ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਭੈਣਾਂ ਦੀ ਸੂਫੀ ਗਾਇਕੀ ਨੇ ਰੰਗ ਬੰਨਿਆ

ਅੰਮ੍ਰਿਤਸਰ, 11 ਜੂਨ (ਦੀਪ ਦਵਿੰਦਰ ਸਿੰਘ)- ਸੂਫੀ ਸੰਗੀਤ ਮਨੁੱਖ ਦੀ ਰੂਹ ਦਾ ਸੰਗੀਤ ਹੈ, ਜਿਹੜਾ ਮਨੁੱਖ ਨੂੰ ਸਦੀਵੀ ਸੁੱਖ ਪ੍ਰਦਾਨ ਕਰਦਾ ਹੈ।ਇਹ ਗੱਲ ਉਸ ਵੇਲੇ ਸੱਚ ਸਾਬਿਤ ਹੋਈ ਜਦੋਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਪੰਜਾਬ ਨਾਟਸ਼ਾਲਾ ਵਿਖੇ ਸੂਫੀ ਸ਼ਾਇਰ ਅਤੇ ਪ੍ਰਮੁੱਖ ਪ੍ਰਸ਼ਾਸ਼ਨਿਕ ਅਧਿਕਾਰੀ ਜ਼ਨਾਬ ਬਖ਼ਤਾਵਰ ਮੀਆਂ ਦੀ ਦੂਜੀ ਕਾਵਿ ਪੁਸਤਕ ‘ਜੋਗੀ ਰਾਵੀ ਕਿਨਾਰੇ ਰਹਿੰਦਾ’ ਦੇ ਰਲੀਜ਼ ਸਮਾਰੋਹ ਸਮੇਂ ਚੜ੍ਹਦੀ ਉਮਰ ਵਿੱਚ ਪਛਾਣ ਬਨਾਉਣ ਵਾਲੀ ਜੋੜੀ ਨੂਰਾਂ ਸਿਸਟਰਜ਼ ਦੀ ਦਮਦਾਰ ਅਵਾਜ਼ ਅਤੇ ਅੰਦਾਜ਼ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ। ਪੰਜਾਬ ਨਾਟਸ਼ਾਲਾ ਦੇ ਵਿਹੜੇ ਵਿੱਚ ਟਿਕੀ ਰਾਤ ਦੇ ਤਾਰਿਆਂ ਦੀ ਲੋਅ ਵਿੱਚ ਉਨ੍ਹਾਂ ਵੱਲੋਂ ਬਾਬੇ ਬੁੱਲੇ ਸ਼ਾਹ ਦਾ ਕਲਾਮ ‘ਅੱਲਾ ਹੂ ਦਾ ਅਵਾਜ਼ਾ ਆਵੇ’ ਤੇ ਬਖਤਾਵਰ ਹੋਰਾਂ ਦੀ ਸ਼ਾਇਰੀ ਵਿੱਚੋਂ ‘ਗੱਲਾਂ ਤਾਂ ਗੱਲਾਂ ਏ’ ‘ਸਈਓ ਨੀ’ ਅਤੇ ਚੰਨੋ ਫਿਲਮ ਦੇ ਟਾਈਟਲ ਗੀਤ ਵਿੱਚੰਨੋ ਕਹਿੰਦੀ ਮੈਂ ਤਾਂ ਜਾਣਾ’ ਸਮੇਤ ਹੋਰ ਬਹੁਤ ਸਾਰੇ ਮਕਬੂਲ ਗੀਤ ਪੇਸ਼ ਕੀਤੇ, ਜਿਸ ਨੂੰ ਦਰਸ਼ਕਾਂ ਸਾਹ ਰੋਕ ਕੇ ਸੁਣਿਆ ਅਤੇ ਮਾਣਿਆ। ਇਸ ਸਮੇਂ ਨੌਜਵਾਨ ਸੂਫੀ ਗਾਇਕ ਜਾਕੂਬ ਅਤੇ ਸੈਮ ਨੇ ਸਾਜ ਅਤੇ ਅਵਾਜ਼ ਦੀ ਜੁਗਲਬੰਦੀ ਨਾਲ ਬਖ਼ਤਾਵਰ ਹੋਰਾਂ ਦੀ ਪੁਖਤਾ ਸ਼ਾਇਰੀ ਦਾ ਗਾਇਨ ਕੀਤਾ, ਜਿਸਨੂੰ ਸਰੋਤਿਆਂ ਵੱਲੋਂ ਬੇਹੱਦ ਸਰਾਹਿਆ ਗਿਆ। ਇਸ ਤੋਂ ਪਹਿਲਾਂ ਜ਼ਨਾਬ ਬਖ਼ਤਾਵਰ ਦੀ ਕਾਵਿ ਪੁਸਤਕ ਤੇ ਬੋਲਦਿਆਂ ਪੰਜਾਬੀ ਸਾਹਿਤ ਅਕੈਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ, ਡਾ. ਦਰਿਆ, ਡਾ. ਸਰਬਇੰਦਰ ਸਿੰਘ ਅਤੇ ਸ੍ਰੀ ਜਤਿੰਦਰ ਬਰਾੜ ਨੇ ਚਰਚਾ ਅਧੀਨ ਪੁਸਤਕ ‘ਜੋਗੀ ਰਾਵੀ ਕਿਨਾਰੇ ਰਹਿੰਦਾ’ ਨੂੰ ਹਾਸ਼ੀਏ ਵਿੱਚ ਰੱਖ ਕੇ ਦੱਸਿਆ ਕਿ ਬਖਤਾਵਰ ਹੋਰਾਂ ਦੀ ਸਮੁੱਚੀ ਸ਼ਾਇਰੀ ਜਿੱਥੇ ਮਨੁੱਖ ਨੂੰ ਮਨੁੱਖ ਨਾਲ ਜੋੜਦੀ ਵੀ ਹੈ ਤੇ ਝੰਜੋੜਦੀ ਵੀ ਹੈ, ਉਥੇ ਮਨੁੱਖੀ ਤੰਗੀਆਂ ਤੁਰਸੀਆਂ ਤੋਂ ਉੱਪਰ ਉੱਠ ਕੇ ਅਧਿਆਤਮਕਵਾਦ ਦਾ ਰਸਤਾ ਵਿਖਾਉਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲੱਚਰਤਾ, ਮਾਰ-ਧਾੜ ਅਤੇ ਕੰਨ ਪਾੜਵੇਂ ਸ਼ੋਰ-ਸ਼ਰਾਬੇ ਵਰਗੇ ਗੀਤ ਸੰਗੀਤ ਨੂੰ ਠੱਲ ਪਾਉਣ ਲਈ ਸੂਫੀ ਸ਼ਾਇਰੀ ਹੀ ਸਭ ਤੋਂ ਉੱਤਮ ਜਰੀਆ ਹੈ। ਜਿਸ ਨੂੰ ਜ਼ਨਾਬ ਬਖ਼ਤਾਵਰ ਮੀਆ ਵਰਗੇ ਸ਼ਾਇਰ ਪੇਸ਼ ਕਰਨ ਦੀ ਸਰਮੱਥਾ ਰੱਕਦੇ ਹਨ। ਡਾ. ਜਗਦੀਸ਼ ਸਚਦੇਵਾ ਨੇ ਮੰਚ ਸੰਚਾਲਣ ਕੀਤਾ ਅਤੇ ਭੁਪਿੰਦਰ ਸਿੰਘ ਸੰਧੂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਸੂਫੀ ਸ਼ਾਮ ਨੂੰ ਯਾਦਗਾਰੀ ਬਨਾਉਣ ਲਈ ਹੋਰਨਾਂ ਤੋਂ ਇਲਾਵਾ ਦੀਪ ਦਵਿੰਦਰ ਸਿੰਘ, ਦੇਵ ਦਰਦ, ਡਾ. ਊਧਮ ਸਿੰਘ ਸ਼ਾਹੀ, ਧਰਵਿੰਦਰ ਔਲਖ, ਪ੍ਰੋ: ਐਚ.ਐਸ. ਬੋਪਾਰਾਏ, ਮੋਹਨ ਸਿੰਘ ਰਾਹੀ, ਵਿਜੇ ਸ਼ਰਮਾ, ਹਰਜੀਤ ਸੰਧੂ, ਅਜੀਤ ਸਿੰਘ ਨਬੀਪੁਰ, ਨਿਕਾਸ, ਮੰਚਪ੍ਰੀਤ, ਕੁਲਵੰਤ ਸਿੰਘ ਸੂਰੀ, ਗੁਰਦੇਵ ਸਿੰਘ ਭਰੋਵਾਲ, ਸ੍ਰੀਮਤੀ ਸੁਖਵਿੰਦਰ ਕੌਰ, ਡਾ. ਸੁਮਿਤ ਅਹੂਜਾ, ਡਾ. ਗੁਰਪ੍ਰੀਤ ਸਿੱਧੂ, ਡਾ. ਦੀਪਤੀ, ਊਸ਼ਾ ਦੀਪਤੀ, ਡਾ. ਸੁਖਦੇਵ ਸਿੰਘ, ਡਾ. ਸਾਹਿਬ ਸਿੰਘ, ਪ੍ਰੋ: ਸਤਨਾਮ ਸਿੰਘ, ਗੁਰਦੇਵ ਸਿੰਘ ਭਰੋਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗੀਤ ਪ੍ਰੇਮੀਆਂ ਨੇ ਸੂਫੀ ਸ਼ਾਮ ਨੂੰ ਭਰਪੂਰਤਾ ਬਖਸ਼ੀ।
Punjab Post Daily Online Newspaper & Print Media
