ਬਠਿੰਡਾ, 25 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਉਪ-ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨੇੜਲੇ ਸਹਿਯੋਗੀ ਗੁਰਦੀਪ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਜੀਤ ਮਹਿੰਦਰ ਸਿੱਧੂ ਵਿਰੁੱਧ ਐਫ਼.ਆਈ.ਆਰ ਦਰਜ ਕੀਤੇ ਜਾਣ ‘ਤੇ ਪ੍ਰਤੀਕਰਮ ਪ੍ਰਗਟਾਉਾਂਦਿਆਂ ਆਮ ਆਦਮੀ ਪਾਰਟੀ’ (ਆਪ) ਨੇ ਅੱਜ ਕਿਹਾ ਹੈ ਕਿ ਇਸ ਨਾਲ ਸੁਖਬੀਰ ਤੇ ਅਮਰਿੰਦਰ ਵਿਚਾਲੇ ਆਪਸੀ ਸਬੰਧ ਬੇਨਕਾਬ ਹੋ ਗਏ ਹਨ ਕਿਉਂਕਿ ਜੀਤ ਮਹਿੰਦਰ ਸਿੰਘ ਸਿੱਧੂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਮਰਿੰਦਰ ਦਾ ਨੇੜਲਾ ਸਾਥੀ ਹੁੰਦਾ ਸੀ।ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ,”ਬਹੁ-ਕਰੋੜੀ ਘੁਟਾਲੇ ਵਿੱਚ ਗੁਰਦੀਪ ਸਿੰਘ ਤੇ ਜੀਤ ਮਹਿੰਦਰ ਸਿੰਘ ਸਿੱਧੂ ਵਿਰੁੱਧ ਸੀ.ਬੀ.ਆਈ. ਵੱਲੋਂ ਐਫ਼.ਆਈ.ਆਰ ਦਰਜ ਕੀਤੇ ਜਾਣ ਨਾਲ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਬੇਨਕਾਬ ਹੋ ਗਏ ਹਨ।” ਉਨ੍ਹਾਂ ਦੋਸ਼ ਲਾਇਆ ਕਿ ਸਿੱਧੂ ਨੇ ਕਾਂਗਰਸ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਪਣੀ ਵਫ਼ਾਦਾਰੀ ਸ਼੍ਰੋਮਣੀ ਅਕਾਲੀ ਦਲ ਨਾਲ ਜੋੜ ਲਈ ਸੀ ਅਤੇ ਫਿਰ ਉਹ ਦੋਵਾਂ (ਸੁਖਬੀਰ ਤੇ ਅਮਰਿੰਦਰ) ਵਿਚਾਲੇ ਇੱਕ ‘ਗੁਪਤ ਸਮਝੌਤੇ’ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਮੁੜ ਚੁਣਿਆ ਗਿਆ ਸੀ।ਭਗਵੰਤ ਮਾਨ ਨੇ ਦਾਅਵਾ ਕੀਤਾ,”ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਦੋਂ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਅਸਥਿਰ ਕਰਨਾ ਚਾਹੁੰਦੇ ਸਨ, ਇਸੇ ਲਈ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਆਪਣੇ ਵਫ਼ਾਦਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਸਾਜ਼ਿਸ਼ ਰਚੀ ਸੀ।”ਮਾਨ ਨੇ ਕਿਹਾ,”ਸਿੱਧੂ ਨੇ ਆਪਣੀ ਵਫ਼ਾਦਾਰੀ ਤਦ ਕੁੱਝ ਅਜਿਹੇ ਤਰੀਕੇ ਨਾਲ ਬਦਲੀ ਸੀ ਕਿ ਉਹ ਗੱਲ ਆਮ ਆਦਮੀ ਲਈ ਹੁਣ ਤੱਕ ਵੀ ਇੱਕ ਭੇਤ ਹੀ ਬਣੀ ਰਹੀ; ਜਦ ਕਿ ਆਮ ਲੋਕਾਂ ਦੇ ਮਨ ਵਿੱਚ ਇਹ ਜਿਗਿਆਸਾ ਲਗਾਤਾਰ ਬਣੀ ਰਹੀ ਕਿ ਆਖ਼ਰ ਸਿੱਧੂ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਕਿਉਂ ਚਲੇ ਗਏ ਹਨ?”ਮਾਨ ਨੇ ਅੱਗੇ ਕਿਹਾ ਕਿ ਗੁਰਦੀਪ ਸਿੰਘ ਫ਼ਾਸਟਵੇਅ ਕੇਬਲ ਦਾ ਮਾਲਕ ਹੈ, ਜਿਸ ਨੂੰ ‘ਕੇਬਲ ਮਾਫ਼ੀਆ’ ਦੇ ਨਾਂਅ ਨਾਲ ਵੱਧ ਜਾਣਿਆ ਜਾਂਦਾ ਹੈ ਤੇ ਉਸ ਨੂੰ ਸੁਖਬੀਰ ਬਾਦਲ ਦੀ ਸਿਆਸੀ ਸਰਪ੍ਰਸਤੀ ਹਾਸਲ ਹੈ।ਗੁਰਦੀਪ ਸਿੰਘ ਨੂੰ ਸਿਆਸੀ ਹਲਕਿਆਂ ਵਿੱਚ ਸੁਖਬੀਰ ਬਾਦਲ ਦੇ ਮੁੱਖ ਫ਼ਾਈਨਾਸਰ ਵਜੋਂ ਵੀ ਜਾਣਿਆ ਜਾਂਦਾ ਹੈ ਤੇ ਉਹ ਚੋਣਾਂ ਦੌਰਾਨ ਆਪਣੇ ਸਿਆਸੀ ਬੌਸ (ਸੁਖਬੀਰ) ਦੇ ਇਸ਼ਾਰੇ ‘ਤੇ ‘ਸਿਆਸੀ ਧਨ ਦੇ ਹੋਣ ਵਾਲੇ ਸਾਰੇ ਗ਼ਲਤ ਲੈਣ-ਦੇਣ’ ਦਾ ਪ੍ਰਬੰਧ ਵੇਖਦਾ ਹੈ।ਇਥੇ ਇਹ ਵਰਣਨਯੋਗ ਹੈ ਕਿ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਤੇ ਫ਼ਾਸਟਵੇਅ ਟ੍ਰਾਂਸਮਿਸ਼ਨ ਪ੍ਰਾਈਵੇਟ ਲਿਮਟਿਡ ਦਾ ਮੈਨੇਜਿੰਗ ਡਾਇਰੈਕਟਰ ਗੁਰਦੀਪ ਸਿੰਘ ਉਨ੍ਹਾਂ 18 ਵਿਅਕਤੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਵਿਰੁੱਧ ‘ਇੰਟਰਨੈਸ਼ਨਲ ਕਸਟਮਰ ਰਿਲੇਟਡ ਮੈਨੇਜਮੈਂਟ ਸਰਵਿਸੇਜ਼’ (ਆਈ.ਸੀ.ਆਰ.ਐਮ.ਐਸ) ਪ੍ਰਾਈਵੇਟ ਲਿਮਟਿਡ ਦੇ ਕੰਮਕਾਜ ਵਿੱਚ ਕਥਿਤ ਤੌਰ ਉੱਤੇ ਹੋਏ ਬਹੁ-ਕਰੋੜੀ ਘੁਟਾਲੇ ਨਾਲ ਸਬੰਧਤ ਮਾਮਲੇ ਵਿੱਚ ਕੇਸ ਦਾਇਰ ਕੀਤਾ ਗਿਆ ਹੈ।
ਪੰਜਾਬ ਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਉੱਤੇ ਕਾਰਵਾਈ ਕਰਦਿਆਂ ਸੀ.ਬੀ.ਆਈ. ਨੇ ਸਾਰੇ 18 ਵਿਅਕਤੀਆਂ ਵਿਰੁੱਧ ਭਾਰਤੀ ਦੰਡ ਸੰਘਤਾ ਦੀਆਂ ਧਾਰਾਵਾਂ 212, 380, 406, 420, 464, 465, 467, 468, 471, 472 ਤੇ 474 ਨਾਲ ਪੜ੍ਹੇ ਜਾਣ ਵਾਲੇ ਸੈਕਸ਼ਨ 120-ਬੀ ਅਧੀਨ 6 ਐਫ਼.ਆਈ.ਆਰਜ਼ ਦਰਜ ਕੀਤੀਆਂ ਹਨ।ਇਹ ਘਟਨਾਕ੍ਰਮ ਇੱਕ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਇਸ ਕਥਿਤ ਘੁਟਾਲੇ ਦੀ ਜਾਂਚ ਤੋਂ ਬਾਅਦ ਵਾਪਰਿਆ ਹੈ; ਇਸ ਟੀਮ ਵਿੱਚ ਕਾਰਪੋਰੇਟ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਅਧੀਨ ਆਉਦੇ ਸੀਰੀਅਸ ਫ਼ਰਾਡ ਇਨਵੈਸਟੀਗੇਸ਼ਨ ਆਫ਼ਿਸ, ਇਨਫ਼ੋਰਸਮੈਂਟ ਡਾਇਰੈਕਟੋਰੇਟ, ਸੂਚਨਾ ਤਕਨਾਲੋਜੀ ਵਿਭਾਗ ਤੇ ਸੀ.ਬੀ.ਆਈ ਦੇ ਅਧਿਕਾਰੀ ਸ਼ਾਮਲ ਸਨ।ਇਹ ਦੋਸ਼ ਲਾਇਆ ਗਿਆ ਸੀ ਕਿ ਮੋਹਾਲੀ ਅਤੇ ਚੰਡੀਗੜ੍ਹ ਸਥਿਤ ਆਈ.ਸੀ.ਆਰ.ਐਮ.ਐਸ. (2001 ਵਿੱਚ ਨਿਗਮਿਤ) ਦੇ ਬੋਰਡ ਆਫ਼ ਡਾਇਰੈਕਟਰਜ਼ ਦੋਸ਼ੀਆਂ ਵੱਲੋਂ ਕੰਪਨੀ ਦੇ ਫ਼ੰਡਾਂ ਤੇ ਸੰਪਤੀਆਂ ਵਿੱਚ ਧੋਖਾਧੜੀ ਕਰਨ ਦੀ ਮਨਸ਼ਾ ਨਾਲ ਝੂਠੇ ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਤਬਦੀਲ ਕਰ ਦਿੱਤੇ ਗਏ ਸਨ ਅਤੇ ਸ਼ੇਅਰ ਰੱਖਣ ਦੀਆਂ ਵਿਧੀਆਂ ਤੱਕ ਤਬਦੀਲ ਕਰ ਦਿੱਤੀਆਂ ਗਈਆਂ ਸਨ।ਇਹ ਕਥਿਤ ਘੁਟਾਲਾ 231 ਕਰੋੜ ਰੁਪਏ ਦੇ ਫ਼ੰਡ ਕੰਪਨੀ ਦੇ ਖਾਤਿਆਂ ਵਿੱਚੋਂ ਟ੍ਰਾਂਸਫ਼ਰ ਕਰਨ ਨਾਲ ਸਬੰਧਤ ਹੈ ਤੇ ਇਲਾਕੇ ਦੇ ਉੱਚ ਪੱਧਰੀ ਸਿਆਸੀ ਆਗੂਆਂ, ਅਫ਼ਸਰਸ਼ਾਹਾਂ ਤੇ ਕਾਰੋਬਾਰੀਆਂ ਸਮੇਤ ਅਨੇਕਾਂ ਵੱਡੀਆਂ ਹਸਤੀਆਂ ਇਸ ਫ਼ਰਮ ਦੇ ਪ੍ਰਮੁੱਖ ਅਹੁੱਦਿਆਂ ‘ਤੇ ਰਹੇ ਹਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media