ਨਵੀਂ ਦਿੱਲੀ, 16 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਅੱਜ ਡੇਰਾ ਸਾਧ ਦੇ ਮਸਲੇ ਤੇ ਬੀਤੇ ਦਿਨੇ ਲਏ ਗਏ ਫੈਸਲੇ ਨੂੰ ਵਾਪਸ ਲੈਣ ਦਾ ਸਵਾਗਤ ਕਰਦੇ ਹੋਏ ਤਖ਼ਤ ਸਾਹਿਬ ਤੋਂ ਆਏ ਹਰ ਫੈਸਲੇ ਤੇ ਪੂਰਨ ਤੌਰ ਤੇ ਸਮਰਪਿਤ ਹੋਣ ਦੀ ਗੱਲ ਕਹੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੰਜ ਸਿੰਘ ਸਾਹਿਬਾਨਾ ਦੇ ਮੌਂਜ਼ੂਦਾ ਫੈਸਲੇ ਨਾਲ ਕੌਮ ਵਿੱਚ ਪਿਛਲੇ ਫੈਸਲੇ ਨਾਲ ਪੈਦਾ ਹੋਇਆ ਗੁੱਸਾ ਸ਼ਾਂਤ ਹੋਣ ਦਾ ਵੀ ਦਾਅਵਾ ਕੀਤਾ ਹੈ।
ਜੀ.ਕੇ ਨੇ ਕਿਹਾ ਕਿ ਦਿੱਲੀ ਦੀ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਨੂੰ ਦਿੱਲੀ ਦੇ ਗੁਰੂਧਾਮਾਂ ਵਿੱਚ ਲਾਗੂ ਕਰਨ ਲਈ 2013 ਵਿੱਖੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਕਮੇਟੀ ਦੀ ਸੇਵਾ ਸੌਂਪੀ ਸੀ ਉਸੇ ਦਾ ਸਨਮਾਨ ਕਰਦੇ ਹੋਏ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਏ ਗਏ ਹਰ ਫੈਸਲੇ ਦਾ ਸਮਰਥਨ ਕਰਦੀ ਹੈ ਤੇ ਇਸੇ ਕਾਰਨ ਹੀ ਬੀਤੀ 24 ਸਤੰਬਰ 2015 ਨੂੰ ਸਿੰਘ ਸਾਹਿਬਾਨਾ ਵੱਲੋਂ ਲਏ ਗਏ ਫੈਸਲੇ ਦਾ ਕਮੇਟੀ ਵੱਲੋਂ ਪੂਰਨ ਸਮਰਥਨ ਕੀਤਾ ਗਿਆ ਸੀ ਤੇ ਅੱਜ ਵੀ ਉਸੀ ਤਰਜ ਤੇ ਮੌਜ਼ੂਦਾ ਫੈਸਲੇ ਨੂੰ ਵੀ ਕਮੇਟੀ ਵੱਲੋਂ ਨਕਾਰੇ ਜਾਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।ਜੀ.ਕੇ. ਨੇ ਤਖ਼ਤ ਸਾਹਿਬ ਤੋਂ ਬਾਗੀ ਸਿਆਸ਼ੀ ਆਗੂਆਂ ਤੇ ਵਿਅੰਗ ਕਰਦੇ ਹੋਏ ਕਿਹਾ ਕਿ ਸਾਡੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਬਾਕੀ ਸਿਆਸ਼ੀ ਆਗੂਆਂ ਦੀ ਵਿਚਾਰਧਾਰਾ ਤਰ੍ਹਾਂ ਸਮੇਂ-ਸਮੇਂ ਤੇ ਪਲਟੀ ਮਾਰਨ ਦਾ ਕੇਂਦਰ ਨਾ ਹੋ ਕੇ ਗੁਰੂ ਹਰਿਗੋਬਿੰਦ ਸਾਹਿਬ ਦੀ ਰੂਹਾਨੀ ਸੋਚ ਅਤੇ ਕੌਮ ਨੂੰ ਚੜ੍ਹਦੀਕਲਾਂ ਵਿੱਚ ਰੱਖਣ ਦੇ ਪ੍ਰਤੀਕ ਦਾ ਕੇਂਦਰ ਹੈ।
ਸਿਰਸਾ ਨੇ ਪੰਜ ਸਿੰਘ ਸਾਹਿਬਾਨਾ ਦੇ ਅੱਜ ਦੇ ਫੈਸਲੇ ਨੂੰ ਬਾਕੀ ਹੁਕਮਨਾਮਿਆ ਵਾਂਗ ਆਪਣੇ ਲਈ ਇਲਾਹੀ ਹੁਕਮ ਦੱਸਦੇ ਹੋਏ ਆਪਣੇ ਜੀਵਨ ਦੇ ਆਖਰੀ ਸੁਆਸ ਤਕ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਹਰ ਫੈਸਲੇ ਦੀ ਪ੍ਰੋੜ੍ਹਤਾ ਕਰਨ ਦਾ ਦਾਅਵਾ ਕੀਤਾ। ਦਿੱਲੀ ਕਮੇਟੀ ਵੱਲੋਂ ਪਹਿਲੇ ਦੀ ਤਰ੍ਹਾਂ ਡੇਰਾ ਮੁਖੀ ਦੇ ਵਿਰੋਧ ਦਾ ਮਸਲਾ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵੀ ਸਿਰਸਾ ਨੇ ਸਿੰਘ ਸਾਹਿਬਾਨਾ ਨੂੰ ਭਰੋਸਾ ਦਿੱਤਾ ਹੈ।ਸਿਰਸਾ ਨੇ ਸਾਫ਼ ਕੀਤਾ ਕਿ ਤਖ਼ਤ ਸਾਹਿਬ ਦੇ ਮੌਜ਼ੂਦਾ ਫੈਸਲੇ ਨਾਲ 2007 ਵਿੱਚ ਡੇਰਾ ਸਾਧ ਦੇ ਖਿਲਾਫ ਜਥੇਦਾਰ ਸਾਹਿਬਾਨਾ ਵੱਲੋਂ ਸਿੱਖ ਕੌਮ ਨੂੰ ਹੋਇਆ ਹੁਕਮਨਾਮਾ ਮੁੜ੍ਹ ਤੋਂ ਸੁਰਜੀਤ ਹੋ ਗਿਆ ਹੈ। ਇਸ ਕਰਕੇ ਭਵਿੱਖ ਵਿੱਚ ਦਿੱਲੀ ਵਿੱਖੇ ਡੇਰਾ ਮੁਖੀ ਦੀ ਸਮਾਜ ਵਿਰੋਧੀ ਅਤੇ ਆਪਣੇ ਆਪ ਨੂੰ ਰੱਬ ਦੱਸਣ ਵਾਲੇ ਕਿਸੇ ਵੀ ਕਾਰਜ ਦੇ ਖਿਲਾਫ਼ ਖਿਲਾਫਤ ਮੁਹਿੰਮ ਦੀ ਅਗਵਾਈ ਦਿੱਲੀ ਕਮੇਟੀ ਕਰੇਗੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media