
ਨਵੀਂ ਦਿੱਲੀ, 30 ਦਸੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੰਬਰ 1984 ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਜੰਗੀ ਪੱਧਰ ਤੇ ਬਣਾਈ ਜਾ ਰਹੀ ਯਾਦਗਾਰ ਦਾ ਅੱਜ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਮੁਆਇਨਾ ਕੀਤਾ। ਗੁਰਦੁਆਰਾ ਰਕਾਬਗੰਜ ਸਾਹਿਬ ਮਾਰਗ ਵੱਲ ਉਸਾਰੀ ਜਾ ਰਹੀ ਯਾਦਗਾਰ ਦੇ ਕਾਰਜਾਂ ਦੇ ਜੀ.ਕੇ ਨੇ ਜੁਲਾਈ 2016 ਤਕ ਸੰਪੂਰਨ ਹੋਣ ਦੀ ਆਸ਼ ਜਤਾਈ। ਪ੍ਰੋਜੈਕਟ ਕਮੇਟੀ ਦੇ ਚੇਅਰਮੈਨ ਅਤੇ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਤਨਵੰਤ ਸਿੰਘ ਨੇ ਇਸ ਦੌਰਾਨ ਜੀ.ਕੇ ਨੂੰ ਤਕਨੀਕੀ ਅਤੇ ਨਿਰਮਾਣ ਪੱਧਰੀ ਚੁਨੌਤੀਆਂ ਤੇ ਉਨ੍ਹਾਂ ਦੇ ਹੱਲ ਬਾਰੇ ਕੀਤੇ ਗਏ ਕੰਮਾਂ ਤੋਂ ਜਾਣੂ ਕਰਾਇਆ।
ਉਸਾਰੀ ਕੰਮਾਂ ਦੀ ਚਾਲ ਤੇ ਸੰਤੋਸ਼ ਜਤਾਉਂਦੇ ਹੋਏ ਜੀ.ਕੇ ਨੇ ਯਾਦਗਾਰ ਦੀ ਉਸਾਰੀ ਨੂੰ ਦਿੱਲੀ ਕਮੇਟੀ ਲਈ ਵਕਾਰ ਪੱਖੋਂ ਜਰੂਰੀ ਦਸਿਆ। ਉਨ੍ਹਾਂ ਨਰਾਜ਼ਗੀ ਜਤਾਈ ਕਿ 31 ਸਾਲਾਂ ਦੌਰਾਨ ਮੁਲਕ ਦੀ ਸਾਰੀਆਂ ਸਰਕਾਰਾਂ ਨੇ ਜਿੱਥੇ ਸਾਨੂੰ ਕਤਲੇਆਮ ਦਾ ਇਨਸਾਫ ਦੇਣ ਤੋਂ ਮੂੰਹ ਮੋੜ ਕੇ ਰੱਖਿਆ ਹੈ ਉ-ਥੇ ਹੀ ਆਪਣੇ ਨਾਲ ਵਾਪਰੇ ਇਸ ਖੂਨੀ ਸਾਕੇ ਦੀ ਯਾਦਗਾਰ ਉਸਾਰਨ ਵਾਸਤੇ 2 ਗਜ਼ ਜ਼ਮੀਨ ਵੀ ਨਹੀਂ ਦਿੱਤੀ।ਜੀ.ਕੇ ਨੇ ਸਾਰੀ ਕੌਮ ਵਿੱਚ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲ ਪਾਉਣ ਦੀ ਨਾਕਾਮੀ ਸਦਕਾ ਨਮੋਸ਼ੀ ਦੇ ਹਾਲਾਤ ਹੋਣ ਦਾ ਵੀ ਦਾਅਵਾ ਕੀਤਾ।
ਜੀ.ਕੇ. ਨੇ ਕਿਹਾ ਕਿ ਜਦੋਂ ਕਮੇਟੀ ਵੱਲੋਂ ਸੰਗਤਾਂ ਦੀਆਂ ਭਾਵਨਾਵਾਂ ਤੇ ਕੌਮੀ ਹਿਤਾਂ ਨੂੰ ਮੁਖ ਰੱਖਦੇ ਹੋਏ ਕਾਤਿਲਾਂ ਵੱਲ ਕਾਨੂੰਨੀ ਤੋਪਾਂ ਦਾ ਮੂੰਹ ਮੋੜਨ ਦਾ ਇਨਕਲਾਬੀ ਫੈਸਲਾ ਲਿਆ ਗਿਆ ਤਾਂ ਸਾਨੂੰ ਕਈ ਬਜ਼ੁਰਗ ਸਿੱਖਾਂ ਵੱਲੋਂ ਇਸ ਲੜਾਈ ਦਾ ਸਿੱਟਾ ਨਾ ਨਿਕਲਣ ਦੇ ਵੀ ਖਦਸੇ ਜਤਾਏ ਗਏ। ਪਰ ਕਮੇਟੀ ਨੇ ਬਿਨਾਂ ਕਿਸੇ ਨਤੀਜਿਆਂ ਦੀ ਪਰਵਾਹ ਕੀਤੇ ਕਾਨੂੰਨੀ ਮੈਦਾਨ ਵਿੱਚ ਆਪਣੇ ਹਰ ਉਸ ਦਾਅ ਨੂੰ ਚਲਾਉਣ ਦਾ ਫੈਸਲਾ ਲਿਆ ਜਿਸ ਨਾਲ ਕਾਤਿਲ ਜੇਲ੍ਹਾਂ ਵਿੱਚ ਜਾਉਣ ਦੇ ਸਮਰਥ ਹੋਣ। ਜੀ.ਕੇ ਨੇ ਸਾਫ ਕੀਤਾ ਕਿ ਯਾਦਗਾਰ ਬਣਾਉਣਾ ਸਾਡਾ ਮਕਸਦ ਨਹੀਂ ਸਗੋਂ ਮਜਬੂਰੀ ਹੈ ਕਿਉਂਕਿ ਆਉਣ ਵਾਲੀ ਪਨੀਰੀ ਨੂੰ ਇਸ ਕਤਲੇਆਮ ਦੇ ਇਤਿਹਾਸ ਅਤੇ ਨੁਕਸਾਨ ਬਾਰੇ ਜਾਣੂ ਕਰਾਉਣਾ ਜਰੂਰੀ ਹੈ। ਇਸ ਮੌਕੇ ਸਾਬਕਾ ਵਿਧਾਇਕ ਤੇ ਸਕੂਲੀ ਸਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਨੇ ਵੀ ਯਾਦਗਾਰ ਸਬੰਧੀ ਯੋਗ ਸੁਝਾਵ ਪੇਸ਼ ਕੀਤੇ।
Punjab Post Daily Online Newspaper & Print Media