ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ ਬਿਊਰੋ)- ਸ.ਲਖਵਿੰਦਰ ਸਿੰਘ ਇੰਸਪੈਕਟਰ ਜਨਰਲ ਜੇਲ੍ਹਾਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਕੀਰਤਨ ਸਰਵਣ ਕੀਤਾ। ਉਪਰੰਤ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ ਨੂੰ ਮਿਲੇ ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ ਤੇ ਸ.ਸਰਬੰਸ ਸਿੰਘ ਮਾਣਕੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸ.ਲਖਵਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਮਾਣ ਸਨਮਾਨ ਬਦਲੇ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਸ.ਲਖਵਿੰਦਰ ਸਿੰਘ ਨੇ ਕੇਂਦਰੀ ਜੇਲ੍ਹ ਸੁਪ੍ਰਿੰਟੈਂਡੈਂਟ ਪਟਿਆਲਾ ਹੁੰਦਿਆਂ ਅਦਾਲਤੀ ਹੁਕਮਾਂ ‘ਚ ਕਾਨੂੰਨੀ ਖਾਮੀਆਂ ਦਾ ਹਵਾਲਾ ਦੇ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਉਦੋਂ ਤੋਂ ਹੀ ਸ.ਲਖਵਿੰਦਰ ਸਿੰਘ ਸਿੱਖ ਹਲਕਿਆਂ ‘ਚ ਕਾਫੀ ਜਾਨੀ ਪਹਿਚਾਨੀ ਸਖ਼ਸ਼ੀਅਤ ਮੰਨੇ ਜਾਂਦੇ ਹਨ। ਇਸ ਮੌਕੇ ਸ.ਬਲਕਾਰ ਸਿੰਘ ਡਿਪਟੀ ਸੁਪ੍ਰਿੰਟੈਂਡੈਂਟ ਜੇਲ੍ਹ ਅੰਮ੍ਰਿਤਸਰ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਕੋਮਲ ਸਿੰਘ ਪੰਜ ਪਿਆਰਾ, ਸ.ਕੁਲਵਿੰਦਰ ਸਿੰਘ ਰਾਮਦਾਸ ਇੰਚਾਰਜ ਪਬਲੀਸਿਟੀ, ਸ.ਸਕੱਤਰ ਸਿੰਘ ਇੰਚਾਰਜ ਫਲਾਇੰਗ ਸਕੁਐਡ ਤੇ ਸ.ਪਲਵਿੰਦਰ ਸਿੰਘ ਸੁਪਰਵਾਈਜ਼ਰ ਆਦਿ ਮੌਜੂਦ ਸਨ।