ਇਸਤਰੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਵਿਸਥਾਰ ਲਈ ਅੰਮ੍ਰਿਤਸਰ ਵਿਖੇ ਆਗੂਆਂ ਦੀ ਹੋਈ ਮੀਟਿੰਗ
ਅੰਮ੍ਰਿਤਸਰ, 2 ਸਤੰਬਰ (ਗੁਰਚਰਨ ਸਿੰਘ)- ਸ਼੍ਰੋਮਣੀ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਦੀ ਹੈਟ੍ਰਿਕ ਬਣਾਉਣ ਵਿਚ ਇਸਤਰੀ ਅਕਾਲੀ ਦਲ ਅਹਿਮ ਭੂਮਿਕਾ ਨਿਭਾਵੇਗਾ ਅਤੇ ਇਸਤਰੀ ਵਿੰਗ ਦੀ ਮਜ਼ਬੂਤੀ ਲਈ ਪੰਜਾਬ ਵਿਚ ਪੰਜ ਵੱਡੀਆਂ ਇਸਤਰੀ ਰੈਲੀਆਂ ਕਰਵਾਈਆਂ ਜਾ ਰਹੀਆਂ ਹਨ। ਅੱਜ ਇਥੇ ਸਰਕਟ ਹਾਊਸ ਵਿਖੇ ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀ ਜਥੇਬੰਦਕ ਮਜ਼ਬੂਤੀ ਅਤੇ ਵਿਸਥਾਰ ਲਈ ਦੇਣ ਲਈ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੇ ਨਾਲ ਸਬੰਧਤ ਅਕਾਲੀ ਮੰਤਰੀਆਂ ਸ. ਬਿਕਰਮ ਸਿੰਘ ਮਜੀਠੀਆ ਅਤੇ ਜਥੇ: ਗੁਲਜ਼ਾਰ ਸਿੰਘ ਰਣੀਕੇ ਦੀ ਵਿਸ਼ੇਸ਼ ਮੌਜੂਦਗੀ ਵਿਚ ਵਿਧਾਇਕਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਸੀਨੀਅਰ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਲਈ ਕੀਤੀ ਮੀਟਿਗ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਸਤਰੀ ਵਰਗ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੰਦਾ ਆ ਰਿਹਾ ਹੈ।
ਅਗਾਮੀ ਚੋਣਾਂ ਦੌਰਾਨ ਇਸਤਰੀ ਅਕਾਲੀ ਦਲ ਦੀ ਚੋਣ ਰਣਨੀਤੀ ਦੀ ਵੱਡੀ ਭੂਮਿਕਾ ਪ੍ਰਤੀ ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਇਸਤਰੀ ਵਰਗ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਰਾਜਨੀਤੀ ਵਿਚ ਸਰਗਰਮ ਭੂਮਿਕਾ ਨਿਭਾਉਣਾ ਚਾਹੁੰਦਾ ਹੈ ਅਤੇ ਲੋੜ ਇਸ ਵੇਲੇ ਉਨ੍ਹਾਂ ਨੂੰ ਸੰਗਠਤ ਕਰਕੇ ਉਤਸ਼ਾਹਿਤ ਕਰਨ ਅਤੇ ਮੌਕਾ ਦੇਣ ਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ ਬੂਥ ਲੈਵਲ ‘ਤੇ ਔਰਤਾਂ ਦੀ 11 ਮੈਂਬਰੀ ਟੀਮਾਂ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸਤਰੀ ਅਕਾਲੀ ਦਲ ਦੇ ਯੂਨਿਟ ਜ਼ਿਲ੍ਹਾ ਪੱਧਰ ਤੋਂ ਇਲਾਵਾ ਹਲਕਾ, ਸਰਕਲ ਅਤੇ ਵਾਰਡ ਪੱਧਰ ‘ਤੇ ਕਾਇਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਸਭਨਾਂ ਨੇ ਇਸਤਰੀ ਵਿੰਗ ਨੂੰ ਭਰਪੂਰ ਸਹਿਯੋਗ ਦਾ ਵਿਸ਼ਵਾਸ ਦਿਵਾਇਆ ਹੈ। ਉਨਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ 72 ਲੱਖ ਮਰਦ ਵੋਟਰਾਂ ਦੇ ਮੁਕਾਬਲੇ 92 ਲੱਖ ਔਰਤਾਂ ਨੇ ਵੋਟ ਪੋਲਿੰਗ ਵਿਚ ਹਿੱਸਾ ਲਿਆ, ਜਿਸ ਤੋਂ ਇਸਤਰੀਆਂ ਦੀ ਸਿਆਸੀ ਭੂਮਿਕਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਹਿਾ ਕਿ ਜਦ ਤੱਕ ਇਸਤਰੀਆਂ ਸਿਆਸੀ ਖੇਤਰ ਵਿਚ ਨਹੀਂ ਵਿਚਰਨਗੀਆਂ ਤਦ ਤੱਕ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਕਾਲਜਾਂ-ਯੂਨੀਵਰਸਿਟੀਆਂ ਵਿਚ ਪੜ੍ਹਦੀਆਂ ਲੜਕੀਆਂ ਅਤੇ ਅਧਿਆਪਕਾਵਾਂ ਵੀ ਅਕਾਲੀ ਦਲ ਨਾਲ ਜੁੜ ਰਹੀਆਂ ਹਨ। ਉਨ੍ਹਾਂ ਅਨੰਦਪੁਰ ਸਾਹਿਬ ਵਿਖੇ ਹੋਈ ਇਸਤਰੀ ਕਾਨਫਰੰਸ ਵਿਚ ਹੋਏ ਰਿਕਾਰਡ ਤੋੜ ਇਕੱਠ ਲਈ ਬੀਬੀਆਂ ਦਾ ਧੰਨਵਾਦ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਕਾਲੀ ਦਲ ਲਈ ਕੋਈ ਚੁਣੌਤੀ ਨਹੀਂ ਹੈ। ‘ਆਪ’ ਉੱਤੇ ਤਿੱਖਾ ਵਿਅੰਗ ਕੱਸਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਆਪਣੇ ਮੈਂਬਰਾਂ ਅਤੇ ਪਰਿਵਾਰ ਨੂੰ ਨਹੀਂ ਸੰਭਾਲ ਸਕਦੇ, ਉਨ੍ਹਾਂ ਤੋਂ ਲੋਕਾਂ ਪ੍ਰਤੀ ਕੀ ਆਸ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੰਮ ਕਰਨ ਵਾਲੀਆਂ ਸਰਕਾਰਾਂ ਦੀ ਲੋਕਾਂ ਵਿਚ ਥਾਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਦੇ ਵਿਕਾਸ ਲਈ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸੂਝਵਾਨ ਅਤੇ ਤਰੱਕੀ ਪਸੰਦ ਹਨ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਵੱਲੋਂ ਲਗਾਈ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਇਸਤਰੀ ਆਗੂਆਂ ਨੂੰ ਸਰਕਾਰੀ ਪਦਵੀਆਂ ਦੇ ਲਾਲਚ ਵਿਚ ਨਾ ਪੈਣ ਦੀ ਗੱਲ ਕਰਦਿਆਂ ਪਾਰਟੀ ਅਤੇ ਸਮਾਜ ਦੀ ਨਿਰਸਵਾਰਥ ਸੇਵਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਸੇ ਦਾ ਨਾਂਅ ਨਾ ਲੈਂਦਿਆਂ ਕਿਹਾ ਕਿ ਜ਼ਿੰਮੇਵਾਰ ਵਿਅਕਤੀਆਂ ਨੂੰ ਹਰ ਗੱਲ ਜ਼ਿੰਮੇਵਾਰੀ ਨਾਲ ਕਹਿਣੀ ਚਾਹੀਦੀ ਹੈ।
ਮੀਟਿੰਗ ਦੌਰਾਨ ਉਨ੍ਹਾਂ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਮੌਜੂਦਾ ਸਰਕਾਰ ਬਣਾਉਣ ਵਿਚ ਨਿਭਾਈ ਅਹਿਮ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਨੌਜਵਾਨ ਵਰਗ ਨੂੰ ਲਾਮਬੰਦ ਕੀਤਾ। ਉਨ੍ਹਾਂ ਇਸਤਰੀ ਅਕਾਲੀ ਦਲ ਦੇ ਗਠਨ ਲਈ ਵੀ ਸ. ਮਜੀਠੀਆ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਸ. ਮਜੀਠੀਆ ਨੇ ਬੀਬੀ ਜਗੀਰ ਕੌਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਇਸਤਰੀ ਅਕਾਲੀ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਲਾਭ ਅਕਾਲੀ ਦਲ ਨੂੰ ਹੀ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਇਸਤਰੀ ਵਰਗ ਸਿਆਸੀ ਅਤੇ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਰਿਹਾ ਹੈ ਅਤੇ ਉਹ ਹਰ ਕੰਮ ਨੂੰ ਚੁਣੌਤੀ ਦੇ ਤੌਰ ‘ਤੇ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸਤਰੀ ਵਰਗ ਵਿਚ ਕਾਬਲੀਅਤ ਦੀ ਕੋਈ ਕਮੀ ਨਹੀਂ ਹੈ, ਬੱਸ ਲੋੜ ਉਨ੍ਹਾਂ ਨੂੰ ਮੌਕਾ ਦੇਣ ਦੀ ਹੈ। ਉਨ੍ਹਾਂ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਦੀ ਬਿਹਤਰੀ ਅਤੇ ਲੋਕ ਭਲਾਈ ਸਕੀਮਾਂ ਲਾਗੂ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਐਨ. ਡੀ. ਏ ਸਰਕਾਰ ਦੇ ਆਉਣ ਨਾਲ ਪੰਜਾਬ ਨੂੰ ਲੰਬੇ ਅਰਸੇ ਬਾਅਦ ਵੱਡੇ ਪ੍ਰਾਜੈਕਟ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਅਤੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਿਚ ਤੇਜ਼ੀ ਆਉਣੀ ਸ. ਬਾਦਲ ਦੀਆਂ ਪ੍ਰਾਪਤੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਦੀ ਮਜ਼ਬੂਤੀ ਨਾਲ ਹੀ ਪੰਜਾਬ ਮਜ਼ਬੂਤ ਹੋਵੇਗਾ। ਇਸ ਮੌਕੇ ਕੈਬਨਿਟ ਮੰਤਰੀ ਅਤੇ ਐਸ ਸੀ ਵਿੰਗ ਦੇ ਪ੍ਰਧਾਨ ਜਥੇ: ਗੁਲਜ਼ਾਰ ਸਿੰਘ ਰਣੀਕੇ, ਮੁੱਖ ਸੰਸਦੀ ਸਕੱਤਰ ਸ. ਅਮਰਪਾਲ ਸਿੰਘ ਬੌਨੀ ਅਜਨਾਲਾ, ਵਿਧਾਇਕ ਸ. ਮਨਜੀਤ ਸਿੰਘ ਮੰਨਾ ਅਤੇ ਸ. ਬਲਜੀਤ ਸਿੰਘ ਜਲਾਲਉਸਮਾ, ਸਾਬਕਾ ਰਾਜ ਸਭਾ ਮੈਂਬਰ ਸ. ਰਾਜ ਮਹਿੰਦਰ ਸਿੰਘ ਮਜੀਠਾ, ਜ਼ਿਲ੍ਹਾ zਪ੍ਰਧਾਨ ਸ. ਵੀਰ ਸਿੰਘ ਲੋਪੋਕੇ, ਸ਼ਹਿਰੀ ਪ੍ਰਧਾਨ ਸ. ਉਪਕਾਰ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਬੀਬੀ ਰਾਜਵਿੰਦਰ ਕੌਰ, ਭਾਈ ਰਜਿੰਦਰ ਸਿੰਘ ਮਹਿਤਾ, ਸ. ਜੋਧ ਸਿੰਘ ਸਮਰਾ, ਐਡਵੋਕੇਟ ਭਗਵਾਨ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਸ. ਬਾਵਾ ਸਿੰਘ ਗੁਮਾਨਪੁਰਾ ਤੇ ਸ. ਮਾਲਵਿੰਦਰ ਸਿੰਘ ਖਾਪੜਖੇੜੀ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਸ. ਨਵਦੀਪ ਸਿੰਘ ਗੋਲਡੀ, ਸ. ਗੁਰਪ੍ਰਤਾਪ ਸਿੰਘ ਟਿੱਕਾ, ਸ. ਅਵਤਾਰ ਸਿੰਘ ਟਰੱਕਾਂ ਵਾਲਾ, ਸ੍ਰੀ ਅਵਿਨਾਸ਼ ਜੌਲੀ, ਸ. ਗੁਰਪ੍ਰੀਤ ਸਿੰਘ ਰੰਧਾਵਾ, ਸ. ਦਿਲਬਾਗ ਸਿੰਘ ਵਡਾਲੀ, ਸ. ਪਲਵਿੰਦਰ ਸਿੰਘ ਰਾਣਾ ਲੋਪੋਕੇ, ਮੇਜਰ ਸ਼ਿਵੀ, ਮੀਡੀਆ ਸਲਾਹਕਾਰ ਪ੍ਰੋ. ਸਰਚਾਂਦ ਸਿੰਘ, ਸ੍ਰੀ ਅਮੂ ਗੁੰਮਟਾਲਾ, ਸ. ਨਿਰੰਜਨ ਸਿੰਘ ਦਬੁਰਜੀ, ਸ੍ਰੀ ਲਖਵਿੰਦਰ ਸਿੰਘ ਲੱਖੀ, ਸ. ਸਵਰਨ ਸਿੰਘ ਜੋਸ਼, ਸ. ਮਿਲਾਪ ਸਿੰਘ ਸੁਲਤਾਨਵਿੰਡ ਆਦਿ ਮੌਜੂਦ ਸਨ।