ਬਟਾਲਾ, 25 ਜੂਨ (ਨਰਿੰਦਰ ਬਰਨਾਲ) – ਸਵੱਛ ਭਾਰਤ ਅਭਿਆਨ ਤਹਿਤ ਚੱਲ ਰਹੇ ਸਫਾਈ ਹਫਤੇ ਦੌਰਾਨ ਅੱਜ ਐੱਸ.ਡੀ.ਐੱਮ. ਬਟਾਲਾ ਸ. ਸਕੱਤਰ ਸਿੰਘ ਬੱਲ ਵੱਲੋਂ ਬਟਾਲਾ ਸ਼ਹਿਰ ਦੇ ਵਾਰਡ ਨੰਬਰ 31 ਮੁਰਗੀ ਮੁਹੱਲਾ ਵਿਖੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ। ਨਗਰ ਕੌਂਸਲ ਬਟਾਲਾ ਦੇ ਸਫਾਈ ਕਰਮਚਾਰੀਆਂ ਨੇ ਇਸ ਸਫਾਈ ਅਭਿਆਨ ਦੌਰਾਨ ਵਾਰਡ ਨੰਬਰ 31 ਦੀਆਂ ਸਾਰੀਆਂ ਗਲੀਆਂ ਦੀ ਸਫਾਈ ਕਰਨ ਦੇ ਨਾਲ ਗੰਦੇ ਪਾਣੀ ਦੇ ਨਾਲੇ ਅਤੇ ਸੀਵਰੇਜ ਦੀ ਸਫਾਈ ਵੀ ਕੀਤੀ। ਇਸੇ ਦੌਰਾਨ ਮੁਹੱਲਾ ਵਾਸੀਆਂ ਨੇ ਵੀ ਸਫਾਈ ਮੁਹਿੰਮ ‘ਚ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਆਪਣੇ ਮੁਹੱਲੇ ਅਤੇ ਆਸ ਪਾਸ ਦੇ ਇਲਾਕੇ ਨੂੰ ਸਾਫ-ਸੁਥਰਾ ਰੱਖਣ ਦੀ ਵੱਚਨਬੱਧਤਾ ਦੁਹਰਾਈ।ਸਫਾਈ ਅਭਿਆਨ ਦੀ ਸ਼ੁਰੂਆਤ ਕਰਨ ਮੌਕੇ ਐੱਸ.ਡੀ.ਐੱਮ. ਬਟਾਲਾ ਸ. ਸਕੱਤਰ ਸਿੰਘ ਬੱਲ ਨੇ ਕਿਹਾ ਕਿ ਮਨੁੱਖ ਦੇ ਤੰਦਰੁਸਤ ਰਹਿਣ ਲਈ ਸਾਫ-ਸੁਥਰਾ ਆਲਾ ਦੁਆਲਾ ਹੋਣਾ ਬਹੁਤ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਫਾਈ ਵਿੱਚ ਹੀ ਖੁਦਾਈ ਹੈ ਅਤੇ ਜਿਥੇ ਅਸੀਂ ਆਪਣੇ ਘਰਾਂ ਨੂੰ ਸਾਫ ਸੁਥਰਾ ਰੱਖਦੇ ਹਾਂ ਉਥੇ ਸਾਨੂੰ ਆਪਣੇ ਘਰ ਤੋਂ ਬਾਹਰ ਵੀ ਸਫਾਈ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ-ਕਰਕਟ ਸੁੱਟਣ ਲਈ ਸਿਰਫ ਕੂੜੇਦਾਨ ਦੀ ਹੀ ਵਰਤੋਂ ਕਰਨ ਅਤੇ ਸੜਕਾਂ ਕਿਨਾਰੇ ਕੂੜੇ ਦੇ ਢੇਰ ਨਾ ਲਗਾਉਣ।ਐੱਸ.ਡੀ.ਐੱਮ. ਸ. ਬੱਲ ਨੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਗਲੀ ਮੁਹੱਲੇ ਦੀ ਰੋਜ਼ਾਨਾ ਸਫਾਈ ਕੀਤੀ ਜਾਵੇ ਅਤੇ ਰੋਜ਼ ਹੀ ਕੂੜਾ ਨਾਲੋ-ਨਾਲ ਚੁੱਕਿਆ ਜਾਵੇ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬਟਾਲਾ ਵੱਲੋਂ ਛੇਤੀ ਹੀ 55 ਹੋਰ ਸਫਾਈ ਕਰਮੀ ਭਰਤੀ ਕੀਤੇ ਜਾ ਰਹੇ ਹਨ ਤਾਂ ਜੋ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ।
ਐੱਸ.ਡੀ.ਐੱਮ. ਬਟਾਲਾ ਨੇ ਦੱਸਿਆ ਕਿ ਸਫਾਈ ਅਭਿਆਨ ਦੌਰਾਨ ਸ਼ਹਿਰ ਦੇ ਹਰ ਵਾਰਡ ਦੀ ਸਫਾਈ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਸਫਾਈ ਲਈ ਜਾਗਰੂਕ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਦਫਤਰਾਂ ਵਿੱਚ ਵੀ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਦਫਤਰਾਂ ਨੂੰ ਸਾਫ ਸੁਥਰਾ ਰੱਖਣ ਦੇ ਨਾਲ ਪੁਰਾਣੇ ਕਬਾੜ ਅਤੇ ਫਾਲਤੂ ਫਾਈਲਾਂ ਨੂੰ ਬੋਲੀ ਰਾਹੀਂ ਵੇਚ ਕੇ ਦਫਤਰਾਂ ਦਾ ਖਿਲਾਰਾ ਮੁਕਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਵੱਛ ਭਾਰਤ ਮੁਹਿੰਮ ਦਾ ਹਿੱਸਾ ਬਣਨ ਤਾਂ ਜੋ ਆਪਣੇ ਦੇਸ਼, ਸੂਬੇ ਅਤੇ ਸ਼ਹਿਰ ਨੂੰ ਸਾਫ-ਸੁਥਰਾ ਬਣਾਇਆ ਜਾ ਸਕੇ।ਇਸੇ ਦੌਰਾਨ ਐੱਸ.ਡੀ.ਐੱਮ. ਸਕੱਤਰ ਸਿੰਘ ਬੱਲ ਨੇ ਸਥਾਨਕ ਲੋਕਾਂ ਦੀਆਂ ਮੁਸਕਲਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ।
ਇਸ ਮੌਕੇ ਉਨ੍ਹਾਂ ਨਾਲ ਨਾਇਬ ਤਹਿਸੀਲਦਾਰ, ਈ.ਓ. ਨਗਰ ਕੌਂਸਲ ਭੁਪਿੰਦਰ ਸਿੰਘ, ਐੱਸ.ਡੀ.ਓ. ਸੀਵਰੇਜ ਬੋਰਡ ਜੁਗਲ ਕਿਸ਼ੋਰ, ਕੌਂਸਲਰ ਸੁਰਜੀਤ ਕੌਰ, ਸੈਨਟਰੀ ਇੰਸਪੈਕਟਰ ਖੁਸ਼ਬੀਰ ਸਿੰਘ, ਹਰਿੰਦਰਪਾਲ ਸਿੰਘ ਮਜੀਠਾ ਤੋਂ ਇਲਾਵਾ ਮੁਹੱਲਾ ਵਾਸੀ ਵੀ ਹਾਜ਼ਰ ਸਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media