Wednesday, June 24, 2026

ਜ਼ਿਲ੍ਹਾ ਕਾਂਗਰਸ ਕਮੇਟੀ ਨੇ ਪੰਜਾਬ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਪੀਕਰ ਦੇ ਪੁਤਲੇ ਸਾੜ੍ਹੇ

ppn1309201618
ਬਠਿੰਡਾ, 13 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਮੋਹਨ ਲਾਲ ਝੂੰਬਾ, ਪ੍ਰਧਾਨ (ਸ਼ਹਿਰੀ) ਅਤੇ  ਨਰਿੰਦਰ ਭੁਲੇਰੀਆ, ਪ੍ਰਧਾਨ (ਦਿਹਾਤੀ) ਦੀ ਅਗਵਾਈ ਵਿੱਚ ਹੁਕਮਰਾਨ ਪਾਰਟੀ ਦੇ ਵਿਰੁੱਧ ਰੋਸ਼ ਮਾਰਚ ਦਫ਼ਤਰ ਕਾਂਗਰਸ ਭਵਨ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਫਾਇਰ ਬ੍ਰਿਗੇਡ ਵਿਖੇ ਸੰਪੂਰਨ ਹੋਇਆ।ਇਸ ਮੌਕੇ ਹਰਮਿੰਦਰ ਜੱਸੀ, ਜਨਰਲ ਸਕੱਤਰ ਪੰਜਾਬ ਕਾਂਗਰਸ ਅਤੇ ਸਾਬਕਾ ਮੰਤਰੀ, ਪੰਜਾਬ ਵਿਸ਼ੇਸ਼ ਤੌਰ ‘ਤੇ ਪਹੁੰਚੇ। ਫਾਇਰ ਬ੍ਰਿਗੇਡ ਵਿਖੇ ਪਹੁੰਚਣ ‘ਤੇ ਕਾਂਗਰਸੀ ਲੀਡਰਾਂ, ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ, ਪੰਜਾਬ, ਸੁਖਬੀਰ ਸਿੰਘ ਬਾਦਲ, ਉਪ ਮੁੱਖ ਮੰਤਰੀ, ਪੰਜਾਬ ਅਤੇ ਚਰਨਜੀਤ ਸਿੰਘ ਅਟਵਾਲ, ਸਪੀਕਰ ਵਿਧਾਨਸਭਾ ਦੇ ਪੁਤਲੇ ਸਾੜ੍ਹੇ ਗਏ, ਜਿੰਨ੍ਹਾਂ ਨੇ ਸੰਵਿਧਾਨ ਅਤੇ ਲੋਕਤੰਤਰ ਦੀਆਂ ਇੱਥੋਂ ਤੱਕ ਧੱਜੀਆਂ ਉਡਾਈਆਂ ਕਿ ਹੁਕਮਰਾਨ ਪਾਰਟੀ ਵੱਲੋਂ ਅਜਿਹਾ ਧੱਕਾ ਦੇਸ਼ ਵਿੱਚ ਪਹਿਲੀ ਬਾਰ ਵੇਖਣ ਨੂੰ ਮਿਲਿਆ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਰਮਿੰਦਰ ਜੱਸੀ ਨੇ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਵੱਲੋਂ ਜੋ ਵਿਧਾਨ ਸਭਾ ਵਿੱਚ ਭ੍ਰਿਸ਼ਟਾਚਾਰ ਅਤੇ ਕਾਨੂੰਨ ਵਿਵਸਥਾ ‘ਤੇ ਬਹਿਸ ਸਬੰਧੀ ਪ੍ਰਸਤਾਵ ਰੱਖਿਆ ਗਿਆ ਸੀ, ਉਸ ਨੂੰ ਹੁਕਮਰਾਨ ਪਾਰਟੀ ਦੇ ਇਸ਼ਾਰੇ ‘ਤੇ ਸਪੀਕਰ, ਵਿਧਾਨਸਭਾ ਨੇ ਮੰਜੂਰੀ ਨਹੀਂ ਦਿੱਤੀ, ਜਦਕਿ ਇਹ ਵਿਰੋਧੀ ਧਿਰ ਦਾ ਪੂਰਾ ਹੱਕ ਹੈ।ਅਜਿਹਾ ਹੁਕਮਰਾਨ ਪਾਰਟੀ ਵੱਲੋਂ ਆਪਣੀਆਂ ਘਟੀਆ ਕਾਰਗੁਜ਼ਾਰੀਆਂ ਨੂੰ ਛੁਪਾਉਣ ਲਈ ਕੀਤਾ ਗਿਆ। ਪੰਜਾਬ ਵਿੱਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਲੜਖੜ੍ਹਾਈ ਹੋਈ ਹੈ ਅਤੇ ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਇਹ ਦੋਹੇਂ ਮੁੱਦੇ ਬਹੁਤ ਹੀ ਘਾਤਕ ਅਤੇ ਗੰਭੀਰ ਹਨ, ਜਿੰਨ੍ਹਾਂ ਤੋਂ ਹਰ ਹਾਲਤ ਵਿੱਚ ਪੰਜਾਬ ਵਾਸੀਆਂ ਨੂੰ ਨਿਜ਼ਾਤ ਮਿਲਣੀ ਜ਼ਰੂਰੀ ਹੈ, ਪਰ ਹੁਕਮਰਾਨ ਪਾਰਟੀ ਇਸ ਮੁੱਦੇ ‘ਤੇ ਆਉਣਾ ਹੀ ਨਹੀਂ ਚਾਹੁੰਦੀ। ਨਤੀਜ਼ਾ ਇਹ ਕਿ ਕਾਂਗਰਸ ਦੇ 30 ਵਿਧਾਇਕ, ਜਿੰਨ੍ਹਾਂ ਵਿੱਚ 4 ਔਰਤਾਂ ਸ਼ਾਮਿਲ ਹਨ, ਵਿਧਾਨ ਸਭਾ ਵਿੱਚ ਹੀ ਧਰਨਾ ਦੇਣ ਲਈ ਮਜ਼ਬੂਰ ਹੋਏ ਅਤੇ ਉਨ੍ਹਾਂ ਨੂੰ ਬੀਤੀ ਰਾਤ ਰੋਸ਼ ਵਜੋਂ ਵਿਧਾਨਸਭਾ ਵਿੱਚ ਹੀ ਗੁਜ਼ਾਰਨੀ ਪਈ, ਜੋ ਕਿ ਦੇਸ਼ ਵਿੱਚ ਪਹਿਲੀ ਬਾਰ ਅਜਿਹਾ ਵੇਖਣ ਨੂੰ ਮਿਲਿਆ ਹੈ। ਅਕਾਲੀ-ਭਾਜਪਾ ਸਰਕਾਰ ਦੀ ਇਹ ਨਿੰਦਣਯੋਗ ਕਾਰਵਾਈ ਇਤਿਹਾਸ ਵਿੱਚ ਹਮੇਸ਼ਾ ਕਾਲੇ ਅੱਖਰਾਂ ਵਿੱਚ ਲਿਖੀ ਜਾਵੇਗੀ।ਜਿੱਥੇ ਅੱਜ ਇਹ ਮੰਦਭਾਗੀ ਘਟਨਾ ਅਖ਼ਬਾਰਾਂ ਦੀ ਸੁਰਖ਼ੀ ਬਣੀ ਹੋਈ ਹੈ, ਉੱਥੇ ਸੂਬੇ ਵਿੱਚ ਕਾਂਗਰਸੀ ਅਹੁਦੇਦਾਰਾਂ/ਵਰਕਰਾਂ ਅਤੇ ਹਰ ਇੱਕ ਇਨਸਾਫ ਪਸੰਦ ਨਾਗਰਿਕ ਦੇ ਮਨ ਵਿੱਚ ਗਹਿਰਾ ਰੋਸ਼ ਹੈ, ਜਿਸ ਕਾਰਨ ਅੱਜ ਕਾਂਗਰਸ ਸੜਕਾਂ ‘ਤੇ ਉਤਰਣ ਲਈ ਮਜ਼ਬੂਰ ਹੋਈ ਅਤੇ ਅਰਥੀ-ਫੂਕ ਮੁਜ਼ਾਰੇ ਕੀਤੇ ਗਏ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਚਹਿਲ, ਇੰਦਰ ਸਿੰਘ ਸਾਹਨੀ, ਜਗਰੂਪ ਗਿੱਲ, ਨੱਥੂ ਰਾਮ, ਅਵਤਾਰ ਗੋਨਿਆਣਾ, ਛੋਟੇ ਲਾਲ, ਮਹਿੰਦਰ ਕੌਰ ਰਾਣੀ, ਰਣਜੀਤ ਕੌਰ ਰੋਮਾਣਾ, ਦਵਿੰਦਰ ਢਿੱਲੋਂ, ਗੁਰਵਿੰਦਰ ਬੱਲੋ, ਰਮੇਸ਼ ਰਜੋਰਾ, ਵਿਜੈ ਗੋਇਲ, ਡਾ: ਸਤਪਾਲ ਭਠੇਜਾ, ਰਜਿੰਦਰ ਗੋਲਡੀ, ਗੁਰਭਗਤ ਸਿੰਘ, ਰੋਕੀ ਸ਼ਰਮਾ, ਐਮ.ਸੀ. ਬੇਅੰਤ ਰੰਧਾਵਾ, ਰਾਜਾ ਰਾਮ, ਰਾਮ ਦਾਸ, ਸੁੱਖਾ ਅਤੇ ਜਨਰਲ ਸਕੱਤਰ ਰੁਪਿੰਦਰ ਬਿੰਦਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply