
ਬਠਿੰਡਾ, 15 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਦੀ ਕੇਂਦਰੀ ਕਾਰਜਕਾਰਣੀ ਮੈਂਬਰ ਅਤੇ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋ: ਬਲਜਿੰਦਰ ਕੌਰ ਨੇ ਪੰਜਾਬ ਦੌਰਾ ਕਰਨ ਉਪਰੰਤ ਕਿਹਾ ਕਿ ਅੱਜ 16 ਮਈ ਨੂੰ ਚੰਡੀਗੜ੍ਹ ਵਿਖੇ ਬਾਦਲ ਸਾਹਿਬ ਦੀ ਰਿਹਾਇਸ਼ ਦੇ ਘੇਰਾਓ ਸਬੰਧੀ ਪ੍ਰੋਗਰਾਮ ਬਾਰੇ ਨੌਜਵਾਨਾਂ ਅਤੇ ਮਹਿਲਾਵਾਂ ਵਿੱਚ ਅਥਾਹ ਜੋਸ਼ ਹੈ ਅਤੇ ਉਮੀਦ ਹੈ ਕਿ ਪੂਰੇ ਪੰਜਾਬ ਭਰ ਵਿੱਚੋਂ ਇਸ ਰੋਸ਼ ਪ੍ਰਦਰਸ਼ਨ ਵਿੱਚ ਲੱਖਾਂ ਵਲੰਟੀਅਰ ਹਿੱਸਾ ਲੈਣਗੇ। 12,000 ਕਰੋੜ ਰੁਪਏ ਦੇ ਅਨਾਜ ਘੋਟਾਲੇ ਦਾ ਹਿਸਾਬ ਬਾਦਲ ਸਾਹਿਬ ਤੋਂ ਮੰਗਿਆ ਜਾਵੇਗਾ। ਪ੍ਰੋ: ਬਲਜਿੰਦਰ ਕੌਰ ਨੇ ਦੋਸ਼ ਲਾਇਆ ਕਿ ਅਕਾਲੀ ਸਰਕਾਰ ਕਿਸਾਨ ਹਿਤੈਸ਼ੀ ਹੋਣ ਦਾ ਢੋਂਗ ਰੱਚਦੀ ਹੈ, ਪਰ ਅਸਲ ਵਿੱਚ ਕਿਸਾਨੀ ਦਾ ਲੱਕ ਸਭ ਤੋਂ ਵੱਧ ਇਸੇ ਸਰਕਾਰ ਨੇ ਤੋੜਿਆ ਹੈ। ਸਭ ਤੋਂ ਵੱਧ ਕਿਸਾਨਾਂ ਨੇ ਖ਼ੁਦਕੁਸ਼ੀਆਂ ਇਸੇ ਸਰਕਾਰ ਦੇ ਰਾਜ ਵਿੱਚ ਕੀਤੀਆਂ ਹਨ। ਹੁਣ ਇਸ ਅਨਾਜ ਘੋਟਾਲੇ ਨੇ ਦਰਸਾ ਦਿੱਤਾ ਹੈ ਕਿ ਸਰਕਾਰ ਦੇ ਹਾਥੀ ਦੰਦ ਖਾਣ ਨੂੰ ਹੋਰ ਅਤੇ ਦਿਖਾਉਣ ਨੂੰ ਹੋਰ ਹਨ। ਪ੍ਰੋ: ਬਲਜਿੰਦਰ ਕੌਰ ਨੇ ਸਤਲੁਜ-ਯਮੁਨਾ ਲਿੰਕ ਨਹਿਰ ਬਾਰੇ ਬੋਲਦਿਆਂ ਕਿਹਾ ਕਿ ਹੁਣ ਬਿੱਲੀ ਥੈਲੀ ਤੋਂ ਬਾਹਰ ਆ ਗਈ ਹੈ। ਅਕਾਲੀਆਂ ਦੀ ਆਪਣੀ ਭਾਈਵਾਲ ਪਾਰਟੀ ਭਾਜਪਾ ਸਿੱਧੇ ਤੌਰ ‘ਤੇ ਪੰਜਾਬ ਦੇ ਵਿਰੋਧ ਵਿੱਚ ਅਤੇ ਹਰਿਆਣੇ ਦੇ ਹੱਕ ਵਿੱਚ ਖੜ੍ਹੀ ਹੈ, ਜਦ ਕਿ ਬਾਦਲ ਸਾਹਿਬ ਦੀ ਨੂੰਹ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਹਾਲੇ ਵੀ ਕੇਂਦਰੀ ਮੰਤਰੀ ਮੰਡਲ ਵਿੱਚ ਵਜ਼ੀਰ ਹੈ। ਬਾਦਲ ਸਾਹਿਬ ਪੰਜਾਬੀਆਂ ਅੱਗੇ ਐਂਵੇ ਮਗਰਮੱਛ ਵਾਲੇ ਹੰਝੂ ਬਹਾ ਰਹੇ ਹਨ। ਇਤਿਹਾਸ ਗਵਾਹ ਹੈ ਕਿ ਅਕਾਲੀਆਂ ਨੇ ਕਦੇ ਵੀ ਪੰਜਾਬੀ ਕਿਸਾਨਾਂ ਦੇ ਹਿਤਾਂ ਦੀ ਰਾਖੀ ਨਹੀਂ ਕੀਤੀ ਬਲਕਿ ਆਪਣੇ ਪਰਿਵਾਰਕ ਹਿਤਾਂ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਬਾਦਲ ਸਾਹਿਬ ਨੂੰ ਕਿਹਾ ਕਿ ਜੇਕਰ ਉਹ ਸੱਚ-ਮੁੱਚ ਪੰਜਾਬ ਦੇ ਹਿਤੈਸ਼ੀ ਹਨ ਤਾਂ ਹੁਣੇ ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦਿਵਾਉਣ।ਇਸ ਮੌਕੇ ਉਹਨਾਂ ਨਾਲ ਹੋਰਾਂ ਤੋਂ ਇਲਾਵਾ ਮੀਡੀਆ ਇੰਚਾਰਜ ਨੀਲ ਗਰਗ ਵੀ ਹਾਜ਼ਰ ਸਨ।
Punjab Post Daily Online Newspaper & Print Media