ਬਟਾਲਾ, 21 ਜੂਨ (ਨਰਿੰਦਰ ਬਰਨਾਲ) – ਅਜੌਕੇ ਸਮੇਂ ਵਿੱਚ ਆਧੁਨਿਕ ਜੀਵਨ ਸ਼ੈਲੀ ਨੇ ਜੀਵਨ ਨੂੰ ਤਣਾਅ ਭਰਪੂਰ ਬਣਾ ਦਿੱਤਾ ਹੈ ਜਿਸ ਕਾਰਨ ਸਰੀਰਕ ਤੇ ਮਾਨਸਿਕ ਰੋਗੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹੇ ਵੇਲੇ ਯੋਗਾ ਨੂੰ ਆਪਣੇ ਜੀਵਨ ਦਾ ਅਟੁੱਟ ਅੰਗ ਬਣਾਉਂਦੇ ਹੋਏ ਨਿਯਮਤ ਤੌਰ ‘ਤੇ ਢੁਕਵੇਂ ਯੋਗ ਸਾਧਨਾਂ ਰਾਹੀਂ ਕੋਈ ਵੀ ਵਿਅਕਤੀ ਨਿਰੋਗ ਜੀਵਨ ਜਿਊਣ ਦੇ ਸਮਰੱਥ ਬਣ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਬਿਕਰਮ ਸਿੰਘ ਗਿੱਲ, ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਨੇ ਅੱਜ ਪਿੰਡ ਪਾਰੋਵਾਲ ਦੇ ਦਸ਼ਮੇਸ਼ ਸਕੂਲ ਵਿਖੇ ਮਨਾਏ ਗਏ ਅੰਤਰ-ਰਾਸ਼ਟਰੀ ਯੋਗਾ ਦਿਵਸ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਜੇ ਸਰੀਰ ਹੀ ਤੰਦਰੁਸਤ ਨਹੀਂ ਹੋਵੇਗਾ ਤਾਂ ਮਨ ਨਿਰਾਸ਼ਤਾ ਮਹਿਸੂਸ ਕਰੇਗਾ ਅਤੇ ਚਿਹਰੇ ਤੋਂ ਰੌਣਕ ਗਾਇਬ ਹੋ ਜਾਵੇਗੀ ਪਰ ਯੋਗਾ ਦੇ ਨਿਯਮਤ ਅਭਿਆਸ ਦੇ ਰਾਹੀਂ ਹੁਣ ਤੱਕ ਲੱਖਾਂ ਲੋਕ ਆਪਣੇ ਗੰਭੀਰ ਰੋਗਾਂ ਤੋਂ ਮੁਕਤੀ ਪਾਉਣ ਦੇ ਸਮਰੱਥ ਬਣ ਸਕੇ ਹਨ।
ਸ੍ਰੀ ਗਿੱਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਪ੍ਰੇਰਨਾ ਸਦਕਾ ਅੱਜ ਪੂਰੀ ਦੁਨੀਆਂ ਵਿੱਚ ਦੂਜਾ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਹੈ ਅਤੇ ਹਰੇਕ ਉਮਰ ਵਰਗ ਦੇ ਲੋਕਾਂ ਨੇ ਵਧ ਚੜ੍ਹ ਕੇ ਸਵੈ ਇੱਛਾ ਨਾਲ ਇਸ ਵਿੱਚ ਹਿੱਸਾ ਲਿਆ ਹੈ।ਉਨ੍ਹਾਂ ਕਿਹਾ ਕਿ ਸਵੇਰ ਦੀ ਤਾਜ਼ੀ ਹਵਾ ਵਿੱਚ ਹੀ ਅਨੇਕਾਂ ਬਿਮਾਰੀਆਂ ਨੂੰ ਖ਼ਤਮ ਕਰਨ ਦੀ ਸਮਰੱਥਾ ਹੁੰਦੀ ਹੈ ਇਸ ਕਾਰਨ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਦੇ ਨਾਲ ਯੋਗ ਆਸਨਾਂ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਜੀਵਨ ਵਿੱਚ ਹੋਰ ਵੀ ਤਾਜ਼ਗੀ ਆ ਜਾਂਦੀ ਹੈ ਅਤੇ ਸਾਰਾ ਦਿਨ ਚੁਸਤੀ ਫੁਰਤੀ ਨਾਲ ਬਤੀਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਇਨਸਾਨ ਨੂੰ ਜਿਊਂਦੇ ਰਹਿਣ ਲਈ ਰੋਟੀ ਦੀ ਜ਼ਰੂਰਤ ਹੁੰਦੀ ਹੈ ਉਵੇਂ ਹੀ ਨਿਰੋਗੀ ਜੀਵਨ ਲਈ ਯੋਗ ਦਾ ਵਿਸ਼ੇਸ਼ ਮਹੱਤਵ ਹੁਣ ਪੂਰੀ ਦੁਨੀਆਂ ਵਿੱਚ ਸਾਬਤ ਹੋ ਚੁੱਕਾ ਹੈ ਜਿਸ ਦੇ ਚਲਦਿਆਂ ਇਸ ਦਿਹਾੜੇ ਨੂੰ ਅੱਜ ਕੇਵਲ ਕੌਮੀ ਪੱਧਰ ‘ਤੇ ਨਹੀਂ ਬਲਕਿ ਅੰਤਰ ਰਾਸ਼ਟਰੀ ਪੱਧਰ ‘ਤੇ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਆਰਟ ਆਫ ਲਿਵਿੰਗ ਦੀ ਪ੍ਰਤੀਨਿਧ ਮੈਡਮ ਇਸ਼ਾ ਅਤੇ ਪਤੰਜਲੀ ਯੋਗ ਪੀਠ ਤੋਂ ਡਾ. ਸ਼ਕਤੀ ਹਾਂਡਾ ਨੇ ਆਏ ਹੋਏ ਲੋਕਾਂ ਨੂੰ ਯੋਗ ਸਾਧਨਾ ਦੇ ਵੱਖ ਵੱਖ ਆਸਣ ਕਰਵਾਏ ਅਤੇ ਯੋਗ ਦੀ ਮਹੱਤਤਾ ਤੋਂ ਵਿਸਥਾਰਤ ਜਾਣੂ ਕਰਵਾਇਆ। ਇਸ ਮੌਕੇ ਦਸ਼ਮੇਸ਼ ਸਕੂਲ ਦੇ ਐਮ.ਡੀ. ਚਰਨਜੀਤ ਸਿੰਘ, ਪ੍ਰਿੰਸੀਪਲ ਦਵਿੰਦਰ ਕੌਰ, ਆਦਰਸ਼ਪ੍ਰੀਤ ਸਿੰਘ, ਪਾਰਸ ਜੁਲਕਾ, ਅਮਿਤ ਅਰੋੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਹਾਜ਼ਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media