
ਫਾਜ਼ਿਲਕਾ, 1 ਜੁਲਾਈ (ਵਨੀਤ ਅਰੋੜਾ)- ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦੇ ਪਾਣੀਆਂ ਦੇ ਹੱਕ ਵਿਚ ਕੀਤੀ ਜਾ ਰਹੀ ਕਾਰਵਾਈ ਦੇ ਤਹਿਤ ਜ਼ਿਲੇ ਦੀਆਂ ਸਮੂਹ ਪੰਚਾਇਤਾਂ ਵਲੋਂ ਮਤੇ ਪਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਣ ਲਈ ਅੱਜ ਇੱਥੇ ਡਿਪਟੀ ਕਮਿਸ਼ਨਰ ਨੂੰ ਸੌਂਪੇ ਗਏ, ਜਿਸ ਵਿਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਪਾਣੀਆਂ ਅਤੇ ਐਸ.ਵਾਈ.ਐਲ ਨਹਿਰ ਦਾ ਮਾਮਲਾ ਰਿਪੇਰੀਅਨ ਸਿਧਾਂਤ ਹੱਲ ਕੀਤਾ ਜਾਵੇ।
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਤੇ ਮੁਖ ਸੰਸਦੀ ਸਕੱਤਰ ਗੁਰਤੇਜ ਸਿੰਘ ਘੁੜਿਆਣਾ ਦੀ ਪ੍ਰਧਾਨਗੀ ਹੇਠ ਪਾਰਟੀ ਆਗੂਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਤੇਜ ਸਿੰਘ ਘੁੜਿਆਣਾ ਨੇ ਕਿਹਾ ਕਿ ਪੰਜਾਬ ਨਾਲ ਪਾਣੀਆਂ ਦੀ ਵੰਡ ਨੂੰ ਲੈ ਕੇ ਦੇਸ਼ ਅਜ਼ਾਦ ਹੋਣ ਤੋਂ ਬਾਅਦ ਲੰਮਾ ਸਮਾਂ ਕੇਂਦਰ ਦੀ ਸੱਤਾ ਵਿੱਚ ਰਾਜ ਕਰਨ ਵਾਲੀ ਕਾਂਗਰਸ ਸਰਕਾਰਾਂ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ।ਪੰਜਾਬ ਦੇਸ਼ ਦਾ ਅੰਨਦਾਤਾ ਹੈ ਜਿਸਦੇ ਲਈ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਹਰੇਕ ਪੰਜਾਬੀ ਨੂੰ ਪਹਿਰਾ ਦੇਣ ਦੀ ਲੋੜ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਫਾਜ਼ਿਲਕਾ ਦੇ ਜ਼ਿਲਾ ਪ੍ਰਧਾਨ ਸ਼੍ਰੀ ਅਸ਼ੋਕ ਅਨੇਜਾ ਨੇ ਬੋਲਦਿਆਂ ਕਿਹਾ ਕਿ ਪਾਣੀਆਂ ਦੀ ਵੰਡ ‘ਚ ਪੰਜਾਬ ਅਤੇ ਪੰਜਾਬੀਆਂ ਨਾਲ ਹੋਈ ਵੱਡੇ ਪੱਧਰ ‘ਤੇ ਬੇਨਿਸਾਫੀ ਅਤੇ ਧੱਕੇਸ਼ਾਹੀ ਲਈ ਕਾਂਗਰਸ ਪਾਰਟੀ ਜਿੰਮੇਵਾਰ ਹੈ ਜਿਸਨੂੰ ਪੰਜਾਬ ਦੇ ਲੋਕ ਕਦੇ ਮੂੰਹ ਨਹੀ ਲਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਦਿਹਾਤੀ ਦੇ ਪ੍ਰਧਾਨ ਗੁਰਪਾਲ ਸਿੰਘ ਗਰੇਵਾਲ, ਸ਼੍ਰੋਮਣੀ ਅਕਾਲੀ ਦਲ ਯੂਥ ਦੇ ਪ੍ਰਧਾਨ ਸ਼੍ਰੀ ਸਤਿੰਦਰ ਸਿੰਘ ਸਵੀ ਕਾਠਪਾਲ, ਜਥੇਦਾਰ ਚਰਨ ਸਿੰਘ, ਹਰਜੀਤ ਸਿੰਘ ਹੀਰਾ, ਐਸ.ਜੀ.ਪੀ.ਸੀ ਮੈਂਬਰ ਜਥੇਦਾਰ ਕੌਰ ਸਿੰਘ, ਕਾਕਾ ਧਾਲੀਵਾਲ ਬੈਂਕਫੀਕੋ ਦੇ ਚੇਅਰਮੈਨ ਸ਼੍ਰੀ ਓਮ ਪ੍ਰਕਾਸ਼ ਨੇ ਵੀ ਸੰਬੋਧਨ ਕੀਤਾ ਤੇ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਪਾਣੀ ਵਾਧੂ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਪਾਣੀ ਹੋਰ ਰਾਜਾਂ ਨੂੰ ਦਿੱਤਾ ਤਾਂ ਪੰਜਾਬ ਦੀ ਧਰਤੀ ਬੰਜਰ ਹੋ ਜਾਵੇਗੀ ਅਤੇ ਇਸ ਤਰ੍ਹਾਂ ਦੇ ਪੰਜਾਬ ਦੇ ਅੰਨਦਾਤਾ ਨਾਲ ਵੱਡੀ ਬੇਇਨਸਾਫ਼ੀ ਹੋਵੇਗੀ।
ਇਸ ਉੁਪਰੰਤ ਉੁਹ ਸ਼ਹਿਰ ਵਿਚ ਪੈਦਲ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਜਿਥੇ ਉੁਨ੍ਹਾਂ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਨਾਲ ਜ਼ਿਲਾ ਫਾਜ਼ਿਲਕਾ ਦੀਆਂ ਪੰਚਾਇਤਾਂ ਵਲੋਂ ਪਾਏ ਗਏ ਮਤੇ ਦੀਆਂ ਕਾਪੀਆਂ ਦਿੰਦਿਆਂ ਮੰਗ ਕੀਤੀ ਪਾਣੀਆਂ ਦਾ ਮਾਮਲਾ ਦੇਸ਼ ਵਿਚ ਪ੍ਰਵਾਨਿਤ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕੀਤਾ ਜਾਵੇ।
Punjab Post Daily Online Newspaper & Print Media