Friday, February 27, 2026

ਸਾਂਝ ਕੇਂਦਰਾਂ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਗਿਣਤੀ 27 ਤੋਂ ਵਧ ਕੇ 41 ਹੋਈ

ਅੰਮ੍ਰਿਤਸਰ, 10 ਸਤੰਬਰ (ਗੁਰਚਰਨ ਸਿੰਘ)- ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਖੋਲ੍ਹੇ ਸਾਂਝ ਕੇਂਦਰਾਂ ਦੀ ਲੋਕਾਂ ਨਾਲ ਸਾਂਝ ਹੋਰ ਗੂੜੀ ਹੋ ਗਈ ਹੈ ਕਿਉਂਕਿ ਇਨ੍ਹਾਂ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿਚ 14 ਸੇਵਾਵਾਂ ਹੋਰ ਸ਼ਾਮਿਲ ਕਰ ਦਿੱਤੀਆਂ ਗਈਆਂ ਹਨ। ਪਹਿਲਾਂ ਸਾਂਝ ਕੇਂਦਰਾਂ ਤੋਂ 27 ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ ਜਦ ਕਿ ਹੁਣ ਇਨ੍ਹਾਂ ਦੀ ਗਿਣਤੀ ਵਧਾ ਕੇ 41 ਕਰ ਦਿੱਤੀ ਗਈ ਹੈ।
ਇਹ ਜਾਣਕਾਰੀ ਐਸ.ਐਸ.ਪੀ ਅੰਮ੍ਰਿਤਸਰ (ਦਿਹਾਤੀ) ਸ੍ਰੀ ਜਸਦੀਪ ਸਿੰਘ ਨੇ ਦਿੱਤੀ। ਉਨ੍ਹਾਂ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਅਗਸਤ ਮਹੀਨੇ ਵਿਚ ਜਿਲ੍ਹੇ ਦੇ ਸਾਂਝ ਕੇਂਦਰਾ ਵੱਲੋਂ ਵੱਖ-ਵੱਖ ਸੇਵਾਵਾਂ ਲੋਕਾਂ ਨੂੰ ਸਮਾਂਬੱਧ ਤਰੀਕੇ ਨਾਲ ਮੁਹੱਈਆ ਕਰਵਾ ਕੇ 3,66,860 ਰੁਪਏ ਫੀਸ ਵਜੋਂ ਵਸੂਲੇ ਗਏ ਹਨ। ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਜ਼ਿਲ੍ਹੇ ਦੇ ਵੱਖ-ਵੱਖ ਸਾਂਝ ਕੇਂਦਰਾਂ ਵਿਚ 3440 ਪਾਸਪੋਰਟ ਵੈਰੀਫਿਕੇਸ਼ਨ ਲਈ ਆਏ ਜਿਨ੍ਹਾਂ ਵਿਚੋਂ 2577 ਨੂੰ ਵੈਰੀਫਾਈ ਕਰ ਦਿੱਤਾ ਗਿਆ ਜਦਕਿ ਬਕਾਇਆ 863 ਨੂੰ ਵੀ ਸਮਾਂ ਰਹਿੰਦਿਆਂ ਵੈਰੀਫਾਈ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਅਸਲਾ ਲਾਇਸੰਸ ਦੀਆਂ 152 ਨਵੀਆਂ ਕਾਪੀਆਂ ਵਿਚੋਂ 69 ਦਾ ਨਿਪਟਾਰਾ ਕੀਤਾ ਗਿਆ ਜਦਕਿ 83 ਬਕਾਇਆ ਹਨ। ਇਸ ਤੋਂ ਇਲਾਵਾ ਰਿਨਿਊ ਲਈ ਆਏ 227 ਅਸਲਾ ਲਾਇਸੰਸਾਂ ਵਿਚੋਂ 120 ਦਾ ਇਕ ਮਹੀਨੇ ਅੰਦਰ ਨਿਪਟਾਰਾ ਕੀਤਾ ਗਿਆ ਹੈ ਜਦਕਿ 107 ਬਕਾਇਆ ਹਨ ਜਿਨ੍ਹਾਂ ਦਾ ਸਮਾਂ ਰਹਿੰਦਿਆਂ ਨਿਪਟਾਰਾ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਅਪਲਾਈ ਕੀਤੇ ਗਏ 619 ਪੁਲਿਸ ਕਲੀਅਰੈਂਸ ਸਰਟੀਫਿਕੇਟਾਂ ਵਿਚੋਂ 588 ਦਾ ਨਿਪਟਾਰਾ ਕੀਤਾ ਗਿਆ ਜਦਕਿ 61 ‘ਤੇ ਕਾਰਵਾਈ ਜਾਰੀ ਹੈ।ਇਸ ਤੋਂ ਇਲਾਵਾ 226 ਸਰਵਿਸ ਵੈਰੀਫਿਕੇਸ਼ਨ ਵਿਚੋਂ 131 ਦਾ ਨਿਪਟਾਰਾ ਕਰ ਦਿੱਤਾ ਗਿਆ ਜਦਕਿ 95 ਬਕਾਇਆ ਹਨ ਜਿਨ੍ਹਾਂ ਦਾ ਸਮਾਂ ਰਹਿੰਦਿਆਂ ਨਿਪਟਾਰਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਮੌਕੇ ਜ਼ਿਲ੍ਹਾ ਪੱਧਰੀ ਸਾਂਝ ਕੇਂਦਰ (ਸੀ.ਪੀ.ਆਰ.ਸੀ) ਤੋਂ ਇਲਾਵਾ ਸਬ ਡਵੀਜ਼ਨ ਪੱਧਰੀ ਸਾਂਝ ਕੇਂਦਰ (ਸੀ.ਪੀ.ਐਸ.ਸੀ) ਅਤੇ ਥਾਣਿਆਂ ਵਿਚ ਸਥਾਪਿਤ ਆਊਟਰੀਚ ਕੇੇਂਦਰ ਆਮ ਜਨਤਾ ਲਈ ਲਾਹੇਵੰਦ ਸਿੱਧ ਹੋ ਰਹੇ ਹਨ।ਉਨ੍ਹਾਂ ਦੱਸਿਆ ਕਿ ਸਾਂਝ ਕੇਂਦਰਾਂ ਦਾ ਕੰਮ ਕੇਵਲ ਅਰਜ਼ੀਆਂ ਲੈ ਕੇ ਉਨ੍ਹਾਂ ਦਾ ਨਿਪਟਾਰਾ ਕਰਨ ਤੱਕ ਸੀਮਿਤ ਨਹੀਂ ਬਲਕਿ ਦੋ ਧਿਰਾਂ ਵਿਚਕਾਰ ਪੈਦਾ ਹੋਈ ਕੁੜੱਤਣ ਨੂੰ ਵੀ ਪਿਆਰ ਅਤੇ ਸਦਭਾਵਨਾ ਭਰੇ ਮਾਹੌਲ ਵਿਚ ਹੱਲ ਕਰਨਾ ਹੈ, ਜੋ ਕਿ ਸਾਂਝ ਕੇਂਦਰ ਦਾ ਅਸਲ ਮੰਤਵ ‘ਸਾਂਝ’ ਪਾਉਣ ਨੂੰ ਵੀ ਪੂਰਾ ਕਰਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਸਾਂਝ ਕੇਂਦਰਾਂ ਤੋਂ ਮਿਲਣ ਵਾਲੀਆਂ ਸੇਵਾਵਾ ਦੀ ਗਿਣਤੀ 27 ਤੋਂ 41 ਹੋਣ ਨਾਲ ਲੋਕਾਂ ਨੂੰ 14 ਹੋਰ ਸੇਵਾਵਾਂ ਵੀ ਇੱਕ ਛੱਤ ਥੱਲੇ ਮਿਲਣ ਲੱਗ ਪਈਆਂ ਹਨ। ਉਨ੍ਹਾਂ ਸਾਂਝ ਕੇਂਦਰਾਂ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਾਰੀਆਂ ਹੀ ਸੇਵਾਵਾਂ ਸਮਾਂਬੱਧ ਹਨ ਅਤੇ ਪੰਜਾਬ ਸਰਕਾਰ ਵੱਲੋਂ ਬਣਾਏ ਸੇਵਾ ਦੇ ਅਧਿਕਾਰ ਕਾਨੂੰਨ ਦੇ ਘੇਰੇ ਹੇਠ ਆਉਂਦੀਆਂ ਹਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply