Friday, October 9, 2026

ਖੁਲ੍ਹੇ ਵਿੱਚ ਜੰਗਲ ਪਾਣੀ ਨਾ ਜਾਣ ਸਬੰਧੀ ਸ਼੍ਰੀ ਸਾਈਂ ਕਾਲਜ ਬਧਾਨੀ ਵਿਖੇ ਪੰਜ ਰੋਜ਼ਾ ਜਾਗਰੂਕਤਾ ਵਰਕਸ਼ਾਪ

PPN1307201514ਪਠਾਨਕੋਟ, 13 ਜੁਲਾਈ (ਪ.ਪ) – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਸਵੱਛ ਭਾਰਤ ਮਿਸ਼ਨ ਅਧੀਨ ਲੋਕਾਂ ਨੂੰ ਖੁਲ੍ਹੇ ਵਿੱਚ ਜੰਗਲ ਪਾਣੀ ਨਾ ਜਾਣ ਸਬੰਧੀ ਜਾਗਰੂਕ ਕਰਨ ਲਈ ਵੱਖ-ਵੱਖ ਪਿੰਡਾਂ ਦੇ ਨੌਜਵਾਨ ਵਲੰਟੀਅਰਾਂ, ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਵਾਸਤੇ ਸ਼੍ਰੀ ਸਾਈਂ ਕਾਲਜ ਬਧਾਨੀ (ਪਠਾਨਕੋਟ) ਵਿਖੇ ਪੰਜ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ। ਜਿਸ ਦਾ ਉਦਘਾਟਨ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਸ਼ਮਾ ਰੋਸ਼ਨ ਕਰਕੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਪ੍ਰਵੀਨ ਕੁਮਾਰ ਕਾਰਜਕਾਰੀ ਇੰਜੀਨੀਅਰ, ਚਾਂਸਲਰ ਐਸ.ਕੇ ਪੁੰਜ, ਜਗਜੀਤ ਸਿੰਘ ਐਸ.ਡੀ.ਓ., ਅਤੁਲ ਖੁਰਾਨਾ ਐਸ.ਡੀ.ਓ., ਰਮੇਸ਼ਵਰ ਐਸ.ਡੀ.ਓ., ਸੀਤਾ ਰਾਮ ਮਾਸਟਰ ਟ੍ਰੇਨਰ, ਸੁਖਦੇਵ ਰਾਜ ਬੀ.ਡੀ.ਪੀ.ਓ., ਪ੍ਰੋ: ਸਵਤੰਤਰ ਮੁਰਗਈ, ਮਨਿੰਦਰ ਕੌਰ, ਸਬੰਧਤ ਅਧਿਕਾਰੀ ਤੇ ਕਰਮਚਾਰੀ ਅਤੇ ਵੱਖ ਵੱਖ ਪਿੰਡਾਂ ਦੇ ਨੌਜਵਾਨ ਵਲੰਟੀਅਰ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਵੱਛ ਭਾਰਤ (ਗ੍ਰਾਮੀਣ) ਮਿਸ਼ਨ ਅਧੀਨ ਪਹਿਲੇ ਪੜ੍ਹਾਅ ਦੌਰਾਨ ਜ਼ਿਲ੍ਹਾ ਪਠਾਨਕੋਟ ਦੇ 60 ਪਿੰਡਾਂ ਵਿੱਚ ਖੁੱਲ੍ਹੇ ਵਿੱਚ ਜੰਗਲ ਪਾਣੀ ਜਾਣ ਦੀ ਪ੍ਰਵਿਰਤੀ ਨੂੰ ਖਤਮ ਕਰਨ ਲਈ 2 ਅਕਤੂਬਰ, 2015 ਤੱਕ ਪਖਾਨੇ ਬਣਾਏ ਜਾਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਖਾਨਿਆਂ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੁਲ੍ਹੇ ਵਿੱਚ ਜੰਗਲ ਪਾਣੀ ਜਾਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਹਨ ਅਤੇ ਇਸ ਲਈ ਪਖਾਨਿਆਂ ਵਿੱਚ ਜੰਗਲ ਪਾਣੀ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਵਲੰਟੀਅਰ ਟ੍ਰੇਨਿੰਗ ਹਾਸਲ ਕਰਕੇ ਲੋਕਾਂ ਨੂੰ ਜਾਗਰੂਕ ਕਰਨਗੇ ਕਿ ਉਹ ਆਪਣੇ ਪਖਾਨਿਆਂ ਦੀ ਵਰਤੋਂ ਕਰਨ। ਉਨ੍ਹਾਂ ਵਲੰਟੀਅਰਾਂ ਨੂੰ ਕਿਹਾ ਕਿ ਉਹ ਇਸ ਕੰਮ ਨੂੰ ਚੁਣੌਤੀ ਸਮਝਣ ਅਤੇ ਆਲਸ ਪੁਣੇ ਨੂੰ ਤਿਆਗ ਕੇ ਸਮਰਪਿਤ ਭਾਵਨਾ ਨਾਲ ਕੰਮ ਕਰਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਖਾਨੇ ਬਣਾਉਣ ਦੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲੈਣ ਤਾਂ ਜੋ ਕੰਮ ਵਾਲੇ ਕੋਈ ਮੁਸ਼ਕਲ ਪੇਸ਼ ਨਾ ਆਵੇ।
ਇਸ ਮੌਕੇ ਚਾਂਸਲਰ ਸ਼੍ਰੀ ਐਸ.ਕੇ ਪੁੰਜ, ਸ਼੍ਰੀ ਸੀਤਾ ਰਾਮ, ਸ਼੍ਰੀ ਰਮੇਸ਼ਵਰ ਐਸ.ਡੀ.ਓ., ਪ੍ਰੋ: ਸਵਤੰਤਰ ਮੁਰਗਈ ਅਤੇ ਮਨਿੰਦਰ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸ਼੍ਰੀ ਪ੍ਰਵੀਨ ਕੁਮਾਰ ਕਾਰਜਕਾਰੀ ਇੰਜੀਨੀਅਰ ਨੇ ਇਸ ਮੌਕੇ ਮੁੱਖ ਮਹਿਮਾਨ ਅਤੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ।ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਵਰਕਸ਼ਾਪ 13 ਜੁਲਾਈ ਤੋਂ 17 ਜੁਲਾਈ ਤੱਕ ਚਲਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵਲੰਟੀਅਰਾਂ ਨੂੰ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਫੀਲਡ ਵਿੱਚ ਲਿਜਾਕੇ ਸਾਰੀ ਟ੍ਰੇਨਿੰਗ ਦਿੱਤੀ ਜਾਵੇਗੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply