ਖੇਤੀਬਾੜੀ ਦੇ ਨਾਲ ਹੋਰਨਾਂ ਸਹਾਇਕ ਧੰਦਿਆਂ ਨੂੰ ਉਤਸ਼ਾਹਤ ਕਰਨ ਲਈ ਵਿਭਾਗ ਦਾ ਉਪਰਾਲਾ
ਫਾਜ਼ਿਲਕਾ, 13 ਜੁਲਾਈ (ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਲਈ ਖੇਤੀ ਖੇਤਰ ਵਿਚ ਨਵੇਂ ਕੀਰਤੀਮਾਨ ਦੀ ਸਥਾਪਤੀ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ ਜਿਸ ਵਿਚ ਕਿਸਾਨ ਆਪਣੇ ਖੇਤਾਂ ਵਿਚ ਪੈਦਾ ਕੀਤੇ ਖਾਣ- ਪੀਣ ਦੇ ਵੱਖ – ਵੱਖ ਉਤਪਾਦ ਹੁਣ ਆਪ ਮਾਰਕਿਟਿੰਗ ( ਵੇਚ ) ਕਰ ਸਕਣਗੇ। ਜਿਸ ਨਾਲ ਕਿਸਾਨਾਂ ਦੀ ਆਰਥਿਕਤਾ ਵਿਚ ਵੱਡਾ ਹੁਲਾਰਾ ਆਵੇਗਾ। ਇਸ ਸਕੀਮ ਤਹਿਤ ਫਾਜ਼ਿਲਕਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਆਤਮਾ ਕਿਸਾਨ ਹੱਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ. ਏ.ਐਸ. ਨੇ ਦਿੱਤੀ ।
ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਪੰਜਾਬ ਵੱਲੋ ਛੋਟੀ ਅਤੇ ਦਰਿਮਆਨੀ ਕਿਸਾਨੀ ਨੂੰ ਹੋਰਨਾਂ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਕਰਕੇ ਉਨ੍ਹਾਂ ਨੂੰ ਆਪਣੇ ਪੈਰਾਂ ਸਿਰ ਖੜ੍ਹਾ ਕਰਨ ਲਈ ਆਤਮਾ ਸਕੀਮ ਅਧੀਨ ਸਵੈ ਰੋਜਗਾਰ ਲਈ ਅਤੇ ਕਿਸਾਨਾਂ ਨੂੰ ਆਪਣੀ ਪੈਦਾਵਾਰ ਆਪ ਵੇਚ ਕੇ ਲਾਹਾ ਲੈਣ ਲਈ ਪ੍ਰੇਰਿਤ ਕਰਨ ਅਤੇ ਵੱਧ ਮੁਨਾਫਾ ਕਮਾਉਣ ਵਾਸਤੇ ਆਤਮਾ ਕਿਸਾਨ ਹੱਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਤਮਾ ਕਿਸਾਨ ਹੱਟ ਵਿਚ ਸੈਲਫ ਹੈਲਪ ਗਰੁੱਪ ਅਤੇ ਆਰਗੈਨਿਕ ਫਾਰਮਿੰਗ ਕਰ ਰਹੇ ਕਿਸਾਨ ਅਤੇ ਫੂਡ ਸਕਿਊਰਟੀ ਗਰੁੱਪ ਫਾਰ ਵੂਮੈਨ, ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡਾਂ ਵਿੱਚ ਸੈਲਫ ਹੈਲਪ ਗਰੁੱਪ ਆਪਣੇ ਹੱਥੀਂ ਆਪਣੇ ਪੈਦਾ ਕੀਤੇ ਖਾਣ ਪੀਣ ਦੇ ਉਤਪਾਦ ਜਿਵੇਂ ਕਿ ਅਚਾਰ, ਮੁਰੱਬਾ, ਚੱਟਨੀ, ਸਰਫ, ਕੱਪੜੇ ਧੋਣ ਵਾਲਾ ਸਾਬਣ, ਸਿਲਾਈ, ਬੁਣਾਈ, ਹੋਮ ਡੈਕੋਰੈਟਿਵ ਸਮਾਨ, ਸਹਿਦ ਆਦਿ ਸਬੰਧੀ ਟ੍ਰੇਨਿੰਗ ਲੈਣ ਤੋ ਬਾਅਦ ਕਿਸਾਨ ਅਤੇ ਕਿਸਾਨ ਔਰਤਾਂ ਸਵੈ ਰੁਜਗਾਰ ਸ਼ੁਰੂ ਕਰਕੇ ਆਪਣੇ ਇਹ ਉਤਪਾਦ ਇਸ ਹੱਟ ਵਿਚ ਵੇਚ ਸਕਣਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਸ. ਹਰਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਆਤਮਾ ਕਿਸਾਨ ਹੱਟ ਦਾ ਨਿਰਮਾਣ ਕਾਰਜ ਜਾਰੀ ਹੈ। ਜਿਸਨੂੰ ਜਲਦ ਹੀ ਕਿਸਾਨਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਉਤਪਾਦਾਂ ਤੋਂ ਇਲਾਵਾ ਦੁੱਧ ਤੋਂ ਤਿਆਰ ਹੋਣ ਵਾਲੀਆਂ ਵਸਤਾਂ ਪਨੀਰ ਅਤੇ ਹੋਰ ਬਨਣ ਵਾਲੀਆ ਵਸਤਾਂ ਜਿਵੇਂ ਖੋਆ ਅਤੇ ਘਿਉ ਆਦਿ ਦੀ ਟ੍ਰੇਨਿੰਗ ਕ੍ਰਿਸੀ ਵਿਗਿਆਨ ਕੇਦਰ ਤੋ ਲੈਣ ਤੋਂ ਬਾਅਦ ਰੁਜਗਾਰ ਦੇ ਸਾਧਨ ਮੁਹੱਈਆ ਕਰਵਾਏ ਜਾ ਸਕਦੇ ਹਨ ਅਤੇ ਇਹ ਕਿਸਾਨ ਆਪਣੇ ਉਤਪਾਦ ਸਿੱਧੇ ਗ੍ਰਾਹਕਾਂ ਨੂੰ ਵੇਚ ਸਕਣਗੇ । ਆਤਮਾ ਹੱਟ ਦਾ ਮੰਤਵ ਕਿਸਾਨਾਂ ਨੂੰ ਆਪਣੀ ਪੈਦਾਵਾਰ ਆਪ ਵੇਚਣ ਲਈ ਉਤਸਾਹਿਤ ਕਰਨਾ ਹੈ । ਇਸ ਨਾਲ ਕਿਸਾਨਾਂ ਵਿਚ ਸਵੈ ਰੋਜਗਾਰ ਪ੍ਰਤੀ ਉਤਸ਼ਾਹ ਵਧੇਗਾ। ਕਿਸਾਨਾਂ ਨੂੰ ਆਪਣੇ ਉਤਪਾਦ ਦੇ ਮੰਡੀਕਰਨ ਲਈ ਇਕ ਵਿਸ਼ੇਸ਼ ਸਥਾਨ ਮਿਲਣ ਨਾਲ ਖੇਤ ਦੀ ਪੈਦਾਵਾਰ ਸਿੱਧੇ ਤੌਰ ਤੇ ਗਾਹਕ ਤੱਕ ਕਿਸਾਨ ਪਹੁੰਚਾ ਸਕੇਗਾ । ਇਸ ਮੌਕੇ ਪਰਵਿੰਦਰ ਸਿੰਘ ਧੰਜੂ ਏ.ਈ.ਓ. ਵੀ ਮੌਕੇ ਤੇ ਹਾਜਰ ਸਨ।
Punjab Post Daily Online Newspaper & Print Media