
ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਇਕ ਕਰੋੜ ਰੁਪਏ ਤੱਕ ਦਾ ਸਾਲਾਨਾ ਕਾਰੋਬਾਰ ਕਰਨ ਵਾਲੇ ਛੋਟੇ ਵਪਾਰੀਆਂ ਲਈ ਸ਼ੁਰੂ ਕੀਤੀ ਗਈ ਰਾਹਤ ਸਕੀਮ ਦਾ ਵਪਾਰੀਆਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ, ਕਿਉਂਕਿ ਇਹ ਇਕ ਅਜਿਹੀ ਸਕੀਮ ਹੈ ਜਿਸ ਨਾਲ ਮਾਮੂਲੀ ਟੈਕਸ ਅਦਾ ਕਰਕੇ ਉਹ ਸਦਾ ਲਈ ਤਣਾਅ ਮੁਕਤ ਹੋ ਸਕਦੇ ਹਨ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਜ਼ਿਲ੍ਹਾ ਪ੍ਰੀਸ਼ਦ ਮੀਟਿੰਗ ਹਾਲ ਵਿੱਚ ਜ਼ਿਲ੍ਹਾ ਆਬਕਾਰੀ ਤੇ ਕਰ ਸਲਾਹਕਾਰ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਕ ਕਰੋੜ ਰੁਪਏ ਤੱਕ ਦਾ ਸਾਲਾਨਾ ਕਾਰੋਬਾਰ ਕਰਨ ਵਾਲੇ ਸਾਰੇ ਵਪਾਰੀਆਂ ਨੂੰ ਇਸ ਸਕੀਮ ਦਾ ਲਾਭ ਲੈਂਦੇ ਹੋਏ ਮਾਮੂਲੀ ਟੈਕਸ ਭਰ ਕੇ ਆਪਣੇ ਕਾਰੋਬਾਰ ਨੂੰ ਨਿਯਮਤ ਕਰਵਾ ਲੈਣਾ ਚਾਹੀਦਾ ਹੈ। ਸ. ਸੰਧੂ ਨੇ ਦੱਸਿਆ ਕਿ ਇਸ ਸਕੀਮ ਤਹਿਤ 25 ਲੱਖ ਰੁਪਏ ਤੱਕ ਦਾ ਸਾਲਾਨਾ ਕਾਰੋਬਾਰ ਕਰਨ ਵਾਲੇ ਵਪਾਰੀ ਨੇ ਕੇਵਲ 5 ਹਜ਼ਾਰ ਰੁਪਏ ਟੈਕਸ ਦੇਣਾ ਹੈ, ਜਦਕਿ ਇਸ ਤੋਂ ਉੱਪਰ 50 ਲੱਖ ਰੁਪਏ ਤੱਕ ਦੇ ਸਾਲਾਨਾ ਕਾਰੋਬਾਰ ਕਰਨ ਵਾਲੇ ਵਪਾਰੀ ਨੇ 10 ਹਜ਼ਾਰ ਰੁਪਏ, 75 ਲੱਖ ਰੁਪਏ ਤੱਕ ਦੇ ਕਾਰੋਬਾਰ ‘ਤੇ 15 ਹਜ਼ਾਰ ਰੁਪਏ ਅਤੇ ਇਕ ਕਰੋੜ ਤੱਕ ਸਾਲਾਨਾ ਕਾਰੋਬਾਰ ਲਈ ਕੇਵਲ 20 ਹਜ਼ਾਰ ਰੁਪਏ ਟੈਕਸ ਚਾਰ ਬਰਾਬਰ ਕਿਸ਼ਤਾਂ ਵਿਚ ਜਮ੍ਹਾਂ ਕਰਵਾਉਣਾ ਹੈ। ਸ. ਸੰਧੂ ਨੇ ਕਿਹਾ ਕਿ ਸਰਕਾਰ ਦੀ ਇੱਛਾ ਹੈ ਕਿ ਵਪਾਰੀ ਸਵੈ ਇੱਛਤ ਆਪਣੇ ਕਾਰੋਬਾਰ ਦਾ ਪ੍ਰਗਟਾਵਾ ਕਰਕੇ ਇਸ ਰਾਹਤ ਸਕੀਮ ਦਾ ਲਾਹਾ ਲੈਣ।
ਇਸ ਮੌਕੇ ਕਮੇਟੀ ਮੈਂਬਰਾਂ ਨੇ ਵਪਾਰੀਆਂ ਨੂੰ ਪੇਸ਼ ਆਉਂਦੀਆਂ ਕੁਝ ਮੁਸ਼ਕਿਲਾਂ ਵੀ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੇ ਹੱਲ ਲਈ ਸੁਝਾਅ ਦਿੱਤੇ। ਇਸ ਮੌਕੇ ਹਾਜ਼ਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਪਵਿੰਦਰ ਕੁਮਾਰ ਅਤੇ ਵਿਸ਼ਵਦੀਪ ਸਿੰਘ ਭੰਗੂ ਨੇ ਵਿਸ਼ਵਾਸ ਦਿਵਾਇਆ ਕਿ ਵਪਾਰੀਆਂ ਨੂੰ ਦਰਪੇਸ਼ ਸਾਰੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਦੇ ਸੁਝਾਵਾਂ ‘ਤੇ ਅਮਲ ਕੀਤਾ ਜਾਵੇਗਾ। ਇਸ ਮੌਕੇ ਈ. ਟੀ. ਓ ਜਪਸਿਮਰਨ ਸਿੰਘ, ਸੁਖਵਿੰਦਰ ਸਿੰਘ, ਹਰਪਾਲ ਸਿੰਘ ਵਾਲੀਆ, ਕੁਲਵੰਤ ਸਿੰਘ, ਗਿੰਨੀ ਭਾਟੀਆ, ਕੁਲਵਿੰਦਰ ਸਿੰਘ, ਵਰਿੰਦਰ ਧੁੰਨਾ ਅਤੇ ਹੋਰ ਹਾਜ਼ਰ ਸਨ।
Punjab Post Daily Online Newspaper & Print Media