10 ਅਗਸਤ (ਜਨਮ ਦਿਨ ਤੇ ਵਿਸ਼ੇਸ਼)

ਬਾਬੂ ਰਜਬ ਅਲੀ ਪੰਜਾਬੀ ਕਿੱਸਾ ਕਾਵਿ ਦਾ ਉਹ ਮਾਣਮੱਤਾ ਹਸਤਾਖਰ ਹੈ, ਜਿਸ ਨੇ ਪੰਜਾਬੀ ਜਨ-ਜੀਵਨ ਨੂੰ ਆਪਣੀ ਮਹੀਨ ਸੂਝ ਨਾਲ ਵੇਖਿਆ ਹੀ ਨਹੀਂ ਸਗੋਂ ਇਸ ਨੂੰ ਆਪਣੀ ਕਾਵਿ ਰਚਨਾ ਦਾ ਹਿੱਸਾ ਬਣਾ ਕੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸ਼ਾਂਝੀ ਵਿਰਾਸਤ ਬਣਾ ਦਿੱਤਾ।ਬਾਬੂ ਰਜਬ ਅਲੀ ਦੇ ਪੁਰਖੇ ਪੰਜਾਬ ਵਿੱਚ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਦੇ ਮੂਲ ਨਿਵਾਸੀ ਸਨ। ਬਾਅਦ ਵਿੱਚ ਕੁੱਝ ਕਾਰਨਾਂ ਕਰਕੇ ਜ਼ਿਲ੍ਹਾ ਮੋਗਾ ਦੇ ਪਿੰਡ ਸ਼ਾਹੋਕੇ ਵਿੱਚ ਇਨ੍ਹਾਂ ਨੇ ਆਪਣੀ ਪੱਕੀ ਰਿਹਾਇਸ਼ ਬਣਾ ਲਈ ਸੀ। ਇਥੇ ਹੀ ਬਾਬੂ ਰੱਜਬ ਅਲੀ ਖਾਨ ਦਾ ਜਨਮ 10 ਅਗਸਤ 1894 ਨੂੰ ਮਾਤਾ ਜਿਉਣੀ ਦੀ ਕੁੱਖੋ ਮੀਆਂ ਧਮਾਲੀ ਖਾਨ ਦੇ ਘਰ ਹੋਇਆ।ਬਾਬੂ ਰਜਬ ਅਲੀ ਖਾਨ ਚਾਰ ਭੈਣਾਂ ਦਾ ਛੋਟਾ ਤੇ ਲਾਡਲਾ ਭਰਾ ਸੀ। ਬਾਬੂ ਰਜਬ ਅਲੀ ਨੇ ਆਪਣੀ ਮੁੱਢਲੀ ਵਿੱਦਿਆ ਆਪਣੇ ਨੇੜਲੇ ਪਿੰਡ ਬੰਬੀਹਾ ਭਾਈ ਦੇ ਡੀ.ਬੀ ਪ੍ਰਾਈਮਰੀ ਸਕੂਲ ਤੋਂ ਹਾਸਲ ਕੀਤੀ ਅਤੇ ਦਸਵੀਂ ਦਾ ਇਮਤਿਹਾਨ ਬਰਜਿੰਦਰਾ ਹਾਈ ਸਕੂਲ ਫਰੀਦਕੋਟ ਤੋਂ ਪਾਸ ਕੀਤਾ, ਜੋ ਅੱਜਕੱਲ੍ਹ ਬਰਜਿੰਦਰਾ ਕਾਲਜ ਵਜੋਂ ਜਾਣਿਆਂ ਜਾਂਦਾ ਹੈ।ਬਾਬੂ ਜੀ ਨੇ ਪਹਿਲੀ ਸ੍ਰੇਣੀ ਵਿੱਚ ਦਸਵੀਂ ਪਾਸ ਕਰਨ ਤੋਂ ਬਾਅਦ ਜ਼ਿਲ੍ਹਾ ਗੁਜਰਾਤ ਦੇ ਇੱਕ ਅਦਾਰੇ ਤੋਂ ਓਵਰਸੀਅਰ ਦਾ ਡਿਪਲੋਮਾ ਪਾਸ ਕੀਤਾ।ਬਾਬੂ ਜੀ ਖੇਡਾਂ ਵਿੱਚ ਵੀ ਦਿਲਚਸਪੀ ਰੱਖਦੇ ਸਨ ਅਤੇ ਆਪਣੇ ਸਕੂਲ ਦੀ ਕ੍ਰਿਕਟ ਅਤੇ ਫੁੱਟਵਾਲ ਦੀ ਟੀਮ ਦੇ ਖਿਡਾਰੀ ਵੀ ਸਨ। ਉਨ੍ਹਾਂ ਓਵਰਸੀਅਰ ਦਾ ਡਿਪਲੋਮਾ ਕਰਨ ਤੋਂ ਬਾਅਦ ਨਹਿਰੀ ਮਹਿਕਮੇ ਵਿੱਚ ਨੌਕਰੀ ਕਰ ਲਈ। ਆਪ ਲੋਕਾਂ ਵਿੱਚ ਆਪਣੀ ਵਿੱਲਖਣ ਸ਼ਖਸੀਅਤ ਕਰਕੇ ਬੇਹੱਦ ਹਰਮਨ ਪਿਆਰੇ ਸਨ।ਬਾਬੂ ਜੀ ਨਹਿਰੀ ਮਹਿਕਮੇ ਦੇ ਓਵਰਸੀਅਰ ਹੁੰਦਿਆਂ ਕਿਸਾਨਾਂ ਦੇ ਕੰਮ-ਧੰਦੇ ਪਹਿਲ ਦੇ ਅਧਾਰ ‘ਤੇ ਕਰਦੇ ਸਨ ਅਤੇ ਅੰਗਰੇਜ਼ ਅਫਸਰਾਂ ਅਤੇ ਕਿਸਾਨਾਂ ਵਿੱਚ ਕੜੀ ਦਾ ਕੰਮ ਵੀ ਕਰਦੇ ਸਨ।ਬਾਬੂ ਰਜਬ ਅਲੀ ਨੂੂੰ ਸ਼ਾਇਰੀ ਲਿਖਣ ਦਾ ਸ਼ੌਕ ਆਪਣੇ ਖਾਨਦਾਨ ਚੋਂ ਆਪਣੇ ਚਾਚਾ ਹਾਜ਼ੀ ਰਤਨ ਖਾਨ ਤੋਂ ਜਾਗਿਆ।ਬਾਬੂ ਜੀ ਨੇ ਆਪਣੀ ਪਹਿਲੀ ਰਚਨਾ ਆਪਣੇ ਚਾਚਾ ਦੀ ਦੇਖ-ਰੇਖ ਵਿੱਚ ਕੀਤੀ ਸੀ। ਬਾਬੂ ਨੇ ਆਪਣੀ ਨੌਕਰੀ ਦਾ ਬਹੁਤਾ ਸਮਾਂ ਗਿੱਦੜਬਾਹਾ ਅਤੇ ਰਾਏਕੇ ਕਲਾਂ ਪਿੰਡਾਂ ਦੇ ਨੇੜੇ ਤੇੜੇ ਬਿਤਾਇਆ।ਇਸ ਕਰਕੇ ਬਾਬੂ ਜੀ ਨੇ ਮਾਲਵੇ ਇਲਾਕੇ ਦੇ ਇਨ੍ਹਾਂ ਸਾਰੇ ਪਿੰੰਡਾਂ ਦੇ ਲੋਕਾਂ ਦੇ ਸੁਭਾਅ ਆਪਣੀ ਪ੍ਰਸਿੱਧ ਰਚਨਾ ਵਿੱਚ ਪੇਸ਼ ਕੀਤੇ ਹਨ
‘ਮਾਂ ਦੇ ਮਖਣੀ ਖਾਣਿਉਂ ਵੇ, ਸੂਰਮਿਉਂ ਪੁਤਰੋ, ਚੁਬਾਰਿਉਂ ਉੱਤਰੋ ਫਰਕਦੇ ਬਾਜੂ, ਜਵਾਨੀ ਚੜ੍ਹਗੀ’
ਜੋ ਲੋਕਾਂ ਲਈ ਲੋਕ ਅਖਾਣ ਬਣ ਗਏ।ਰਜਬ ਅਲੀ ਨੇ ਆਪਣੀ ਉਮਰ ਵਿੱਚ ਚਾਰ ਨਿਕਾਹ ਭਾਗੋ ਬੇਗਮ, ਫਾਤਿਮਾਂ ਬੇਗਮ ,ਬੀਬੀ ਰਹਿਮਤਾ ਅਤੇ ਨੂਰਾਂ ਨਾਲ ਕਰਵਾਏ।ਬਾਬੂ ਜੀ ਦੇ ਘਰ ਚਾਰ ਪੁੱਤਰਾਂ ਅਦਾਲਤ ਖਾਨ, ਅਕਾਲਤ ਖਾਨ, ਸਰਦਾਰ ਅਲੀ ਅਤੇ ਸਮਸ਼ੇਰ ਖਾਨ ਅਤੇ ਦੋ ਪੁੱਤਰੀਆਂ ਸਮਸ਼ਾਦ ਬੇਗਮ ਤੇ ਗੁਜ਼ਾਰ ਬੇਗਮ ਨੇ ਜਨਮ ਲਿਆ।ਬਾਬੂ ਜੀ ਦੀ ਮਾਲਵੇ ਤੋਂ ਦੂਰ ਬਦਲੀ ਹੋਣ ਕਰਕੇ ਉਨ੍ਹਾਂ ਨੇ 1940 ਵਿੱਚ ਨੌਕਰੀ ਤੋਂ ਰਿਟਾਇਰਮੈਂਟ ਲੈ ਲਈ ਅਤੇ ਆਪਣੀ ਰਿਹਾਇਸ਼ ਪਿੰਡ ਕਾਲਾ ਟਿੱਬਾ ਵਿੱਚ ਕਰ ਲਈ।ਕਾਲਾ ਟਿੱਬਾ ‘ਚ ਉਹ 1947 ਤੱਕ ਰਹੇ। ਸੰਨ 1947 ਦੀ ਦੇਸ਼ ਵੰਡ ਅਣ-ਸੁਖਾਵੇਂ ਹਾਲਤਾਂ ਨੇ ਬਾਬੂ ਜੀ ਦੀ ਆਤਮਾ ਨੂੰ ਬੁਰੀ ਤਰ੍ਹਾਂ ਝੰਜ਼ੋੜ ਕੇ ਰੱਖ ਦਿੱਤਾ। ਬਾਬੂ ਜੀ ਨੂੰ ਉਸ ਸਮੇਂ ਲੁਕਾ ਛੁਪਾ ਕੇ ਰੱਖਣ ਵਾਲੇ ਅਨੇਕਾਂ ਹੀ ਪਾਠਕ ਸਨ ਅਤੇ ਬਾਬੂ ਜੀ ਵੀ ਮਾਲਵੇ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੇ ਸਨ, ਪਰ ਉਨ੍ਹਾਂ ਦਾ ਪਰਿਵਾਰ ਮਾੜੇ ਹਾਲਾਤਾਂ ਨੂੰ ਵੇਖ ਕੇ ਪਾਕਿਸਤਾਨ ਜਾਣਾ ਚਾਹੁੰਦਾ ਸੀ। ਬਾਬੂ ਜੀ ਨੂੰ ਮਜ਼ਬੂਰੀ ਵੱਸ ਪਰਿਵਾਰ ਨਾਲ ਪਾਕਿਸਤਾਨ ਜਾਣ ਪਿਆ।ਪਰ ਉਨ੍ਹਾਂ ਦੀ ਸੁਰਤੀ ਅਤੇ ਆਤਮਾ ਅੰਤਿਮ ਸਮੇਂ ਤੱਕ ਆਪਣੀ ਜਨਮ ਤੇ ਕਰਮ ਭੂੰਮੀ ਲਈ ਤੜਪਦੀ ਰਹੀ।ਦੇਸ਼ ਵੰਡ ਤੋਂ ਬਾਅਦ ਦੀਆਂ ਰਚਨਾਵਾਂ ਵਿੱਚ ਆਪਣਾ ਵਤਨ ਛੱਡਣ ਦਾ ਅਹਿਸਾਸ ਝਲਕਦਾ ਹੈ।ਇਸ ਹੇਰਵੇ ਨੂੰ ਦਰਸਾਉਦੀ ਇੱਕ ਕਵਿਤਾ
‘ਆਵੇ ਵਤਨ ਪਿਆਰਾ ਚੇਤੇ ਜਦ ਖਿੱਚ ਪਾਉਣ ਮੁਹੱਬਤਾਂ ਜੀ’।
ਦੇਸ਼ ਦੀ ਵੰਡ ਹੋਣ ਨਾਲ ਮੱਚੀ ਹਫੜਾ ਦਫੜੀ ਦੌਰਾਨ ਉਨ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਇਧਰ ਹੀ ਰਹਿ ਗਈਆਂ। ਉਨ੍ਹਾਂ ਦੇ ਵਤਨ ਛੱਡ ਜਾਣ ਮਗਰੋਂ ਬਾਬੂ ਜੀ ਦੇ ਸ਼ਗਿਰਦਾਂ ਅਤੇ ਪਿੰਡ ਵਾਸੀਆਂ ਨੇ ਧਨ ਰਾਸ਼ੀ ਇੱਕਠੀ ਕਰਕੇ ਉਨ੍ਹਾਂ ਦੀ ਰਚਨਾ ਨੂੰ ਕਿਤਾਬੀ ਰੂਪ ਹੀ ਨਹੀਂ ਦਿੱਤਾ ਸਗੋਂ ਉਹ ਇਨ੍ਹਾਂ ਪੁਸਤਕਾਂ ਨੂੰ ਕਈ ਸਾਲਾਂ ਬਾਅਦ ਪਾਕਿਸਤਾਨ ਜਾ ਕੇ ਉਨ੍ਹਾਂ ਨੂੰ ਭੇਂਟ ਕਰਕੇ ਆਏ।ਪਿੰਡ ਸ਼ਾਹੋਕੇ ਦੇ ਵਾਸੀ ਅਜੇ ਤੱਕ ਵੀ ਬਾਬੂ ਜੀ ਦੇ ਜਨਮ ਦਿਨ ਵਾਲੇ ਦਿਨ ਉਸ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਕਵੀਸ਼ਰੀ ਦਾ ਕੁੰਭ ਰਚਦੇ ਆ ਰਹੇ ਹਨ।ਪਾਕਿਸਤਾਨ ਚਲੇ ਜਾਣ ਤੋਂ ਬਾਅਦ ਵੀ ਬਾਬੂ ਜੀ ਆਪਣੀ ਜਨਮ ਭੂਮੀ ਤੇ ਜਨਮ ਦਿਨ ਮਨਾਉਣ ਲਈ ਆਏੇ ਸਨ ਅਤੇ ਆਪਣੇ ਨਜ਼ਦੀਕੀਆਂ ਨਾਲ ਦੁੱਖ ਸੁੱਖ ਸ਼ਾਂਝਾ ਕੀਤਾ।ਬਾਬੂ ਜੀ ਨੇ ਮਲਵਈ ਜਨ ਜੀਵਨ,ਮੇਲੇ, ਸਾਹਿਤਕਾਰਾਂ, ਇਤਿਹਾਸਕ ਘਟਨਾਵਾਂ, ਸ਼ੁਰਬੀਰਾਂ ਅਤੇ ਦੇਸ਼ ਭਗਤਾਂ ਤੋਂ ਇਲਾਵਾ ਸਿੱਖ ਧਰਮ ਤੇ ਹਿੰਦੂ ਧਰਮ ਨੂੰ ਵੀ ਕਲਮਬੰਦ ਕੀਤਾ।
ਪੰਜਾਬੀ ਕਿੱਸਾ-ਕਾਵਿ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਬਾਬੂ ਜੀ ਰਚਨਾ ਉੱਪਰ ਬਹੁਤ ਸਾਰੇ ਬੁੱਧੀਜੀਵੀਆਂ ਨੇ ਖੋਜ ਕਰਦਿਆਂ ਐਮ.ਫਿਲ, ਪੀ.ਐਚ.ਡੀ. ਦੀਆਂ ਡਿਗਰੀਆਂ ਵੀ ਹਾਸਲ ਕੀਤੀਆਂ ਹਨ। ਬਾਬੂ ਜੀ ਦੀਆਂ ਰਚਨਾਵਾਂ ਵਿੱਚੋਂ ਪੰਜਾਬੀਅਤ ਅਤੇ ਖਾਸ ਕਰਕੇ ਮਾਲਵੇ ਦੀ ਰੂਹ ਝਲਕਦੀ ਹੈ।ਕਵੀਸ਼ਰੀ ਦਾ ਇਹ ਬਾਬਾ ਬੋਹੜ ਆਪਣੇ ਅਨੇਕਾਂ ਪਾਠਕਾਂ, ਪ੍ਰਸ਼ੰਸਕਾਂ ਅਤੇ ਸ਼ਗਿਰਦਾਂ ਨੂੰ ਰੋਦਿਆਂ ਵਿਲਕਦਿਆਂ ਛੱਡ ਕੇ ਪਾਕਿਸਤਾਨ ਦੀ ਧਰਤੀ ਤੇ ਜ਼ਿਲ੍ਹਾ ਮਿੰਟਗੁਜ਼ਰੀ, ਤਹਿ: ਓਕਾੜਾ, ਪਿੰਡ ਬੱਤੀ ਚੱਕ ਵਿੱਚ 6 ਮਈ 1979 ਨੂੰ ਆਪਣੇ ਖੁਦਾ ਦੀ ਕਚਹਿਰੀ ਵਿੱਚ ਜਾ ਹਾਜ਼ਰ ਹੋਇਆ।

ਗੁਰਜੀਵਨ ਸਿੰਘ ਸਿੱਧੂ ਨਥਾਣਾ
ਮੋਬਾਇਲ: 9417079435
ਮੇਲ : jivansidhus@gmail.com
Punjab Post Daily Online Newspaper & Print Media