ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ

ਫਾਜ਼ਿਲਕਾ, 17 ਜੁਲਾਈ (ਵਿਨੀਤ ਅਰੋੜਾ) – ਵਧੀਕ ਡਿਪਟੀ ਕਮਿਸ਼ਨਰ ਜਨਰਲ ਸ. ਚਰਨਦੇਵ ਸਿੰਘ ਮਾਨ ਦੀ ਪ੍ਰਧਾਨਗੀ ਵਿਚ ਨੈਸ਼ਨਲ ਰੋਡ ਸੈਫਟੀ ਕੌਂਸਲ, ਸਵੱਛ ਭਾਰਤ ਅਭਿਆਨ, ਸਿਗਰਟ ਤੇ ਤੰਬਾਕੂ ਉਤਪਾਦ ਦੀ ਰੋਕਥਾਮ, ਬਾਲ ਮਜ਼ਦੂਰੀ ਅਤੇ ਐਨ.ਆਰ.ਆਈ ਆਦਿ ਨੂੰ ਲੈ ਕੇ ਮੀਟਿੰਗਾਂ ਕੀਤੀਆਂ। ਜਿਸ ਵਿਚ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਇਸ ਮੌਕੇ ਨੈਸ਼ਨਲ ਰੋਡ ਸੇਫ਼ਟੀ ਕੌਂਸਲ ਦੀ ਮੀਟਿੰਗ ਦੌਰਾਨ ਸ. ਮਾਨ ਨੇ ਕਿਹਾ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਸਾਡਾ ਸਭ ਦਾ ਫ਼ਰਜ ਹੈ। ਇਸ ਲਈ ਸੜਕਾਂ ਤੇ ਵੱਧ ਰਹੀ ਬੇਸਹਾਰਾ ਪਸ਼ੂਆਂ ਦੀ ਗਿਣਤੀ, ਸੜਕਾਂ ਤੇ ਹੋ ਰਹੇ ਨਜਾਇਜ਼ ਕਬਜੇ, ਲਿੰਕ ਸੜਕਾਂ ਦੀਆਂ ਬਰਮਾਂ ਤੇ ਮਿੱਟੀ ਦਾ ਨਾ ਹੋਣ ਕਈ ਵਾਰ ਸੜਕ ਹਦਾਸਿਆਂ ਦਾ ਕਾਰਨ ਬਣਦਾ ਹੈ। ਇਸ ਲਈ ਉਨ੍ਹਾਂ ਜ਼ਿਲ੍ਹੇ ਦੇ ਉਪ ਮੰਡਲ ਮੈਜ਼ਿਸਟ੍ਰੇਟ ਨੂੰ ਆਪਣੇ ਆਪਣੇ ਅਧਿਕਾਰ ਖੇਤਰਾਂ ਵਿਚ ਸੜਕ ਹਾਦਸਿਆਂ ਨੂੰ ਕੰਟਰੋਲ ਕਰਨ ਲਈ ਕਿਹਾ। ਉਨ੍ਹਾਂ ਜ਼ਿਲ੍ਹਾ ਟ੍ਰੈਫਿਕ ਪੁਲਸ ਨੂੰ ਆਦੇਸ਼ ਦਿੱਤੇ ਕਿ ਜ਼ਿਲ੍ਹੇ ਵਿਚ ਜਿੱਥੇ ਵੀ ਕਿਤੇ ਟ੍ਰੈਫ਼ਿਕ ਦੀ ਸਮੱਸਿਆ ਪੈਦਾ ਹੋ ਰਹੀ ਹੈ ਉਸ ਨੂੰ ਦੂਰ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੂੰ ਸੜਕ ਸੁਰੱਖਿਆ ਸਬੰਧੀ ਜ਼ਿਲ੍ਹੇ ਦੀਆਂ ਕੈਂਟਰ ਅਤੇ ਟੱਰਕ ਯੂਨੀਅਨਾਂ ਵਿਚ ਡਰਾਇਵਰਾਂ ਦੀ ਨਿਗ੍ਹਾ ਆਦਿ ਦੇ ਚੈਕਅੱਪ ਲਈ ਕੈਂਪ ਲਾਉਣ ਲਈ ਵੀ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਸੜਕਾਂ ਤੇ ਸੜਕ ਸੁਰੱਖਿਆ ਸਬੰਧੀ ਸਾਇਨ ਬੋਰਡ ਲਾਉਣ ਦੀ ਵੀ ਹਦਾਇਤ ਕੀਤੀ। ਸਵੱਛ ਭਾਰਤ ਅਭਿਆਨ ਤਹਿਤ ਕੀਤੀ ਗਈ ਮੀਟਿੰਗ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਵੀ ਇਸ ਸਬੰਧੀ ਜਾਣੂੰ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਹਰ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰ ਦਾ ਆਲਾ ਦੁਆਲਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ।
ਸ. ਮਾਨ ਨੇ ਕਿਹਾ ਕਿ ਜ਼ਿਲ੍ਹਾ ਨੂੰ ਸਮੋਕ ਫਰੀ ਬਣਾਉਣ ਲਈ ਲੋਕਾਂ ਵਿਚ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਤੰਬਾਕੂ ਉਤਪਾਦਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਚਲਾਨ ਕੱਟਣ ਦੀ ਹਦਾਇਤ ਵੀ ਕੀਤੀ ਤਾਂ ਜੋ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਤੰਬਾਕੂ ਤੋਂ ਮੁਕਤ ਬਣਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਵਿਚ ਬਾਲ ਮਜ਼ਦੂਰੀ ਦੇ ਖਾਤਮੇ ਅਤੇ ਕੰਮ ਤੇ ਲੱਗੇ ਬਾਲ ਮਜ਼ਦੂਰਾਂ ਦੇ ਚੰਗੇ ਭਵਿੱਖ ਲਈ ਲੇਬਰ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤ ਕੀਤੀ। ਇਸ ਤੋਂ ਇਲਾਵਾ ਮਜ਼ਦੂਰ ਵਰਗ ਨੂੰ ਮਿਲਣ ਵਾਲੀਆਂ ਸਹੂਲਤਾਂ ਲਈ ਵੱਧ ਤੋਂ ਵੱਧ ਮਜ਼ਦੂਰਾਂ ਦੇ ਰਜ਼ਿਸਟ੍ਰੇਸ਼ਨ ਲਈ ਕੈਂਪ ਲਾਉਣ ਲਈ ਵੀ ਕਿਹਾ। ਮੀਟਿੰਗ ਦੌਰਾਨ ਉਨ੍ਹਾਂ ਐਨ.ਆਰ.ਆਈ ਦੇ ਮਾਮਲਿਆਂ ਸਬੰਧੀ ਵੀ ਵਿਸ਼ੇਸ਼ ਹਦਾਇਤ ਕੀਤੀ।
ਮੀਟਿੰਗ ਦੌਰਾਨ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ. ਜਸਵੰਤ ਸਿੰਘ ਢਿੱਲੋਂ, ਐਸ.ਪੀ.ਐਚ ਸ. ਮੁਕੰਦ ਸਿੰਘ ਮੱਲੀ, ਸ਼੍ਰੀ ਸੁਭਾਸ਼ ਖਟਕ ਐਸ.ਡੀ.ਐਮ. ਫਾਜਿਲਕਾ, ਸ੍ਰੀ ਰਾਜਪਾਲ ਐਸ.ਡੀ.ਐਮ ਅਬੋਹਰ, ਸ਼੍ਰੀ ਅਵਿਕੇਸ਼ ਗੁਪਤਾ ਐਸ.ਡੀ.ਐਮ. ਜਲਾਲਾਬਾਦ, ਡੀ.ਡੀ.ਪੀ.ਓ ਜਤਿੰਦਰ ਸਿੰਘ ਬਰਾੜ , ਜ਼ਿਲ੍ਹਾ ਮਾਲ ਅਫ਼ਸਰ ਸ. ਪਰਮਜੀਤ ਸਿੰਘ ਤੋਂ ਇਲਾਵਾ ਤਹਿਸੀਲਦਾਰ ਫਾਜ਼ਿਲਕਾ ਸ. ਕਰਨੈਲ ਸਿੰਘ, ਨਗਰ ਕੌਂਸਲਾਂ ਦੇ ਈਓ, ਆਦਿ ਹਾਜਰ ਸਨ।
Punjab Post Daily Online Newspaper & Print Media