Sunday, March 15, 2026

ਸਿੱਖ ਸੰਗਤਾਂ ਦੇ ਰੋਹ ਅੱਗੇ ਝੁਕੇ ਜਥੇਦਾਰ – ਡੇਰਾ ਸਿਰਸਾ ਮੁੱਖੀ ਨੂੰ ਦਿੱਤੀ ਮੁਆਫੀ ਕੀਤੀ ਰੱਦ

PPN1610201518
ਅੰਮ੍ਰਿਤਸਰ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿੱੱਖ ਸੰਗਤਾਂ ਦੇ ਭਾਰੀ ਵਿਰੋਧ ਅੱਗੇ ਝੁਕਦਿਆਂ ਪੰਜ ਸਿੰਘ ਸਾਹਿਬਾਨ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁਆਫ ਕਰਨ ਸਬੰਧੀ ਜਾਰੀ ਕੀਤਾ 24 ਸਤੰਬਰ 2015 ਦਾ ਗੁਰਮਤਾ ਨੁੰ ਰੱਦ ਕਰ ਦਿੱਤਾ ਹੈ।ਇਸ ਜਾਰੀ ਕੀਤੇ ਗੁਰਮਤੇ ਦਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਵਿਰੋਧ ਨੂੰ ਦੇਖਦਿਆਂ ਪਹਿਲਾਂ ਇਸ ‘ਤੇ ਵਿਚਾਰ ਕਰਨ ਲਈ ਇੱਕ ਕਮੇਟੀ ਬਨਾਉਣ ਦੀ ਗੱਲ ਕੀਤੀ ਗਈ ਸੀ, ਲੇਕਿਨ ਇਹ ਕਮੇਟੀ ਨਾ ਬਨਣ ਕਰਕੇ ਸੰਗਤਾਂ ਦਾ ਰੋਸ ਵੱਧਦਾ ਗਿਆ ਅਤੇ ਇਸੇ ਦੌਰਾਨ ਫਰੀਦਕੋਟ ਜਿਲੇ ਦੇ ਪਿੰਡ ਬਰਗਾੜੀ ਵਿਖੇ ਕੁੱਝ ਮਹੀਨੇ ਪਹਿਲਾਂ ਗੁੰਮ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ੍ਹ ਦੇ ਪੱਤਰੇ ਗਲੀਆਂ ਵਿੱਚ ਖਿਲਾਰ ਦੇਣ ਨਾਲ ਸਿੱਖ ਸੰਗਤਾਂ ਦਾ ਗੁੱਸਾ ਭੜਕ ਪਿਆ ਅਤੇ ਉਹ ਸੜਕਾਂ ‘ਤੇ ਆ ਗਏ।ਸਿੱਖ ਜਥੇਬੰਦੀਆਂ, ਸਿੱਖ ਪ੍ਰਚਾਰਕਾਂ ਅਤੇ ਸਮਹੂ ਸਿੱਖ ਸੰਗਤਾਂ ਨੇ ਸੜਕਾਂ ‘ਤੇ ਜਾਮ ਲਾਏ ਕੇ ਸ਼ਾਂਤਮਈ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ, ਜਿਸ ਨੂੰ ਸਰਕਾਰ ਵਲੋਂ ਬੰਦ ਕਰਵਾਉਣ ਦਾ ਹਰ ਹੀਲਾ ਵਰਤਿਆ ਅਤੇ ਇਸ ਦੀ ਹੱਦ ਉਦੋਂ ਹੋ ਗਈ ਜਦ, ਕੋਟਕਪੁਰਾ ਵਿਖੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰ ਰਹੀਆਂ ਸਿੱਖ ਜਥੇਬੰਦੀਆਂ, ਪ੍ਰਚਾਰਕਾਂ ਤੇ ਸੰਗਤਾਂ ‘ਤੇ ਪਾਣੀ ਦੀਆਂ ਬੁਛਾੜਾਂ, ਲਾਠੀਚਾਰਜ ਕਰਦਿਆਂ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਤੇ ਕਈ ਹੋਰਨਾਂ ਨੂੰ ਗੰਭੀਰ ਜਖਮੀ ਕਰ ਦਿਤਾ।ਇਸ ਵਾਪਰੇ ਘਟਨਾਕ੍ਰਮ ਤੋਂ ਬਾਅਦ ਸਿੰਘ ਸਾਹਿਬ ਦਾ ਇਹ ਫੈਸਲਾ ਆਇਆ ਹੈ।
ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇੱਕਤਰਤਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ੍ਹ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਸ਼ਾਮਿਲ ਹੋਏ ਅਤੇ ਦੋ ਘੰਟੇ ਦੇ ਕਰੀਬ ਚੱਲੀ ਇੱਕਤਰਤਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਡੇਰਾ ਸਿਰਸਾ ਮੁਖੀ ਸੌਦਾ ਅਸਾਧ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਭੇਜੇ ਖਿਮਾਂ ਜਾਚਨਾਂ ਸਪੱਸ਼ਟੀਕਰਨ ‘ਤੇ ਵੀਚਾਰ ਕਰਕੇ ਜੋ ਗੁਰਮਤਾ 8 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਿਕ 24 ਸਤੰਬਰ 2015 ਨੂੰ ਕੀਤਾ ਗਿਆ ਸੀ ਉਸ ਗੁਰਮਤੇ ਨੂੰ ਗੁਰੂ-ਪੰਥ ਵਲੋਂ ਪ੍ਰਵਾਨ ਨਹੀਂ ਕੀਤਾ ਗਿਆ। ਇਸ ਲਈ ਸਮੂੰਹ ਖ਼ਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਬੜੀ ਬਰੀਕੀ ਨਾਲ ਵਿਚਾਰਦਿਆਂ ਅੱਜ ਪੰਜ ਸਾਹਿਬਾਨਾਂ ਵਲੋਂ ਸੌਦਾ ਅਸਾਧ ਡੇਰਾ ਸਿਰਸਾ ਮੁਖੀ ਦੇ ਸਬੰਧ ਵਿਚ ਜੋ ਫੈਸਲਾ ਕੀਤਾ ਗਿਆ ਸੀ, ਰੱਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਫੈਸਲਾ ਲੈਂਦੇ ਸਮੇਂ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਦੀ ਸਹਿਮਤੀ ਵੀ ਲਈ ਗਈ।ਉਨ੍ਹਾਂ ਕਿਹਾ ਕਿ ਪੰਜ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਗੁਰੂ ਖ਼ਾਲਸਾ ਪੰਥ ਦੇ ਮਾਣ-ਸਨਮਾਨ ਵਾਸਤੇ ਹਮੇਸ਼ਾਂ ਤਤਪਰ ਹਨ।
ਸਿੰਘ ਸਾਹਿਬਾਨ ਨੇ ਲਏ ਇੱਕ ਹੋਰ ਮਤੇ ਰਾਹੀਂ ਪਿਛਲੇ ਸਮੇਂ ਵਿਚ ਗੁਰੂ ਪੰਥ ਦੇ ਦੋਖੀਆਂ ਵੱਲੋਂ ਜਾਗਤ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਚੋਰੀ ਕਰਨ ਉਪਰੰਤ ਧਮਕੀ ਭਰੇ ਪੱਤਰ ਕੰਧਾਂ ਉਤੇ ਚਿਪਕਾ ਕੇ (ਖ਼ਾਲਸਾ ਪੰਥ ਨੂੰ ਚੁਣੌਤੀ) ਦਿੱਤੀ ਕਿ ਉਹ ਗੁਰੂ ਸਾਹਿਬ ਦੇ ਅੰਗ-ਅੰਗ ਗਲ੍ਹੀਆਂ ਵਿਚ ਖਿਲਾਰ ਦੇਣ ਬਾਰੇ ਪ੍ਰਸ਼ਾਸ਼ਨ ਨੂੰ ਬਾਰ-ਬਾਰ ਜਾਣੂ, ਪ੍ਰਸ਼ਾਸ਼ਨ ਵਲੋਂ ਅਣਗਹਿਲੀ ਭਰਿਆ ਵਤੀਰਾ ਅਪਣਾਈ ਰੱਖਣ ਤੇ ਚਿੰਤਾ ਪ੍ਰਗਟਾਈ।ਸਿੰਘ ਸਾਹਿਬ ਨੇ ਕਿਹਾ ਕਿ ‘ਚਾਹੀਦਾ ਤਾਂ ਇਹ ਸੀ ਕਿ ਪ੍ਰਸ਼ਾਸਨ ਸਮੇਂ ਸਿਰ ਢੁੱਕਵੀਂ ਕਾਰਵਾਈ ਕਰਕੇ ਇਸ ਘਿਨਾਉਣੀ ਹਰਕਤ ਕਰਨ ਵਾਲਿਆਂ ਨੂੰ ਸਜ਼ਾ ਦਿੰਦਾ ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਨ ਲਈ ਬਾਣੀ ਦਾ ਜਾਪ ਕਰ ਰਹੀਆਂ ਸ਼ਾਂਤਮਈ ਸੰਗਤਾਂ ਉਤੇ ਪੁਲਿਸ ਨੇ ਗੋਲੀਆਂ ਤੇ ਡਾਂਗਾਂ ਚਲਾ ਕੇ ਨਾਦਰਸ਼ਾਹੀ ਜੁਲਮਾਂ ਦੀ ਯਾਦ ਤਾਜਾ ਕਰਵਾ ਦਿੱਤੀ ਹੈ’।ਪ੍ਰਸ਼ਾਸ਼ਨ ਦੇ ਸਿੱਖਾਂ ਨਾਲ ਇਸ ਵਧੀਕੀ ਅਤੇ ਅਤਿਆਚਾਰੀ ਰਵਈਏ ਦੀ ਪੰਜ ਸਿੰਘ ਸਾਹਿਬਾਨ ਵੱਲੋਂ ਘੋਰ ਨਿਖੇਧੀ ਕਰਦਿਆਂ ਕਿਹਾ ਗਿਆ ਕਿ ਸਰਕਾਰ ਗ੍ਰਿਫਤਾਰ ਕੀਤੇ ਗਏ ਸਾਰੇ ਸਿੰਘਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਕੇ ਅੱਤਿਆਚਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਡਿਸਮਿਸ ਕਰਕੇ ਨਿਰਦੋਸ਼ ਸਿੰਘਾਂ ਨੂੰ ਸ਼ਹੀਦ ਤੇ ਜਖ਼ਮੀ ਕਰਨ ਦੇ ਕੇਸ ਚਲਾਏ ਜਾਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਸਾਂ ਦੀ ਪੈਰਵਾਈ ਕੀਤੀ ਜਾਵੇ। ਸਿੰਘ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਉਹ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਦੀ ਵੱਧ ਤੋਂ ਵੱਧ ਆਰਥਿਕ ਸਹਾਇਤਾ ਤੇ ਗੰਭੀਰ ਜਖ਼ਮੀ ਹੋਏ ਸਿੰਘਾਂ ਦੇ ਇਲਾਜ ਦਾ ਸਾਰਾ ਖਰਚਾ ਅਦਾ ਕਰੇ ਅਤੇ ਫੱਟੜ ਹੋਏ ਸਿੰਘਾਂ ਨੂੰ ਵੀ ਆਰਥਿਕ ਸਹਾਇਤਾ ਦੇਵੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply