Wednesday, December 31, 2025

ਲਾਹੌਰ ਕੰਜ਼ਰਵੇਸ਼ਨ ਸੋਸਾਇਟੀ ਖਾਲਸਾ ਕਾਲਜ ਦੇ ਰੱਖ-ਰਖਾਵ ‘ਚ ਕਰੇਗੀ ਤਾਲਮੇਲ

PPN240502

ਅੰਮ੍ਰਿਤਸਰ, ੨੪ ਮਈ (ਪ੍ਰੀਤਮ ਸਿੰਘ)- ਲਾਹੌਰ ਕੰਜ਼ਰਵੇਸ਼ਨ ਸੋਸਾਇਟੀ ਜੋ ਕਿ ਪਾਕਿਸਤਾਨੀ ‘ਚ ਇਤਿਹਾਸਕ ਇਮਾਰਤਾਂ ਦੇ ਰੱਖ-ਰਖਾਵ ਲਈ ਵਿਸ਼ਵ ਪ੍ਰਸਿੱਧ ਹੈ, ਹੁਣ ਖਾਲਸਾ ਕਾਲਜ ਅਤੇ ਅੰਮ੍ਰਿਤਸਰ ਸ਼ਹਿਰ ਦੀਆਂ ਹੋਰ ਪੁਰਾਤਨ ਇਮਾਰਤਾਂ ਦੀ ਸਾਂਭ-ਸੰਭਾਲ ‘ਚ ਆਪਣਾ ਸਹਿਯੋਗ ਦੇਵੇਗੀ। ਸੋਸਾਇਟੀ ਦੇ ਪ੍ਰਧਾਨ ਕਾਮਲ ਖ਼ਾਨ ਮੁਮਤਾਜ ਜੋ ਕਿ ਇਕ ਕੰਜ਼ਰਵੇਸ਼ਨ ਆਰਕੀਟੈਕਟ ਦੇ ਤੌਰ ‘ਤੇ ਜਾਣੇ ਜਾਂਦੇ ਹਨ, ਨੇ ਅੱਜ ੧੨੨ ਸਾਲ ਪੁਰਾਣੀ ਖ਼ਾਲਸਾ ਕਾਲਜ ਦੀ ਅਦਭੁੱਤ ਇਮਾਰਤ ਨੂੰ ਵੇਖ ਕੇ ਜਿੱਥੇ ਆਨੰਦਿਤ ਹੋਏ, ਉੱਥੇ ਉਨ੍ਹਾਂ ਕਿਹਾ ਕਿ ਉਹ ਇਸ ਇਮਾਰਤ ਦੀ ਦਿੱਖ ਨੂੰ ਸੰਵਾਰਨ ਲਈ ਸਹਿਯੋਗ ਦੇਣਗੇ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਤ ਸਕੱਤਰ ਸ: ਗੁਨਬੀਰ ਸਿੰਘ ਨੇ ਕਾਲਜ ਵਿਖੇ ਕਾਮਲ ਖ਼ਾਨ ਦਾ ਸਵਾਗਤ ਕਰਦਿਆ ਕਿਹਾ ਕਿ ਕਾਲਜ ਦੀ ਇਤਿਹਾਸਕ ਇਮਾਰਤ ਦੀ ਸਾਂਭ-ਸੰਭਾਲ ‘ਚ ਉਹ ਲਾਹੌਰ ਕੰਜ਼ਰਵੇਸ਼ਨ ਸੋਸਾਇਟੀ ਨਾਲ ਸਹਿਯੋਗ ਦੇ ਚਾਹਵਾਨ ਹਨ। ਖ਼ਾਨ ਨੇ ਕਿਹਾ ਕਿ ਖ਼ਾਲਸਾ ਕਾਲਜ ਦੀ ਇਮਾਰਤ ਦੇ ਆਰਕੀਟੈਕਟ ਭਾਈ ਰਾਮ ਸਿੰਘ ਨੇ ਲਾਹੌਰ ਵਿਖੇ ਬਹੁਤ ਸਾਰੀਆਂ ਇਮਾਰਤਾਂ ਦਾ ਨਿਰਮਾਣ ਕਰਵਾਇਆ ਸੀ ਅਤੇ ਉਹ ਇਨ੍ਹਾਂ ਦੇ ਭਵਨ ਕਲਾ ਦੇ ਨਮੂਨਿਆਂ ਨੂੰ ਭਲੀਭਾਂਤ ਜਾਣੂ ਹਨ। ਉਨ੍ਹਾਂ ਕਿਹਾ ਕਿ ਕਾਲਜ ਦੀ ਬਿਲਡਿੰਗ ਦੀ ਸੰਭਾਲ ਸੁਚੱਜੇ ਢੰਗ ਨਾਲ ਹੋ ਰਹੀ ਹੈ ਅਤੇ ਅੱਗੇ ਤੋਂ ਇਸ ਦੇ ਰੱਖ-ਰਖਾਵ ਲਈ ਉਹ ਹਰ ਸੰਭਵ ਮਦਦ ਦੇਣਗੇ। ਇਸ ਉਪਰੰਤ ਲਾਹੌਰ ਸੋਸਾਇਟੀ ਅਤੇ ਦਿਲਬੀਰ ਫ਼ਾਊਂਡੇਸ਼ਨ, ਜਿਸਦੀ ਪ੍ਰਧਾਨਗੀ ਸ: ਗੁਨਬੀਰ ਸਿੰਘ ਕਰਦੇ ਹਨ, ਨੇ ਮਿਲਕੇ ਇਕ ਅਹਿਮ ਮੀਟਿੰਗ ਵੀ ਕੀਤੀ। ਜਿਸ ‘ਚ ਉਨ੍ਹਾਂ ਨੇ ‘ਦਾ ਅੰਮ੍ਰਿਤਸਰ ਪ੍ਰੋਜੈਕਟ’ ਅਤੇ ‘ਦਾ ਲਾਹੌਰ ਪ੍ਰੋਜੈਕਟ’ ‘ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਕਿਹਾ ਕਿ ਦੋਵੇਂ ਹੀ ਸ਼ਹਿਰਾਂ ਦੀਆਂ ਇਮਾਰਤਾਂ ਨੂੰ ਸੰਭਾਲਣ ‘ਚ ਅਹਿਮ ਸਹਿਯੋਗ ਦੀਆਂ ਸੰਭਾਵਨਾਵਾਂ ਹਨ। ਸ: ਗੁਨਬੀਰ ਸਿੰਘ ਨੇ ਕਿਹਾ ਕਿ ਕਾਮਲ ਖ਼ਾਨ ਨੇ ਆਪਣੀ ਪ੍ਰੈਜ਼ੀਟੇਸ਼ਨ ਦੌਰਾਨ ਲਾਹੌਰ ਵਿਖੇ ਉਨ੍ਹਾਂ ਵੱਲੋਂ ਇਮਾਰਤਾਂ ਦੀ ਸੰਭਾਲ ਪ੍ਰਤੀ ਕਾਰਵਾਈਆਂ ‘ਤੇ ਭਰਪੂਰ ਜਾਣਕਾਰੀ ਅੰਮ੍ਰਿਤਸਰ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਖ਼ਾਨ ਨੂੰ ਉਨ੍ਹਾਂ ਦੇ ਕੰਮ ਲਈ ਪਾਕਿਸਤਾਨ ਦਾ ਸਭ ਤੋਂ ਵੱਡਾ ਇਨਾਮ ‘ਤਮਗਾ-ਏ-ਇਮਤਿਆਜ਼’ ਨਾਲ ਨਿਵਾਜਿਆ ਜਾ ਚੁੱਕਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਸਕੂਲ ਆਫ਼ ਪਲਾਨਿੰਗ ਦੇ ਪ੍ਰੋ: ਡਾ. ਸਰਬਜੋਤ ਬਹਿਲ, ਪ੍ਰਦੀਪ ਸਹਿਗਲ, ਸੀ. ਆਈ. ਆਈ., ਡਬਲਯੂ ਡਬਲਯੂ ਐੱਫ਼. ਅਤੇ ਈਕੋ ਅੰਮ੍ਰਿਤਸਰ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply