Tuesday, March 10, 2026

ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਦੋ ਮੈਗਜ਼ੀਨ ਰਲੀਜ਼ ਕੀਤੇ ਗਏ

PPN2810201507

ਸਮਰਾਲਾ, 28 ਅਕਤੂਬਰ (ਪ.ਪ)- ਅੱਜ ਪੰਜਾਬੀ ਮਾਂ-ਬੋਲੀ ਲਈ ਅਨੇਕਾਂ ਸੰਸਥਾਵਾਂ, ਅਦਾਰੇ ਤੇ ਸਖਸ਼ੀਅਤਾਂ ਕੰਮ ਕਰ ਰਹੀਆਂ ਹਨ ਤਾਂ ਜੋ ਸਾਡੀ ਮਾਂ-ਬੋਲੀ, ਸਦਾ ਚੜ੍ਹਦੀ ਕਲਾ ਵਿੱਚ ਰਹੇ। ਇਸੇ ਲੀਹ ਨੂੰ ਅੱਗੇ ਵਧਾਉਣ ਦੀ ਤਮੰਨਾ ਲੈ ਕੇ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦਿਨ ਰਾਤ ਇੱਕ ਕਰਕੇ ਆਪਣਾ ਯੋਗਦਾਨ ਪਾ ਰਹੀ ਹੈ। ਵੱਖ ਵੱਖ ਸੰਸਥਾਵਾਂ ਅਤੇ ਲੇਖਕ ਆਪਣੀ ਪੁਸਤਕਾਂ ਸਬੰਧੀ ਗੋਸ਼ਟੀ ਕਰਵਾਕੇ ਜਾਂ ਰਿਲੀਜ਼ ਕਰਵਾ ਕੇ ਇਸ ਸਭਾ ਦਾ ਮਾਣ ਵਧਾ ਰਹੇ ਹਨ, ਜੋ ਕਿ ਪੰਜਾਬੀ ਮਾਂ ਬੋਲੀ ਲਈ ਇੱਕ ਚੰਗੇ ਰੁਝਾਨ ਦਾ ਸੰਕੇਤ ਹੈ। ਇਹ ਸ਼ਬਦ ਉੱਘੇ ਕਹਾਣੀਕਾਰ ਸੁਖਜੀਤ ਮਾਛੀਵਾੜਾ ਨੇ ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਕਰਵਾਏ ਇੱਕ ਸਮਾਗਮ ਦੌਰਾਨ ਕਹੇ। ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਵੱਲੋਂ ਇੱਕ ਸਮਾਗਮ ਦੌਰਾਨ ਦੋ ਪੰਜਾਬੀ ਰਸਾਲੇ ਰਿਲੀਜ਼ ਕੀਤੇ ਗਏ। ਪਹਿਲਾ ਰਸਾਲਾ ‘ਵੱਖਰੀ ਸੋਚ’ ਜੋ ਵਧੀਆ ਪੰਜਾਬੀ ਸਾਹਿਤ ਨੂੰ ਪੰਜਾਬੀ ਪਾਠਕਾਂ ਅੱਗੇ ਰੱਖ ਕੇ ਇੱਕ ਵੱਖਰੀ ਸੋਚ ਲੈ ਕੇ ਤੁਰ ਰਿਹਾ ਹੈ, ਜਿਸ ਦੇ ਸੰਪਾਦਕ ਮਨਪ੍ਰੀਤ ਜੋਸ਼ੀ ਹਨ ਅਤੇ ਇਹ ਰਸਾਲਾ ਦਿੜਬਾ ਤੋਂ ਪ੍ਰਕਾਸ਼ਿਤ ਹੋ ਰਿਹਾ ਹੈ।ਦੂਸਰਾ ਰਸਾਲਾ ‘ਕਬੱਡੀ ਦੀ ਦੁਨੀਆਂ’ ਜੋ ਖੇਡ ਸੰਸਾਰ ਦੀਆਂ ਗਤੀਵਿਧੀਆਂ ਨੂੰ ਖੇਡ ਪ੍ਰੇਮੀਆਂ ਅੱਗੇ ਪੇਸ਼ ਕਰ ਰਿਹਾ ਹੈ ਅਤੇ ਇਸਦੇ ਸੰਪਾਦਕ ਉੱਘੇ ਖਿਡਾਰੀ ਭੋਲਾ ਦਿਆਲਪੁਰੀਆਂ ਹਨ ਅਤੇ ਇਹ ਰਸਾਲਾ ਬੁਢਲਾਡਾ (ਮਾਨਸਾ) ਤੋਂ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ।ਇਹ ਦੋਵੇਂ ਰਸਾਲੇ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਦੋਵਾਂ ਸੰਪਾਦਕਾਂ ਤੇ ਅਨੇਕਾਂ ਲੇਖਕਾਂ ਤੇ ਪਾਠਕਾਂ ਦੀ ਹਾਜ਼ਰੀ ਦੌਰਾਨ ਰਿਲੀਜ਼ ਕੀਤੇ ਗਏ। ਇਨ੍ਹਾਂ ਰਸਾਲਿਆਂ ਦੇ ਰਿਲੀਜ਼ ਸਮਾਰੋਹ ਮੌਕੇ ਪੰਜਾਬੀ ਬਾਲ ਸਾਹਿਤ ਦੇ ਉੱਘੇ ਸ਼੍ਰੋਮਣੀ ਲੇਖਕ ਦਰਸ਼ਨ ਸਿੰਘ ਆਸਟ, ਕਹਾਣੀਕਾਰ ਸੁਖਜੀਤ ਮਾਛੀਵਾੜਾ, ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਪ੍ਰੋ. ਬਲਦੀਪ, ਜੋਗਿੰਦਰ ਸਿੰਘ ਜੋਸ਼, ਐਡਵੋਕੇਟ ਨਰਿੰਦਰ ਸ਼ਰਮਾ, ਸਟੇਟ ਐਵਾਰਡੀ ਮੇਘਦਾਸ ਜਵੰਦਾ, ਇੰਦਰਜੀਤ ਸਿੰਘ ਕੰਗ, ਖਜਾਨਚੀ ਸੰਦੀਪ ਤਿਵਾੜੀ, ਜਗਦੀਸ਼ ਨੀਲੋਂ, ਪੁਖਰਾਜ ਸਿੰਘ ਘੁਲਾਲ, ਦਰਸ਼ਨ ਸਿੰਘ ਕੰਗ, ਬਲਬੀਰ ਸਿੰਘ ਤੱਖਰਾਂ, ਨੇਤਰ ਸਿੰਘ ਮੁੱਤੋਂ, ਕਾਕਾ ਅੰਮ੍ਰਿਤ ਸਿੰਘ, ਤੇਜਵੰਤ ਸਿੰਘ ਭੰਡਾਲ ਆਦਿ ਤੋਂ ਇਲਾਵਾ ਅਨੇਕਾਂ ਹੀ ਸਾਹਿਤਕਾਰ ਅਤੇ ਸਰੋਤੇ ਹਾਜਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply