘ ਮਿੱਠੂ, ਖੁਸ਼ਵਿੰਦਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media