Saturday, June 20, 2026

ਸ. ਧੁੱਗਾ ਦੇੇ ਯਤਨਾ ਸਦਕਾ ਪਿੰਡ ਰੰਗੜ ਨੰਗਲ ਦਾ ਕੂੜਾ ਡੰਪ ਹਟੇਗਾ

PPN1712201502

ਬਟਾਲਾ, 16 ਦਸੰਬਰ (ਨਰਿੰਦਰ ਬਰਨਾਲ)- ਨਗਰ ਕੌਂਸਲ ਬਟਾਲਾ ਵੱਲੋਂ ਪਿੰਡ ਰੰਗੜ ਨੰਗਲ ਲਾਗੇ ਸੁੱਟੇ ਜਾ ਰਹੇ ਕੂੜੇ-ਕਰਕਟ ਦਾ ਮਸਲਾ ਹੱਲ ਹੋ ਗਿਆ ਹੈ। ਮੁੱਖ ਸੰਸਦੀ ਸਕੱਤਰ ਅਤੇ ਹਲਕਾ ਵਿਧਾਇਕ ਸ. ਦੇਸਰਾਜ ਸਿੰਘ ਧੁੱਗਾ ਦੀ ਦਖਲ-ਅੰਦਾਜ਼ੀ ਨਾਲ ਬਟਾਲਾ ਨਗਰ ਕੌਂਸਲ ਪਿੰਡ ਰੰਗੜ ਨੰਗਲ ਤੋਂ ਆਪਣਾ ਕੂੜੇ ਦਾ ਡੰਪ ਹਟਾਉਣ ਲਈ ਰਾਜ਼ੀ ਹੋ ਗਈ ਹੈ। ਪਰ ਇਸਦੇ ਨਾਲ ਹੀ ਨਗਰ ਕੌਂਸਲ ਨੇ ਸ. ਧੁੱਗਾ ਕੋਲੋਂ ਢਾਈ ਮਹੀਨੇ ਦਾ ਸਮਾਂ ਮੰਗਿਆ ਹੈ ਤਾਂ ਜੋ ਕੂੜੇ ਦੇ ਡੰਪ ਦੇ ਬਦਲਵੇਂ ਪ੍ਰਬੰਧ ਕੀਤੇ ਜਾ ਸਕਣ। ਇਹ ਫੈਸਲਾ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ, ਸਾਬਕਾ ਸੰਸਦੀ ਸਕੱਤਰ ਸ੍ਰੀ ਜਗਦੀਸ਼ ਰਾਜ ਸਾਹਨੀ, ਚੇਅਰਮੈਨ ਸ਼ੂਗਰਫੈਡ ਸੁਖਬੀਰ ਸਿੰਘ ਵਾਹਲਾ, ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ, ਐਡਵੋਕੇਟ ਰਘੁਬੀਰ ਸਿੰਘ ਬਾਜਵਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਨਾਮ ਸਿੰਘ ਜੱਸਲ, ਹਰਜੀਤ ਸਿੰਘ ਪਰਮਾਰ ਸਰਪੰਚ ਰੰਗੜ ਨੰਗਲ, ਸੁਖਦੇਵ ਸਿੰਘ ਸਰਪੰਚ ਵੈਰੋਨੰਗਲ, ਕਰਮਜੀਤ ਸਿੰਘ ਜੋਗੀ, ਬੱਬੂ ਕਾਹਲੋਂ, ਬਿੱਟਾ ਮਹਾਜਨ ਸਮੇਤ ਬਟਾਲਾ ਦੇ ਕੌਂਸਲਰਾਂ ਵੱਲੋਂ ਇੱਕ ਸਾਂਝੀ ਮੀਟਿੰਗ ‘ਚ ਕੀਤਾ ਗਿਆ।
ਇਸ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਦੱਸਿਆ ਕਿ ਪਿੰਡ ਰੰਗੜ ਨੰਗਲ ਅਤੇ ਵੈਰੋਨੰਗਲ ਦੇ ਲੋਕ ਬਟਾਲਾ ਨਗਰ ਕੌਂਸਲ ਵੱਲੋਂ ਬਣਾਏ ਗਏ ਕੂੜਾ ਡੰਪ ਕਾਰਨ ਫੈਲ ਰਹੀ ਗੰਦਗੀ ਤੋਂ ਬਹੁਤ ਤੰਗ ਸਨ ਅਤੇ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਕੋਲ ਇਹ ਕੂੜਾ ਡੰਪ ਚੁਕਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਅਤੇ ਵਾਤਾਵਰਨ ਨਾਲ ਜੁੜੇ ਇਸ ਅਹਿਮ ਮਸਲੇ ‘ਤੇ ਅੱਜ ਉਨ੍ਹਾਂ ਇਲਾਕੇ ਦੇ ਪੰਚਾਂ-ਸਰਪੰਚਾਂ ਨੂੰ ਨਾਲ ਲੈ ਕੇ ਨਗਰ ਕੌਂਸਲ ਬਟਾਲਾ ਦੇ ਪ੍ਰਧਾਨ ਤੇ ਸ਼ਹਿਰ ਵਾਸੀਆਂ ਨਾਲ ਮੀਟਿੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਇਹ ਸਹਿਮਤੀ ਬਣੀ ਹੈ ਕਿ ਢਾਈ ਮਹੀਨੇ ਦੇ ਵਿੱਚ-ਵਿੱਚ ਬਟਾਲਾ ਨਗਰ ਕੌਂਸਲ ਪਿੰਡ ਰੰਗੜ ਨੰਗਲ ਨੇੜੇ ਸ਼ਹਿਰ ਦਾ ਕੂੜਾ ਸੁੱਟਣਾ ਬੰਦ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਭਾਂਵੇ ਕਿ ਨਗਰ ਕੌਂਸਲ ਨੇ ਜ਼ਮੀਨ ਮਾਲਕ ਨਾਲ ਕੂੜਾ ਸੁੱਟਣ ਲਈ ਇੱਕ ਸਾਲ ਦਾ ਸਮਝੌਤਾ ਕੀਤਾ ਸੀ ਪਰ ਹੁਣ ਨਵੇਂ ਫੈਸਲੇ ਤਹਿਤ 28 ਫਰਵਰੀ 2016 ਤੋਂ ਪਹਿਲਾਂ-ਪਹਿਲਾਂ ਨਗਰ ਕੌਂਸਲ ਬਟਾਲਾ ਪਿੰਡ ਰੰਗੜ ਨੰਗਲ ਵਿਖੇ ਕੂੜਾ ਸੁਟਣਾ ਬੰਦ ਕਰੇਗੀ। ਸ. ਧੁੱਗਾ ਨੇ ਕਿਹਾ ਕਿ ਅਸੀਂ ਬਟਾਲਾ ਸ਼ਹਿਰ ‘ਚ ਵੀ ਗੰਦਗੀ ਨਹੀਂ ਫੈਲਣ ਦੇਣਾ ਚਾਹੁੰਦੇ ਇਸ ਲਈ ਕੌਂਸਲ ਨੂੰ ਢਾਈ ਮਹੀਨੇ ਦਾ ਸਮਾਂ ਆਪਣੇ ਬਦਲਵੇਂ ਪ੍ਰਬੰਧ ਕਰਨ ਲਈ ਦਿੱਤਾ ਗਿਆ ਹੈ।ਓਧਰ ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ ਨੇ ਕਿਹਾ ਕਿ ਅਸੀਂ ਪਿੰਡ ਵਾਲਿਆਂ ਦੀ ਸਮੱਸਿਆ ਨੂੰ ਸਮਝਦੇ ਹੋਏ ਇਹ ਫੈਸਲਾ ਕੀਤਾ ਹੈ ਕਿ ਪਿੰਡ ਰੰਗੜ ਨੰਗਲ ਤੋਂ ਕੂੜੇ ਦੇ ਡੰਪ ਨੂੰ ਤਬਦੀਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੂੜੇ ਦਾ ਨਵਾਂ ਡੰਪ ਬਣਾਉਣ ਲਈ ਨਗਰ ਕੌਂਸਲ ਬਟਾਲਾ ਵੱਲੋਂ ਅੱਜ ਅਖਬਾਰਾਂ ‘ਚ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਅਤੇ ਨਵੀਂ ਜਗ੍ਹਾ ਮਿਲਣ ‘ਤੇ ਢਾਈ ਮਹੀਨੇ ਤੋਂ ਪਹਿਲਾਂ ਹੀ ਰੰਗੜ ਨੰਗਲ ਨਜ਼ਦੀਕ ਕੂੜਾ ਸੁਟਣਾ ਬੰਦ ਕਰ ਦਿੱਤਾ ਜਾਵੇਗਾ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply