Tuesday, March 17, 2026

ਸਿੱਖ ਧਰਮ ਉਪਰ ਭਾਰੂ ਹੋ ਰਹੀ ਰਾਜਨੀਤੀ ਡੂੰਘੀ ਚਿੰਤਾ ਦਾ ਵਿਸ਼ਾ- ਸਤਨਾਮ ਸਿੰਘ ਚਾਹਲ

ਕਿਹਾ ਮਾਲਟਾ ਤੇ ਪਨਾਮਾ ਵਰਗੇ ਕਿਸ਼ਤੀ ਕਾਂਡ ਤੋਂ ਕੋਈ ਸਬਕ ਨਹੀਂ ਸਿੱਖਣਾ ਚਾਹੁੰਦੇ ਪੰਜਾਬ ਦੇ ਸਿਆਸਤਦਾਨ

PPN2401201610ਅੰਮ੍ਰਿਤਸਰ, 24 ਜਨਵਰੀ (ਜਗਦੀਪ ਸਿੰਘ ਸੱਗੂ)- ਪੰਜਾਬ ਫੇਰੀ ਤੇ ਆਏ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਸਿੱਖ ਧਰਮ ਉਪਰ ਹੋ ਰਹੀ ਭਾਰੂ ਰਾਜਨੀਤੀ ਬਾਰੇ ਆਪਣੀ ਡੂੰਘੀ ਚਿੰਤਾ ਦਾ ਪਰਗਟਾਵਾ ਕਰਦਿਆਂ ਕਿਹਾ ਕਿ ਰਾਜਨੀਤੀ ਦੇ ਧਰਮ ਉਤੇ ਭਾਰੂ ਹੋਣ ਨਾਲ ਵਾਪਰ ਰਹੀਆਂ ਦੁੱਖਦਾਈ ਘਟਨਾਵਾਂ ਦੇ ਕਾਰਣ ਦੁਨੀਆਂ ਭਰ ਵਿਚ ਵੱਸਦੇ ਸਿੱਖ ਭਾਈਚਾਰੇ ਦਾ ਸਿਰ ਸ਼ਰਮ ਨਾਲ ਨੀਵਾਂ ਹੋ ਰਿਹਾ ਹੈ।ਉਹਨਾਂ ਨੇ ਹਾਲ ਹੀ ਵਿਚ ਕੈਲੀਫੋਰਨੀਆ ਦੇ ਦੋ ਵੱਡੇ ਗੁਰੂਦੁਆਰਿਆਂ ਵਿਚ ਵਾਪਰੀਆਂ ਧੜੇਬੰਦਕ ਲੜਾਈਆਂ ਦਾ ਜਿਕਰ ਕਰਦਿਆਂ ਕਿਹਾ ਕਿ ਸਿੱਖੀ ਦੇ ਭੇਸ ਵਿੱਚ ਕੁੱਝ ਲੋਕ ਸਿਖਾਂ ਦੇ ਕਿਰਦਾਰ ਨੂੰ ਅਜਿਹੀਆਂ ਹਰਕਤਾਂ ਕਰਕੇ ਬਦਨਾਮ ਕਰ ਰਹੇ ਹਨ, ਜਿਸ ਦਾ ਖਮਿਆਜਾ ਆਮ ਸਿੱਖਾਂ ਨੂੰ ਭੁਗਤਣਾ ਪੈ ਰਿਹਾ ਹੈ।  ਅੱਜ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਅਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਸਿਖਾਂ ਦੀ ਸਰਬਉਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਵੀ ਅੱਜ ਰਾਜਨੀਤੀ ਦਾ ਸ਼ਿਕਾਰ ਹੋਣ ਤੋਂ ਵੀ ਬਚ ਨਾ ਸਕੀ, ਜਿਸ ਕਾਰਣ ਇਸ ਸੰਸਥਾ ਉਪਰ ਕਾਬਜ਼ ਜਥੇਦਾਰ ਸਹਿਬਾਨ ਦੀ ਕਾਰਗੁਜਾਰੀ ਉਪਰ ਵੀ ਸਵਾਲ ਉਠਦੇ ਰਹਿੰਦੇ ਹਨ।ਸਿਰਸਾ ਦੇ ਸਾਧ ਰਾਮ ਰਹੀਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਪਿਛੇ ਜਿਹੇ ਬਰੀ ਕੀਤੇ ਜਾਣ ਦਾ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੁਣਾਇਆ ਗਿਆ ਸੀ।ਉਸ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤਾਂ ਦਾ 99 ਲੱਖ ਚੜਾਵਾ ਇਸ਼ਤਿਹਾਰਬਾਜ਼ੀ ‘ਤੇ ਹੀ ਖਰਚ ਕਰ ਦੇਣ ਕਰਕੇ ਸ਼ੋ੍ਰਮਣੀ ਗੁਰੂਦੁਆਰਾ ਵਿਰੁੱਧ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿਖ ਭਾਈਚਾਰੇ ਵਿਚ ਬਹੁਤ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਹੈ। ਹਾਲ ਹੀ ਵਿਚ ਪਨਾਮਾ ਕਿਸ਼ਤੀ ਕਾਂਡ ਵਿਚ ਮਾਰੇ ਗਏ ਪੰਜਾਬ ਦੇ ਗਭਰੂਆਂ ਦੀ ਮੌਤ ਉਪਰ ਆਪਣੇ ਡੂੰਘੇ ਦੁਖ ਤੇ ਅਫਸੋਸ ਦਾ ਪਰਗਟਾਵਾ ਕਰਦਿਆਂ ਸ: ਚਾਹਲ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਸਿਆਸਤਦਾਨ, ਦੁਰਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖਣਾ ਚਾਹੁੰਦੇ।ਮਾਲਟਾ ਘਟਨਾ ਵਾਪਰੀ ਨੂੰ 19 ਸਾਲ ਹੋ ਚੁੱਕੇ ਹਨ।ਪਰ ਪੰਜਾਬ ਨੇ ਮੁੜ ਉਸੇ ਵਰਗੀ ਪਨਾਮਾ ਘਟਨਾ ਦਾ ਸਾਹਮਣਾ ਕੀਤਾ ਹੈ।ਦੋਵਾਂ ਘਟਨਾਵਾਂ ਵਿੱਚ ਮੌਤਾਂ ਦੀ ਗਿਣਤੀ ਦੀ ਤੁਲਨਾ ਕਰਨਾ ਮਹੱਤਵਹੀਣ ਨਹੀਂ ਹੈ।ਮੁੱਖ ਮੁੱਦਾ ਸੱਤਾਧਾਰੀਆਂ ਦੀ ਜ਼ਿੰਮੇਵਾਰੀ ਦਾ ਹੈ ਕਿ ਉਹ ਉਨ੍ਹਾਂ ਕਾਰਨਾਂ ਨੂੰ ਖ਼ਤਮ ਨਹੀਂ ਕਰ ਸਕੇ ਜੋ ਨੌਜਵਾਨਾਂ ਨੂੰ ਡਾਲਰ ਕਮਾਉਣ ਲਈ ਕੋਈ ਵੀ ਜੋਖ਼ਮ ਉਠਾਉਣ ਲਈ ਮਜਬੂਰ ਕਰਦੇ ਹਨ।ਪੰਜਾਬ ਦੀ ਜਵਾਨੀ ਸੁਨਹਿਰੀ ਭਵਿੱਖ ਦੀ ਤਲਾਸ਼ ਵਿੱਚ ਅਮਰੀਕਾ ਕੈਨੇਡਾ ਅਤੇ ਹੋਰ ਵਿਕਸਤ ਦੇਸ਼ਾਂ ਵਿੱਚ ਪਹੁੰਚਣ ਲਈ ਅਨਮਨੁੱਖੀ ਹਾਲਾਤਾਂ ਵਿੱਚੋਂ ਗੁਜ਼ਰਨ ਲਈ ਮਜਬੂਰ ਹੈ।ਪਰ ਉਸ ਲਈ ਪੰਜਾਬ ਵਿੱਚ ਹੀ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਥਾਂ ਸੂਬੇ ਦੀ ਆਰਥਿਕਤਾ ਪਿਛਲੇ ਦੋ ਦਹਾਕਿਆਂ ਤੋਂ ਡਾਵਾਂ-ਡੌਲ ਚੱਲ ਰਹੀ ਹੈ।

         ਉਹਨਾਂ ਇਸ ਗੱਲ ਤੇ ਦੁੱਖ ਪਰਗਟ ਕੀਤਾ ਕਿ ਅੱਜ ਵਿਕਾਸ ਦਾ ਮਤਲਬ ਸੜਕਾਂ ਤੇ ਪੁਲਾਂ ਦੀ ਉਸਾਰੀ ਤੋਂ ਹੀ ਲਿਆ ਜਾ ਰਿਹਾ ਹੈ, ਜਦਕਿ ਇਨ੍ਹਾਂ ਚੀਜ਼ਾਂ ਦਾ ਮਨੁੱਖੀ ਜ਼ਿੰਦਗੀ ਵਿੱਚ ਬਹੁਤ ਥੋੜ੍ਹਾ ਮਹੱਤਵ ਹੈ, ਕਿਉਂਕਿ ਇਹ ਉਸਾਰੀਆਂ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਕਰਦੀਆਂ।ਵਿਕਾਸ ਦੇ ਦਾਅਵਿਆਂ ਦੇ ਉਲਟ, ਕਿਸਾਨਾਂ ਅਤੇ ਖੇਤ ਮਜਦੂਰਾਂ ਵੱਲੋਂ ਵੱਡੇ ਪੱਧਰ ‘ਤੇ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ।

        ਪਿਛਲੇ ਸਮੇਂ ਦੌਰਾਨ ਕੈਨੇਡਾ ਤੇ ਅਮਰੀਕਾ ਫੇਰੀ ਉਪਰ ਗਏ ਅਕਾਲੀ ਲੀਡਰਾਂ ਤੇ ਮੰਤਰੀਆਂ ਨਾਲ ਉਥੋਂ ਦੇ ਪੰਜਾਬੀਆਂ ਵਲੋਂ ਕੀਤੇ ਗਏ ਦੁਰ ਵਿਹਾ ਦੀ ਚਰਚਾ ਕਰਦਿਆਂ  ਸ: ਚਾਹਲ ਨੇ ਕਿਹਾ ਕਿ ਉਹ ਨਿੱਜੀ ਤੌਰ ਤੇ ਅਜਿਹੀ ਕਿਸੇ ਵੀ ਗੱਲ ਦਾ ਸਮੱਰਥਨ ਨਹੀਂ ਕਰਦੇ ਜਿਸ ਨਾਲ ਸਮੁੱਚੀ ਕੌਮ ਦਾ ਨਾਮ ਬਦਨਾਮ ਹੁੰਦਾ ਹੋਵੇ, ਲੇਕਿਨ ਲੋਕਾਂ ਨੇ ਅਜਿਹਾ ਵਰਤਾਉ ਕਰਕੇ ਪੰਜਾਬ ਸਰਕਾਰ ਪ੍ਰਤੀ ਆਪਣੇ ਗੁਸੇ ਦਾ ਪ੍ਰਗਟਾਵਾ ਕੀਤਾ ਹੈ।ਸ: ਚਾਹਲ ਨੇ ਦੱਸਿਆ ਕਿ ਕੁੱਝ ਲੋਕਾਂ ਨੇ ਅਜਿਹੇ ਵਰਤਾਰੇ ਨੂੰ ਖਾਲਿਸਤਾਨੀ ਸਮੱਰਥਕਾਂ ਦੀ ਚਾਲ ਦਸਿਆ ਸੀ।ਲੇਕਿਨ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਤਾਂ ਪਹਿਲਾਂ ਵੀ ਲੱਗਦੇ ਆ ਰਹੇ ਸਨ ।ਸ: ਚਾਹਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਉਪਰ ਵਿਚਾਰ ਕਰੇ ਕਿ ਉਹਨਾਂ ਨੇ ਪਰਵਾਸੀ ਪੰਜਾਬੀ ਲਈ ਬਹੁਤ ਕੁੱਝ ਕਰਨ ਦਾ ਦਾਅਵਾ ਤਾਂ ਕੀਤਾ ਹੈ ਤਾਂ ਫਿਰ ਇਸ ਦੇ ਬਾਵਜੂਦ ਉਹ ਕਿਹੜੇ ਕਾਰਣ ਹਨ ਜਿਸ ਕਾਰਣ ਪਰਵਾਸੀ ਪੰਜਾਬੀ ਪੰਜਾਬ ਸਰਕਾਰ ਨਾਲ ਇਤਨੇ ਨਰਾਜ਼ ਚਲੇ ਆ ਰਹੇ ਹਨ।

        ਸ੍ਰ. ਚਾਹਲ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਅੱਗੇ ਆਉਣ ਲਈ ਕਿਹਾ।ਉਨਾਂ ਕਿਹਾ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਰਤ ਫੇਰੀ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਰੂਰ ਆਉਂਦੇ ਹਨ।ਇਸ ਲਈ ਜੇਕਰ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾ ਚੱਲਣ ਤੇ ਆਉਣ ਤਾਂ ਟੂਰਿਸਟ ਹੱਬ ਬਣ ਰਹੀ ਗੁਰੂ ਨਗਰੀ ਲਈ ਸੋਨੇ ਸੁਹਾਗਾ ਸਾਬਤ ਹੋਣਗੀਆਂ।ਉਨਾਂ ਨੇ ਕਿਹਾ ਕਿ ਅੰਮ੍ਰਿਤਸਰ ਸਿਧੀਆਂ ਉਡਾਣਾਂ ਨਾਲ ਯਾਤਰੂਆਂ ਖਾਸਕਰ ਪੰਜਾਬੀਆਂ ਨੂੰ ਦਿੱਲੀ ਤੇ ਚੈਨਈ ਜਾਂ ਮੁੰਬਈ ਦੀ ਖੱਜਲਖਰਾਬੀ ਤੋਂ ਵੀ ਬਚਾਇਆ ਜਾ ਸਕੇਗਾ। ਅਗਲੇ ਸਾਲ ਪੰਜਾਬ ਵਿਧਾਨ ਸਭਾ ਦੀਆ ਆ ਰਹੀਆਂ ਚੋਣਾਂ ਦੀ ਚਰਚਾ ਕਰਦਿਆਂ ਸ: ਚਾਹਲ ਨੇ ਕਿਹਾ ਕਿ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਇਹਨਾਂ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਏਗੀ।ਲੇਕਿਨ ਕਿਸੇ ਇਕ ਵਿਸ਼ੇਸ਼ ਸਿਆਸੀ ਪਾਰਟੀ ਦਾ ਸਮੱਰਥਨ ਨਾ ਕਰਕੇ ਮੈਰਿਟ ਦੇ ਅਧਾਰ ‘ਤੇ ਉਮੀਦਵਾਰਾਂ ਦਾ ਸਮੱਰਥਨ ਕਰੇਗੀ।ਇਸ ਮੌਕੇ ਅੰਮ੍ਰਿਤਸਰ ਵਿਕਾਸ ਮੰਚ ਦੇ ਆਗੂ ਮਨਮੋਹਨ ਸਿੰਘ, ਕੁਲਵੰਤ ਸਿੰਘ ਅਣਖੀ, ਹਰਦੀਪ ਸਿੰਘ, ਮਾਈਕਲ ਰਾਹੁਲ, ਸੁਰਿੰਦਰਜੀਤ  ਸਿੰਘ, ਲਖਬੀਰ ਸਿੰਘ ਘੁੰਮਣ ਆਦਿ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply