
ਪਠਾਨਕੋਟ, 17 ਜੁਲਾਈ (ਪ.ਪ) – ਸ਼੍ਰੀਸਾਈਂ ਕਾਲਜ ਬਧਾਨੀ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਸਵੱਛ ਭਾਰਤ (ਗ੍ਰਾਮੀਣ) ਮਿਸ਼ਨ ਤਹਿਤ ਆਮ ਲੋਕਾਂ ਦੀ ਖੁਲ੍ਹੇ ਵਿੱਚ ਜੰਗਲ ਪਾਣੀ ਜਾਣ ਦੀ ਪ੍ਰਵਿਰਤੀ ਨੂੰ ਖਤਮ ਕਰਨ, ਪਖਾਨੇ ਬਣਾਉਣ ਅਤੇ ਪਖਾਨਿਆਂ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਨ ਲਈ ਆਯੋਜਿਤ ਕੀਤੀ ਗਈ ਪੰਜ ਰੋਜ਼ਾ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਪ੍ਰਵੀਨ ਕੁਮਾਰ ਕਾਰਜਕਾਰੀ ਇੰਜੀਨੀਅਰ, ਸੀਤਾ ਰਾਮ ਸ਼ਰਨਾਗਥ ਮਾਸਟਰ ਟ੍ਰੇਨਰ, ਐਸ.ਕੇ. ਪੁੰਜ, ਸ਼੍ਰੀਮਤੀ ਤ੍ਰਿਪਤਾ ਪੁੰਜ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਇਸ ਪੰਜ ਰੋਜ਼ਾ ਵਰਕਸ਼ਾਪ ਵਿੱਚ ਸਵੱਛ ਭਾਰਤ (ਗ੍ਰਾਮੀਣ) ਮਿਸ਼ਨ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਅਤੇ ਮਿਥੇ ਟੀਚੇ ਨੂੰ ਪ੍ਰਾਪਤ ਕਰਨ ਲਈ ਪਿੰਡਾਂ ਵਿੱਚ ਬਣਾਏ ਗਏ ਸਵੱਛ ਭਾਰਤ ਗਰੁੱਪ, ਨੌਜਵਾਨ ਵਲੰਟੀਅਰਜ਼, ਸਰਪੰਚ-ਪੰਚ, ਆਂਗੜਵਾੜੀ ਵਰਕਰਾਂ ਅਤੇ ਏ.ਐਨ.ਐਮਜ਼ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਕਿ ਉਹ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰਨ ਕਿ ਉਹ ਖੁਲ੍ਹੇ ਵਿੱਚ ਜੰਗਲ ਪਾਣੀ ਜਾਣ ਦੀ ਬਜਾਏ ਘਰਾਂ ਵਿੱਚ ਪਖਾਨੇ ਬਣਾਉਣ ਅਤੇ ਬਣਾਏ ਗਏ ਪਖਾਨਿਆਂ ਦੀ ਵਰਤੋਂ ਕਰਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚੋਂ ਖੁਲ੍ਹੇ ਵਿੱਚ ਜੰਗਲ ਪਾਣੀ ਜਾਣ ਦੀ ਪ੍ਰਵਿਰਤੀ ਨੂੰ ਖਤਮ ਅਤੇ ਹਰ ਘਰ ਵਿੱਚ ਪਖਾਨੇ ਬਣਾਉਣ ਦੇ ਮਿੱਥੇ 100 ਪ੍ਰਤੀਸ਼ਤ ਟੀਚੇ ਨੂੰ ਪ੍ਰਾਪਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਪਹਿਲੇ ਪੜ੍ਹਾਅ ਦੌਰਾਨ 60 ਪਿੰਡਾਂ ਵਿੱਚ 2 ਅਕਤੂਬਰ, 2015 ਤੱਕ ਪਖਾਨੇ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਮੌਕੇ ‘ਤੇ ਟ੍ਰੇਨਿੰਗ ਪ੍ਰਾਪਤ ਕਰਨ ਵਾਲਿਆਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਆਪਣੇ ਆਪਣੇ ਪਿੰਡਾਂ ਵਿੱਚ ਲੋਕਾਂ ਨੂੰ ਪਖਾਨੇ ਬਣਾਉਣ ਅਤੇ ਉਨ੍ਹਾਂ ਦੀ ਵਰਤੋਂ ਕਰਨ ਲਈ ਜਾਗਰੂਕ ਕਰਨਗੇ ਅਤੇ 2 ਅਕਤੂਬਰ, 2015 ਤੱਕ ਮਿਥੇ ਟੀਚੇ ਦੀ ਬਜਾਏ 15 ਸਤੰਬਰ, 2015 ਤੱਕ ਟੀਚਾ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਸਵੱਛ ਭਾਰਤ ਗਰੁੱਪਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਸ਼੍ਰੀ ਪ੍ਰਵੀਨ ਕੁਮਾਰ ਕਾਰਜਕਾਰੀ ਇੰਜੀਨੀਅਰ ਨੇ ਮੁੱਖ ਮਹਿਮਾਨ ਅਤੇ ਆਏ ਮਹਿਮਾਨਾਂ ਨੂੰ ਜੀ ਆਇਆ ਕਹਿੰਦਿਆਂ ਦੱਸਿਆ ਕਿ ਇਸ ਟ੍ਰੇਨਿੰਗ ਵਰਕਸ਼ਾਪ ਦੌਰਾਨ 13 ਤੋਂ 17 ਜੁਲਾਈ ਤੱਕ ਨੌਜਵਾਨ ਵਲੰਟੀਅਰਾਂ, ਸਰਪੰਚਾਂ-ਪੰਚਾਂ, ਆਂਗੜਵਾੜੀ ਵਰਕਰਾਂ ਅਤੇ ਏ.ਐਨ.ਐਮਜ਼ ਨੂੰ ਇੱਥੇ ਵੀ ਅਤੇ ਪਿੰਡਾਂ ਵਿੱਚ ਲਿਜਾਕੇ ਵੀ ਟ੍ਰੇਨਿੰਗ ਦਿੱਤੀ ਗਈ ਹੈ ਕਿ ਕਿਵੇਂ ਲੋਕਾਂ ਨੂੰ ਪਖਾਨਿਆਂ ਦੀ ਵਰਤੋਂ ਸਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਆਏ ਸ਼੍ਰੀ ਸੀਤਾ ਰਾਮ ਸ਼ਰਨਾਗਥ ਮਾਸਟਰ ਟ੍ਰੇਨਰ ਨੇ ਸਵੱਛ ਭਾਰਤ (ਗ੍ਰਾਮੀਣ) ਮਿਸ਼ਨ ਬਾਰੇ ਸਿਖਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ।
Punjab Post Daily Online Newspaper & Print Media