ਹੁਣ ਤੱਕ ਦਰਜ ਹੋਏ ਪਰਚਿਆਂ ਦੀ ਜਾਂਚ ਲਈ ਬਣੇ ਸਿਟ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ)- ਲੋਕ ਸਭਾ ਚੋਣਾਂ ਵਿਚ ਸਭ ਤੋਂ ਵੱਡੇ ਮੁੱਦੇ ਬਣੇ ਨਸ਼ਿਆ ਨੂੰ ਲੈ ਕੇ ਅਕਾਲੀ ਭਾਜਪਾ ਗਠਜੋੜ ਸਰਕਾਰ ਜਿਸ ਤਰੀਕੇ ਨਾਲ ਆਪਣਾ ਅਕਸ ਸੁਧਾਰਨ ਦੇ ਲਈ ਲੱਗੀ ਹੈ, ਦੇ ਨਾਲ ਪੰਜਾਬ ਵਿਚੋਂ ਨਾ ਤਾਂ ਨਸ਼ਿਆ ਦਾ ਖਾਤਮਾ ਹੋਣਾ ਹੈ ਅਤੇ ਨਾ ਹੀ ਨੌਜਵਾਨ ਨੂੰ ਕੋਈ ਸੁਨਿਹਰਾ ਭਵਿੱਖ ਮਿਲਣ ਵਾਲਾ ਹੈ। ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਪਿਛਲੇ ਕੁੱਝ ਦਿਨਾਂ ਤੋਂ ਜਾਇਜ ਅਤੇ ਨਜਾਇਜ਼ ਅੰਧਾਧੁੰਦ ਕੱਟੇ ਜਾ ਰਹੇ ਪਰਚਿਆਂ ਨੂੰ ਲੈ ਕੇ ਪੁਲਸ ਦੀ ਕਾਰਗੁਜਾਰੀ ਤੇ ਪ੍ਰਸ਼ਨਚਿੰਨ੍ਹ ਉਠਾਉਂਦਿਆਂ ਕਿਹਾ ਹੈ ਕਿ ਇਸ ਗੰਭੀਰ ਮਸਲੇ ਨੂੰ ਖਾਨਾਪੂਰਤੀ ਦੇ ਤੌਰ ‘ਤੇ ਨਾ ਲਿਆ ਜਾਵੇ, ਜੇ ਨਸ਼ਿਆ ਦੀ ਸਮੱਸਿਆ ਨੂੰ ਵੱਖ ਵੱਖ ਪੱਖਾਂ ਤੋਂ ਜਾਂਚ ਕੇ ਇਸ ਨੂੰ ਖਤਮ ਕਰਨ ਦੇ ਲਈ ਕੋਈ ਬੋਰਡ ਗਠਨ ਕੀਤੇ ਬਿਨ੍ਹਾਂ ਪਰਚਿਆਂ ‘ਤੇ ਹੀ ਜ਼ੋਰ ਦਿੱਤਾ ਗਿਆ ਤਾਂ ਇਸ ਦੇ ਨਤੀਜੇ ਹੋਰ ਵੀ ਮਾੜੇ ਸਾਹਮਣੇ ਆਉਣਗੇ। ਔਜਲਾ ਨੇ ਕਿਹਾ ਕਿ ਜਿਸ ਤੇਜ਼ੀ ਦੇ ਨਾਲ ਪਰਚੇ ਕੱਟਣ ਦੇ ਲਈ ਪੁਲਸ ਮੁਲਾਜਮ ਲੱਗੇ ਹੋਏ ਹਨ, ਤੋਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਪੁਲਸ ਅਤੇ ਸਿਆਸੀ ਮਿਲੀਭੁਗਤ ਦੇ ਨਾਲ ਹੀ ਪਿਛਲੇ 7 ਸਾਲਾਂ ਤੋਂ ਨਸ਼ਾ ਮਾਫੀਆ ਸਰਗਰਮ ਸੀ ਜਿਸ ਨੇ ਆਪਣਾ ਜਾਲ ਨੂੰ ਪਿੰਡਾਂ ਦੀਆਂ ਗਲੀਆਂ ਤੱਕ ਫੈਲਾ ਲਿਆ ਪਰ ਇਸ ਦੇ ਨਾਲ ਇਹ ਤੱਥ ਵੀ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਹੁਣ ਤੱਕ ਦਰਜ ਹੋਏ ਪਰਚਿਆਂ ਵਿਚੋਂ ਇਕ ਵੀ ਪਰਚਾ ਉਸ ਮੁੱਖ ਨਸ਼ਾ ਸਮੱਗਲਰ ਦੇ ਵਿਰੁੱਧ ਨਹੀਂ ਹੈ। ਔਜਲਾ ਨੇ ਕਿਹਾ ਕਿ ਪੁਲਸ ਅੰਧਾਧੁੰਦ ਪਰਚੇ ਕੱਟਣ ਤੋਂ ਪਹਿਲਾਂ ਸਾਰੇ ਹਾਲਾਤਾਂ ਦਾ ਜਾਇਜਾ ਲੈਣ ਅਤੇ ਇਸ ਦੇ ਨਾਲ ਹੀ ਹੁਣ ਤੱਕ ਜਿਨ੍ਹੇ ਵੀ ਪਰਚੇ ਕੱਟੇ ਗਏ ਹਨ ਉਨ੍ਹਾਂ ਦੀ ਜਾਂਚ ਦੇ ਲਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਜਾਵੇ ਤਾਂ ਜੋ ਪਤਾ ਲਗ ਸਕੇ ਕਿ ਪੰਜਾਬ ਸਰਕਾਰ ਦੀ ਨਸ਼ਿਆ ਨੂੰ ਖਤਮ ਕਰਨ ਦੀ ਭਾਵਨਾ ਵਿਚ ਕਿੰਨ੍ਹੀ ਕੁ ਸਚਾਈ ਹੈ।
Punjab Post Daily Online Newspaper & Print Media