Saturday, March 21, 2026

ਪਾਕਿ ਨੇੜੇ ਸਰਹੱਦੀ ਖੇਤਰ ਦੇ ਲੋਕਾਂ ਦਾ ਜੀਵਨ ਮਿਆਰ ਸੁਧਰੇ – ਛੀਨਾ

ਛੀਨਾ ਨੇ ਜੇਤਲੀ ਨੂੰ ਸੌਂਪਿਆ ਮੰਗ ਪੱਤਰ

PPN1707201504

ਅੰਮ੍ਰਿਤਸਰ, 17 ਜੁਲਾਈ (ਪ੍ਰੀਤਮ ਸਿੰਘ) – ਪੰਜਾਬ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਪਾਕਿ ਨਾਲ ਲੱਗਦੀ ਸਰਹੱਦ ਨੇੜਲੇ ਪਿੰਡਾਂ ਦੇ ਲੋਕਾਂ ਦਾ ਜੀਵਨ ਮਿਆਰ ਸੁਧਾਰਨ ਸਬੰਧੀ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਮੰਗ ਪੱਤਰ ਸੌਂਪਿਆ।ਸ: ਛੀਨਾ ਨੇ ਆਪਣੇ ਮੰਗ ਪੱਤਰ ਵਿੱਚ ਜਿੱਥੇ ਕੰਡਿਆਲੀ ਤਾਰ ਤੋਂ ਬਾਹਰਲੇ ਕਿਸਾਨਾਂ ਦੀਆਂ ਵਾਹੀਯੋਗ ਜ਼ਮੀਨਾਂ ਲਈ ਸਾਲਾਨਾ ਮੁਆਵਜ਼ਾ ਦੇਣ ਦੀ ਗੱਲ ਕਹੀ, ਉਥੇ ਉਨ੍ਹਾਂ ਨੇ ਛੋਟੇ ਪੱਧਰ ਦੀਆਂ ਸਨਅਤਾਂ ਸਰਹੱਦੀ ਖੇਤਰ ਵਿੱਚ ਲਗਾਉਣ ਲਈ ਵੀ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ।
ਸ: ਛੀਨਾ ਨੇ ਸ੍ਰੀ ਜੇਤਲੀ ਨੂੰ ਮੰਗ ਪੱਤਰ ਉਨ੍ਹਾਂ ਦੀ ਪਿਛਲੇ ਦਿਨੀਂ ਅੰਮ੍ਰਿਤਸਰ ਫੇਰੀ ਦੌਰਾਨ ਸੌਂਪਿਆ, ਜਿਸ ਵਿੱਚ ਉਨ੍ਹਾਂ ਨੇ ਸੀਮਾ ਨਾਲ ਲੱਗਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕੇਂਦਰੀ ਮੰਤਰੀ ਨੂੰ ਖਾਸ ਪੈਕੇਜ਼ ਐਲਾਨ ਕਰਨ ਦੀ ਬੇਨਤੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਥੋਂ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀਆਂ ਉਡਾਨਾਂ ਦੁਨੀਆਂ ਦੇ ਵੱਖ-ਵੱਖ ਸ਼ਹਿਰਾਂ ਜਿੱਥੇ ਕਿ ਪੰਜਾਬੀ ਪ੍ਰਵਾਸੀ ਵੱਡੀ ਗਿਣਤੀ ਵਿੱਚ ਵੱਸਦੇ ਹਨ, ਬਹਾਲ ਕਰਨ ਲਈ ਵੀ ਕਿਹਾ। ਉਨ੍ਹਾਂ ਇਸ ਹਵਾਈ ਅੱਡੇ ਤੋਂ ਵਪਾਰਿਕ ਉਡਾਨਾਂ ਨੂੰ ਤਰਜੀਹ ਦੇਣ ਲਈ ਵੀ ਬੇਨਤੀ ਕੀਤੀ।
ਭਾਜਪਾ ਆਗੂ ਜੋ ਕਿ ਵਿੱਤ ਮੰਤਰੀ ਦੇ ਕਰੀਬੀਆਂ ਵੱਲੋਂ ਮੰਨ੍ਹੇ ਜਾਂਦੇ ਹਨ, ਨੇ ਆਪਣੇ ਮੰਗ ਪੱਤਰ ਵਿੱਚ ਗੁਰੂ ਨਗਰੀ ਨੂੰ ਹੋਰ ਖੂਬਸੂਰਤ ਅਤੇ ਸਾਫ਼ ਸੁਥਰਾ ਬਣਾਉਣ ਲਈ ਵਿਸ਼ੇਸ਼ ਧਿਆਨ ਦੇਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜਿੱਥੇ ਕੇਂਦਰ ਸਰਕਾਰ ਦਾ ਪਵਿੱਤਰ ਗੁਰੂ ਨਗਰੀ ਵਿੱਚ ‘ਸਮਾਰਟ ਸਿਟੀ’ ਦੀ ਸੂਚੀ ਵਿੱਚ ਰੱਖਣ ‘ਤੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ, ਉਥੇ ਕਿਹਾ ਕਿ ਸ਼ਹਿਰ ਜੋ ਕਿ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ, ਵਿਖੇ ਮੁੱਢਲੀਆਂ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਦੀ ਜਰੂਰਤ ਹੈ। ਉਨ੍ਹਾਂ ਨੇ ਕਿਸਾਨਾਂ ਨੂੰ 4 ਫੀਸਦੀ ਦਰ ਨਾਲ ਟਰੈਕਟਰ ਅਤੇ ਫਸਲਾਂ ਉਗਾਉਣ ਲਈ ਕਰਜਾ ਦੇਣ ਦੀ ਅਰਜ ਵੀ ਕੀਤੀ ਅਤੇ ਕਿਹਾ ਕਿ ਨਵੇਂ ਬਣੇ ਕਾਨੂੰਨ, ਜਿਸ ਸਬੰਧੀ ਕਿਸਾਨਾਂ ਤੋਂ ਜਮੀਨ ਗ੍ਰਹਿਣ ਕੀਤੀ ਜਾਣੀ ਹੈ, ਬਦਲੇ 5 ਗੁਣਾ ਜਿਆਦਾ ਕੀਮਤ ਦਿੱਤੀ ਜਾਵੇ।
ਸ: ਛੀਨਾ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਮਾਡਲ ਦਾ ਰੇਲਵੇ ਸਟੇਸ਼ਨ ਬਣਾਉਣ, ਖੇਮਕਰਨ ਤੋਂ ਫਿਰੋਜਪੁਰ ਨੂੰ ਰੇਲ ਲਾਈਨ ਵਿਛਾਉਣ ਦੇ ਕੰਮ ਵਿੱਚ ਤੇਜੀ, ਅੰਮ੍ਰਿਤਸਰ ਨੇੜਲੇ ਛੇਹਰਟਾ ਅਤੇ ਵੇਰਕਾ ਰੇਲਵੇ ਸਟੇਸਨਾਂ ਨੂੰ ਵੱਡੇ ਕਰਨ, ਨਸ਼ਾ ਛੁਡਾਊਂ ਕੇਂਦਰ ਖੋਲ੍ਹਣ, ਵੱਡੀਆਂ ਅਤੇ ਛੋਟੀਆਂ ਸਨਅਤਾਂ ਪ੍ਰਫੁਲਿਤ ਕਰਨ, ਅੰਮ੍ਰਿਤਸਰ ਨੂੰ ‘ਵਿੱਦਿਅਕ ਹਬ’ ਦੇ ਤੌਰ ‘ਤੇ ਵਿਕਸਿਤ ਕਰਨ, ਅੰਮ੍ਰਿਤਸਰ ਨੂੰ ‘ਹੈਰੀਟੇਜ ਸਿਟੀ’ ਬਣਾਉਣ, ‘ਬਾਗਬਾਨੀ ਅਤੇ ਫਿਲੌਰੀਕਲਚਰ’ ਨੂੰ ਬੜ੍ਹਾਵਾ ਦੇਣ, ਹਿੰਦ-ਪਾਕਿ ਦਰਮਿਆਨ ਵਪਾਰ ਨੂੰ ਵਧਾਉਣ ਅਤੇ ਕੋਲਕਾਤਾ, ਦਿੱਲੀ, ਲੁਧਿਆਣਾ ਕੋਰੀਡੋਰ ਨੂੰ ਅੰਮ੍ਰਿਤਸਰ ਤੱਕ ਵਧਾਉਣ ਸਬੰਧੀ ਗੰਭੀਰ ਮੁੱਦਿਆਂ ਪਾਸ ਉਠਾਇਆ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply