ਸਰਪੰਚ ਭੁੱਲਰ ਦੇ ਅਕਾਲੀ ਦਲ ਵਿੱਚ ਆਉਣ ਨਾਲ ਜਲਾਲ ਉਸਮਾ ਹੋਇਆ ਮਜ਼ਬੂਤ

ਅੰਮ੍ਰਿਤਸਰ, 7 ਅਕਤੂਬਰ (ਗੁਰਚਰਨ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੂਰੇ ਦਾਅਵੇ ਨਾਲ ਕਿਹਾ ਹੈ ਕਿ ਪੰਜਾਬ ਕਾਂਗਰਸ ਵਿੱਚ ਆਉਣ ਵਾਲੇ ਕੁੱਝ ਦਿਨਾਂ ਵਿੱਚ ਇੱਕ ਵੱਡਾ ਸਿਆਸੀ ਧਮਾਕਾ ਹੋਣ ਵਾਲਾ ਹੈ ਜਿਸ ਨਾਲ ਨਾ ਕੇਵਲ ਕਾਂਗਰਸ ਦੋਫਾੜ ਹੋਵੇਗੀ ਸਗੋਂ ਇਸ ਦੀ ਹੋਂਦ ਵੀ ਤੇਜੀ ਨਾਲ ਖਤਮ ਹੋ ਜਾਵੇਗੀ।
ਸ: ਮਜੀਠੀਆ ਅੱਜ ਇੱਥੇ ਵਿਧਾਇਕ ਸ: ਬਲਜੀਤ ਸਿੰਘ ਜਲਾਲ ਉਸਮਾ ਦੀ ਅਗਵਾਈ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਛਾਪਾ ਰਾਮ ਸਿੰਘ ਵਿਖੇ ਸਰਪੰਚ ਸ: ਹਰਿੰਦਰ ਸਿੰਘ ਭੁੱਲਰ ਵੱਲੋਂ ਆਪਣੇ ਸੈਂਕੜੇ ਸਾਥੀ ਅਤੇ ਹਮਾਇਤੀਆਂ ਸਮੇਤ ਕਾਂਗਰਸ ਨੂੰ ਸਦਾ ਲਈ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਲਈ ਕਰਾਏ ਗਏ ਸਮਾਗਮ ਦੌਰਾਨ ਮੌਜੂਦ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸ: ਮਜੀਠੀਆ ਨੇ ਸ: ਭੁੱਲਰ ਅਤੇ ਸਾਥੀਆਂ ਦਾ ਸਿਰੋਪਾਉ ਨਾਲ ਸਨਮਾਨਿਤ ਕਰਦਿਆਂ ਅਕਾਲੀ ਦਲ ਵਿੱਚ ਆਉਣ ‘ਤੇ ਭਰਵਾਂ ਸਵਾਗਤ ਕੀਤਾ ਤੇ ਕਿਹਾ ਕਿ ਸ: ਭੁੱਲਰ ਦੇ ਆਉਣ ਨਾਲ ਸ: ਜਲਾਲ ਉਸਮਾ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਦੇਸ਼ ਭਰ ‘ਚ ਕਾਂਗਰਸ ਦਾ ਸਫਾਇਆ ਹੋ ਚੁੱਕਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਆਦਿ ਕਾਂਗਰਸੀ ਆਗੂਆਂ ਦੀ ਚੌਧਰ ਦੀ ਲੜਾਈ ਅਤੇ ਸੌੜੀ ਰਾਜਨੀਤੀ ਕਾਰਨ ਪੰਜਾਬ ਕਾਂਗਰਸ ਆਉਂਦੇ ਮਹੀਨੇ ਖੇਰੂੰ ਖੇਰੂੰ ਹੋਣ ਜਾ ਰਹੀ ਹੈ ਤੇ ਕਾਂਗਰਸ ਦੇ ਬਹੁਗਿਣਤੀ ਵਿਧਾਇਕ ਪਾਰਟੀ ਛੱਡ ਜਾਣਗੇ।
ਆਮ ਆਦਮੀ ਪਾਰਟੀ ਦੇ ਸੰਸਦ ਸ੍ਰੀ ਧਰਮਵੀਰ ਗਾਂਧੀ ਵੱਲੋਂ ਆਪ ‘ਤੇ ਰੈਲੀਆਂ ‘ਚ ਭੀੜ ਜੁਟਾਉਣ ਲਈ ਸ਼ਰਾਬ ਅਤੇ ਪੈਸੇ ਦੀ ਵਰਤੋਂ ਸੰਬੰਧੀ ਲਗਾਏ ਗਏ ਇਲਜ਼ਾਮ ਬਾਰੇ ਪੁੱਛੇ ਜਾਣ ‘ਤੇ ਸ: ਮਜੀਠੀਆ ਨੇ ਕਿਹਾ ਕਿ ਸ੍ਰੀ ਗਾਂਧੀ ਅਤੇ ਸੰਸਦ ਸ: ਹਰਿੰਦਰ ਸਿੰਘ ਖ਼ਾਲਸਾ ‘ਆਪ’ ਦਾ ਹਿੱਸਾ ਹੋਣ ਕਾਰਨ ‘ਆਪ’ ਦੀ ਅੰਦਰੂਨੀ ਸਥਿਤੀ ਬਾਰੇ ਚੰਗੀ ਤਰਾਂ ਜਾਣਦੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੀ ਹੈ। ਉਹਨਾਂ ਕਿਹਾ ਕਿ ਸ੍ਰੀ ਗਾਂਧੀ ਅਤੇ ਸ: ਖ਼ਾਲਸਾ ਵੱਲੋਂ ਆਪ ਦੇ ਆਗੂ ਸੰਸਦ ਭਗਵੰਤ ਮਾਨ ‘ਤੇ ਲਗਾਏ ਜਾ ਰਹੇ ਦੋਸ਼ ਬਹੁਤ ਗੰਭੀਰ ਹਨ ਜਿਸ ਦਾ ਜਵਾਬ ਸ: ਮਾਨ ਨੂੰ ਤੁਰੰਤ ਦਿੰਦਿਆਂ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।
ਸ: ਮਜੀਠੀਆ ਨੇ ਕਾਂਗਰਸ ਅਤੇ ‘ਆਪ’ ਤੋਂ ਅਕਾਲੀ ਦਲ ਨੂੰ ਕਿਸੇ ਤਰਾਂ ਚੁਨੌਤੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਨੇ ਆਪਣੇ ਮੈਨੀਫੈਸਟੋ ਅਤੇ ਕੀਤੇ ਹੋਏ ਕੰਮਾਂ ਨਾਲ ਲੋਕ ਕਚਹਿਰੀ ਵਿੱਚ ਜਾਣਾ ਹੁੰਦਾ ਹੈ, ਲੋਕ ਸਥਿਰ ਸਰਕਾਰ ਚਾਹੁੰਦੇ ਹਨ ਜੋ ਵਿਕਾਸ ਦੇ ਨਾਲ ਉਹਨਾਂ ਦੇ ਮਸਲੇ ਹਲ ਕਰਨ ਦੀ ਇੱਛਾ ਸ਼ਕਤੀ ਅਤੇ ਸਹੂਲਤਾਂ ਮੁਹਇਆ ਕਰਨ ਦਾ ਦਮ ਰੱਖਦੀ ਹੋਵੇ। ਉਹਨਾਂ ਕਿਹਾ ਕਿ ਅਜਿਹਾ ਸਭ ਕੁੱਝ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ‘ਚ ਦੇਖਣ ਨੂੰ ਮਿਲ ਰਿਹਾ ਹੈ।
ਸ: ਮਜੀਠੀਆ ਨੇ ਪੰਜਾਬ ਦੀ ਕਿਸਾਨੀ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਕੇਂਦਰੀ ਮਦਦ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਤੇ ਕਿਹਾ ਕਿ ਕਿਸਾਨੀ ਅਤੇ ਮਜ਼ਦੂਰ ਆਰਥਿਕ ਬੋਝ ਹੇਠ ਜਿਊਣ ਲਈ ਮਜਬੂਰ ਹਨ। ਉਹਨਾਂ ਬਾਸਮਤੀ ਦੀ ਕੀਮਤ ਵਿੱਚ ਆਈ ਗਿਰਾਵਟ ਪ੍ਰਤੀ ਚਿੰਤਾ ਜਤਾਉਂਦਿਆਂ ਬਾਸਮਤੀ ਦੀ ਖਰੀਦ ਅਤੇ ਬਰਾਮਦ ( ਐਕਸਪੋਰਟ) ਸੰਬੰਧੀ ਠੋਸ ਪਾਲਿਸੀ ਬਣਾਉਣ ਲਈ ਵੀ ਕੇਂਦਰ ਨੂੰ ਕਿਹਾ। ਉਹਨਾਂ ਨਰਮੇ ਦੇ ਨੁਕਸਾਨ ਲਈ ਸ: ਬਾਦਲ ਵੱਲੋਂ ਕਿਸਾਨੀ ਨੂੰ 644 ਕਰੋੜ ਰੁਪੈ ਮੁਆਵਜ਼ਾ ਦੇਣ ਦੀ ਸ਼ਲਾਘਾ ਕੀਤੀ ।
ਇਸ ਮੌਕੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਰਪੰਚ ਸ: ਹਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਉਹ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਅਤੇ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ। ਇਸ ਮੌਕੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਮਾਰਕੀਟ ਕਮੇਟੀ ਮਹਿਤਾ ਦੇ ਚੇਅਰਮੈਨ ਸ: ਗੁਰਮੀਤ ਸਿੰਘ, ਬਲਾਕ ਸੰਮਤੀ ਜੰਡਿਆਲਾ ਗੁਰੂ ਦੇ ਚੇਅਰਮੈਨ ਗੁਰਦਿਆਲ ਸਿੰਘ, ਵਾਈਸ ਚੇਅਰਪਰਸਨ ਬੀਬੀ ਬਲਵਿੰਦਰ ਕੌਰ, ਸਵਰਨਜੀਤ ਸਿੰਘ ਕੁਰਾਲੀਆ, ਲਖਵਿੰਦਰ ਸਿੰਘ ਸੋਨਾ, ਮਹਿੰਦਰ ਪਾਲ ਸਿੰਘ, ਮੱਸਾ ਸਿੰਘ ਸਰਪੰਚ ਅਤੇ ਸਾਬਕਾ ਸਰਪੰਚ ਬਲਜੀਤ ਸਿੰਘ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media