ਸੰਨ ਸਾਹਿਬ, 4 ਸਤੰਬਰ (ਪੰਜਾਬ ਪੋਸਟ ਬਿਊਰੋ)- ਅਟਾਰੀ ਹਲਕੇ ਦੇ ਪਿੰਡ ਬਾਸਰਕੇ ਗਿਲਾਂ ਵਿਖੇ ਸ਼ੋਮਣੀ ਅਕਾਲੀ ਦਲ ਐਸ. ਸੀ ਵਿੰਗ ਵੱਲੋਂ ਕਰਵਾਈ ਅਨੁਸੂਚਿਤ ਭਾਈਚਾਰੇ ਦੇ ਲੋਕਾਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਐਸ. ਸੀ ਵਿੰਗ ਦੇ ਕੌਮੀ ਪ੍ਰਧਾਨ ਅਤੇ ਸਮਾਜ ਭਲਾਈ ਮੰਤਰੀ ਪੰਜਾਬ ਸ. ਗੁਲਜ਼ਾਰ ਸਿੰਘ ਰਣੀਕੇ ਨੇੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਸਾਢੇ ਨੌਂ ਸਾਲਾਂ ਦੌਰਾਨ ਜਿਥੇ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਹਨ, ਉਥੇ ਕਮਜ਼ੋਰ ਵਰਗ ਦੇ ਲੋਕਾਂ ਦੀ ਬਿਹਤਰੀ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਨੇਕਾਂ ਭਲਾਈ ਸਕੀਮਾਂ ਚਲਾ ਕੇ ਭਾਰਤ ਦੇ ਦੂਜੇ ਰਾਜਾਂ ਨੂੰ ਪਛਾੜਿਆ ਹੈ। ਕਾਂਗਰਸ ਪਾਰਟੀ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਉਸ ਨੇ ਹਮੇਸ਼ਾ ਪਿੰਡਾਂ ਅਤੇ ਸ਼ਹਿਰਾਂ ਦੇ ਗਰੀਬ ਲੋਕਾਂ ਨੂੰ ਗਲੀਆਂ-ਨਾਲੀਆਂ ਵਿੱਚ ਉਲਝਾ ਰੱਖਿਆ, ਪਰ ਪੰਥਕ ਸਰਕਾਰ ਨੇ ਪੰਜਾਬ ਵਿਚ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਪ੍ਰਾਜੈਕਟ ਮੁਕੰਮਲ ਕਰਕੇ ਇਸ ਦੀ ਨੁਹਾਰ ਬਦਲੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਗ਼ਰੀਬ ਤੇ ਕਮਜ਼ੋਰ ਵਰਗ ਲਈ ਆਟਾ-ਦਾਲ ਸਕੀਮ, ਸ਼ਗਨ ਸਕੀਮ, ਮਕਾਨਾਂ ਅਤੇ ਫਲੱਸ਼ਾਂ ਦੀ ਉਸਾਰੀ, ਫਜ਼ੀਫਾ ਸਕੀਮਾਂ, ਮੁਫ਼ਤ ਕਿਤਾਬਾਂ, ਮੁਫ਼ਤ ਬਿਜਲੀ, ਹੁਨਰ ਵਿਕਾਸ ਲਈ ਮੁਫ਼ਤ ਤਕਨੀਕੀ ਸਿੱਖਿਆ ਅਤੇ ਟ੍ਰੇਨਿੰਗ, ਬੱਚੀਆਂ ਦੀ ਮੁਫ਼ਤ ਪੜ੍ਹਾਈ ਆਦਿ ਵਰਗੀਆਂ ਅਨੇਕਾਂ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ। ਇਸ ਤੋਂ ਇਲਾਵਾ ਪਿੰਡਾਂ ਵਿਚ ਧਰਮਸ਼ਾਲਾ ਅਤੇ ਸ਼ਹਿਰਾਂ ਵਿਚ ਡਾ. ਅੰਬੇਦਕਰ ਭਵਨਾਂ ਦੀ ਉਸਾਰੀ ਕਰਵਾਈ ਗਈ ਹੈ ਅਤੇ ਅਨੁਸੂਚਿਤ ਜਾਤੀਆਂ ਉੱਪਰ ਹੁੰਦੇ ਅੱਤਿਆਚਾਰਾਂ ਨੂੰ ਰੋਕਣ ਲਈ ਪ੍ਰੋਟੈਕਸ਼ਨ ਸੈੱਲਾਂ ਦੀ ਸਥਾਪਨਾ ਕੀਤੀ ਗਈ ਹੈ।
ਸ. ਰਣੀਕੇ ਨੇ ਕਿਹਾ ਕਿ ਚਾਲੂ ਮਾਲੀ ਸਾਲ ਦੌਰਾਨ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਲੋਕਾਂ ਲਈ ਭਲਾਈ ਸਕੀਮਾਂ ‘ਤੇ 1060 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ ਜਦਕਿ ਪਿਛਲੇ ਸਾਲ 9984 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 5 ਲੱਖ ਦੇ ਕਰੀਬ ਲਾਭਪਾਤਰੀਆਂ ਨੂੰ 740 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਸ਼ਗਨ ਸਕੀਮ ਤਹਿਤ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ 5 ਸਾਲ ਪੁਰਾਣੇ ਸ਼ਗਨ ਸਕੀਮ ਦੇ ਬਕਾਇਆ ਪਏ ਕੇਸਾਂ ਵਿਚ ਵੀ ਲਾਭਪਾਤਰੀਆਂ ਨੂੰ ਮਾਲੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 2007 ਤੋਂ 2015 ਦੌਰਾਨ ਸਰਕਾਰੀ ਸਕੂਲਾਂ ਵਿਚ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਪਹਿਲੀ ਤੋਂ ਦਸਵੀਂ ਤੱਕ ਦੇ 1 ਕਰੋੜ 33 ਲੱਖ ਵਿਦਿਆਰਥੀਆਂ ਨੂੰ 163 ਕਰੋੜ ਰੁਪਏ ਦੀਆਂ ਮੁਫ਼ਤ ਕਿਤਾਬਾਂ ਅਤੇ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲਿਆਣਕਾਰੀ ਯੋਜਨਾਵਾਂ ਅਤੇ ਸਹੂਲਤਾਂ ਸਦਕਾ ਅੱਜ ਦਲਿਤ ਭਾਈਚਾਰਾ ਅਕਾਲੀ ਦਲ ਨਾਲ ਚੱਟਾਨ ਵਾਂਗ ਖੜ੍ਹਾ ਹੈ।ਉਨ੍ਹਾਂ ਦੱਸਿਆ ਕਿ ਅਨੁਸੂਚਿਤ ਵਿੰਗ ਦੀ ਮਜ਼ਬੂਤੀ ਲਈ ਸੂਬੇ ਭਰ ਵਿਚ ਜ਼ਿਲ੍ਹਾ ਪੱਧਰ ‘ਤੇ ਮੀਟਿੰਗਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ।
ਸਾਬਕਾ ਚੇਅਰਮੈਨ ਗੁਰਿੰਦਰ ਸਿੰਘ ਰਣੀਕੇ ਨੇ ਸੰਬੋਧਨ ਕਰਦਿਆਂ ਕਿ ਐਸ. ਸੀ. ਵਿੰਗ ਦਾ ਠਾਠਾ ਮਾਰਦਾ ਵਿਸ਼ਾਲ ਇਕੱਠ ਇਹ ਸਾਬਤ ਕਰਦਾ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਸਰਕਾਰ ਮੁੜ ਬਣੇਗੀ ਅਤੇ ਇਸ ਵਿੱਚ ਐਸ. ਸੀ. ਭਾਈਚਾਰਾ ਵੱਡੀ ਭੂਮਿਕਾ ਅਦਾ ਕਰੇਗਾ। ਇਸ ਮੌਕੇ ਹੋਰਨਾ ਤੋ ਇਲਾਵਾ ਸ੍ਰੋਮਣੀ ਕਮੇਟੀ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ, ਪ੍ਰਗਟ ਸਿੰਘ ਬਨਵਾਲੀਪੁਰ, ੳਮ ਪ੍ਰਕਾਸ ਗੱਬਰ ਨੇ ਵੀ ਸੰਬੋਧਨ ਕੀਤਾ ਹੋਰਨਾ ਤੋਂ ਇਲਾਵਾ ਰੈਲੀ ਵਿੱਚ ਪ੍ਰੇਮ ਸਿੰਘ ਸ਼ਾਹ, ਹੀਰਾ ਸਿੰਘ ਆੜਤੀਆ, ਅਮਨਪ੍ਰੀਤ ਥਿੰਦ, ਲਖਵਿੰਦਰ ਸਿੰਘ ਖਾਪੜਖੇੜੀ, ਬਲਜੀਤ ਸਿੰਘ ਕੋਟਲੀ ਆਦਿ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media