ਹਵਾਈ ਅੱਡਾ ਸੜਕ ਦਾ ਨਾਮ ਮਦਰ ਟੈਰੇਸਾ ਦੇ ਨਾਮ ‘ਤੇ ਰੱਖਿਆ ਜਾਵੇਗਾ- ਸੁਖਬੀਰ ਬਾਦਲ
ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ ਸੱਗੂ)- ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਨੂੰ ਉਸ ਦੀ ਭਾਸ਼ਾ ਵਿੱਚ ਮੂੰਹ ਤੋੜਵਾਂ ਜਵਾਬ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਬੇਹੱਦ ਦਲੇਰੀ ਵਾਲਾ ਕਦਮ ਚੁੱਕਦੇ ਹੋਏ ਜੋ ਸਰਜੀਕਲ ਅਪਰੇਸ਼ਨ ਕੀਤਾ ਹੈ ਉਸ ਤੋਂ ਸਾਰਿਆਂ ਨੂੰ ਸਪਸ਼ਟ ਸੰਕੇਤ ਹੋ ਗਿਆ ਹੈ ਕਿ ਭਾਰਤ ਨਾਲ ਜਿਹੜਾ ਦੇਸ਼ ਜਿਸ ਤਰ੍ਹਾਂ ਦਾ ਵਿਵਹਾਰ ਕਰੇਗਾ ਉਸ ਨੂੰ ਉਸੇ ਤਰ੍ਹਾਂ ਦਾ ਹੀ ਜਵਾਬ ਦਿੱਤਾ ਜਾਵੇਗਾ।
ਅੱਜ ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਨਾਲ ਸਨਮਾਨਿਤ ਕੀਤੇ ਜਾਣ ‘ਤੇ ਇਸਾਈ ਭਾਈਚਾਰੇ ਨੂੰ ਵਧਾਈ ਦੇਣ ਸੰਬੰਧੀ ਅੰਮ੍ਰਿਤਸਰ ਵਿਖੇ ਰਾਜ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਕੀਤਾ ਗਿਆ। ਇਸੇ ਦੌਰਾਨ ਹਵਾਈ ਅੱਡਾ ਰੋਡ ‘ਤੇ ਮਦਰ ਟੈਰੇਸਾ ਦੇ ਬੁੱਤ ਤੋਂ ਪਰਦਾ ਹਟਾਉਣ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸz ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਦਰ ਟੈਰੇਸਾ ਨੇ ਜਿਸ ਤਰ੍ਹਾਂ ਮਨੁੱਖਤਾ ਦੀ ਸੇਵਾ ਕੀਤੀ ਹੈ ਉਸ ਤੋਂ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸz ਪਰਕਾਸ਼ ਸਿੰਘ ਬਾਦਲ ਤੇ ਸਮੁੱਚੀ ਕੈਬਨਿਟ ਨੇ ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਮਿਲਣ ਦੀ ਖੁਸ਼ੀ ਵਿੱਚ ਇਹ ਰਾਜ ਪੱਧਰੀ ਸਮਾਗਮ ਕਰਵਾਇਆ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮਦਰ ਟੈਰੇਸਾ ਲਈ ਸੰਤ ਦੀ ਉਪਾਧੀ ਲੈਣ ਵਾਸਤੇ ਕੇਂਦਰ ਸਰਕਾਰ ਦੀ ਤਰਫ਼ੋਂ ਸ੍ਰੀ ਹਰਸਿਮਰਤ ਕੌਰ ਬਾਦਲ ਨੂੰ ਵੈਟੀਕਨ ਸਿਟੀ ਭੇਜਿਆ ਗਿਆ ਸੀ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਅੰਮ੍ਰਿਤਸਰ ਤੋਂ ਰਾਜਾਸਾਂਸੀ ਹਵਾਈ ਅੱਡੇ ਨੂੰ ਜਾਂਦੀ ਸੜਕ ਦਾ ਨਾਮ ਮਦਰ ਟੈਰੇਸਾ ਦੇ ਨਾਮ ਤੇ ਰੱਖਿਆ ਜਾਵੇਗਾ।
ਇਸ ਮੌਕੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਸਰਹੱਦ ‘ਤੇ ਬਣੇ ਤਣਾਓ ਵਾਲੇ ਹਾਲਾਤ ਸੰਬੰਧੀ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਪੰਜਾਬੀ ਹਮੇਸ਼ਾਂ ਹਰ ਔਖੇ ਸਮੇਂ ਦੇ ਟਾਕਰੇ ਲਈ ਤਿਆਰ ਰਹਿੰਦੇ ਹਨ ਅਤੇ ਅੱਜ ਦੇ ਹਾਲਾਤ ਵਿੱਚ ਵੀ ਉਹ ਹਰ ਚੁਨੌਤੀ ਦਾ ਟਾਕਰਾ ਕਰਨ ਲਈ ਤਿਆਰ ਭਰ ਤਿਆਰ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਅੱਜ ਬਾਡਰ ਦੇ ਪਿੰਡਾਂ ਦਾ ਦੌਰਾ ਕੀਤਾ ਹੈ ਅਤੇ ਉਹ ਸਭ ਲੋਕ ਚੜ੍ਹਦੀਕਲਾ ਵਿੱਚ ਹਨ ਅਤੇ ਹਰ ਚੁਨੌਤੀ ਦਾ ਜਵਾਬ ਦੇਣ ਲਈ ਉਤਸੁਕ ਹਨ।
ਉਪਰੰਤ ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਨਾਲ ਸਨਮਾਨਿਤ ਕੀਤੇ ਜਾਣ ‘ਤੇ ਇਸਾਈ ਭਾਈਚਾਰੇ ਨੂੰ ਵਧਾਈ ਦੇਣ ਸੰਬੰਧੀ ਅੰਮ੍ਰਿਤਸਰ ਵਿਖੇ ਰਾਜ ਸਰਕਾਰ ਵੱਲੋਂ ਰੱਖੇ ਗਏ ਰਾਜ ਪੱਧਰੀ ਸਮਾਗਮ ਦੌਰਾਨ ਮੌਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਦਰ ਟੈਰੇਸਾ ਦੀ ਮਨੁਖਤਾ ਨੂੰ ਦੇਣ ਵਿਸ਼ਵ ਵਿਆਪੀ ਹੈ ਅਜਿਹੇ ਅਜੀਮ ਸ਼ਖਸੀਅਤ ਨੂੰ ਕਿਸੇ ਇਕ ਫਿਰਕੇ ਵਿਚ ਬੰਨਿਆ ਨਹੀਂ ਜਾ ਸਕਦਾ।ਉਹਨਾਂ ਕਿਹਾ ਕਿ ਇਨਸਾਨੀਅਤ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਲਈ 4 ਸਤੰਬਰ 2016 ਦਾ ਦਿਨ ਬਹੁਤ ਹੀ ਮਹੱਤਵ ਪੂਰਨ ਦਿਨ ਸੀ ਜਦ ਦੁਖੀਆਂ ਗਰੀਬਾਂ ਅਤੇ ਲੋੜਵੰਦਾਂ ਦੀ ਬਾਂਹ ਫੜਨ ਵਾਲੇ ਮਦਰ ਟੈਰੇਸਾ ਨੂੰ ਵਿਟੀਕਨ ਸਿਟੀ ਵਿਖੇ ਪੋਪ ਫਰੈਸਿਸ ਵੱਲੋਂ ਸੰਤ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਹ ਸਿਰਫ਼ ਇਸਾਈ ਭਾਈਚਾਰੇ ਲਈ ਹੀ ਨਹੀਂ ਸਗੋਂ ਭਾਰਤ ਵਾਸੀਆਂ ਅਤੇ ਪੂਰੇ ਵਿਸ਼ਵ ਲਈ ਵੀ ਫਖਰ ਵਾਲਾ ਦਿਨ ਸੀ।ਉਹਨਾਂ ਨੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਵੀ ਲੋਕਾਂ ਨੂੰ ਵਧਾਈ ਦਿੱਤੀ ਗਈ। ਉਹਨਾਂ ਕਿਹਾ ਕਿ ਇਨਸਾਨੀਅਤ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਲਗਾ ਦੇਣ ਵਾਲੇ ਮਦਰ ਟੈਰੇਸਾ ਨੂੰ ਉਹ ਕੋਟਿਨ ਕੋਟ ਨਮਸਕਾਰ ਕਰਦੇ ਹਨ। ਉਹਨਾਂ ਪੰਜਾਬ ਦੇ ਮਹਾਨ ਸਪੂਤ ਭਗਤ ਪੂਰਨ ਸਿੰਘ ਨੂੰ ਵੀ ਯਾਦ ਕਰਦਿਆਂ ਕਿਹਾ ਕਿ ਅੱਜ ਦੀ ਹਾਲਾਤ ਵਿੱਚ ਮਦਰ ਟੈਰੇਸਾ ਅਤੇ ਭਗਤ ਪੂਰਨ ਸਿੰਘ ਵਰਗੇ ਮਹਾਨ ਇਨਸਾਨਾਂ ਦੀ ਘਾਟ ਸਦੀਆਂ ਤਕ ਮਹਿਸੂਸ ਹੁੰਦੀ ਰਹੇਗੀ । ਉਹਨਾਂ ਕਿਹਾ ਕਿ ਇਸਾਈ ਧਰਮ ਅਤੇ ਸਿੱਖ ਧਰਮ ਵਿੱਚ ਕਈ ਸਮਾਨਤਾਵਾਂ ਹਨ। ਪੈਗੰਬਰ ਪ੍ਰਭੂ ਈਸਾ ਮਸੀਹ ਨੇ ਜਿੱਥੇ ਸ਼ਾਂਤੀ, ਪਿਆਰ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਕੁਰਬਾਨੀ ਦਿੱਤੀ ਉੱਥੇ ਸਿੱਖ ਗੁਰੂ ਸਾਹਿਬਾਨਾਂ ਨੇ ਵੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਹੱਕ ਸੱਚ ਲਈ ਕਈ ਕੁਰਬਾਨੀਆਂ ਕੀਤੀਆਂ ਹਨ।
ਉਹਨਾਂ ਕਿਹਾ ਕਿ ਮਦਰ ਟੈਰੇਸਾ ਅਸਲੀ ਅਰਥਾਂ ਵਿੱਚ ਪ੍ਰਭੂ ਈਸਾ ਮਸੀਹ ਦੇ ਪੈਰੋਕਾਰ ਸਨ ਜਿਨ੍ਹਾਂ ਪ੍ਰਭੂ ਦੀਆਂ ਸਿੱਖਿਆਵਾਂ ਨੂੰ ਆਪਣੇ ‘ਤੇ ਲਾਗੂ ਕਰ ਕੇ ਗਰੀਬਾਂ ਅਤੇ ਲੋੜਵੰਦਾਂ ਦੀ ਬਾਂਹ ਫੜੀ। ਉਹਨਾਂ ਮਦਰ ਟੈਰੇਸਾ ਨੂੰ ਵਿਸ਼ਵ ਲਈ ਚਾਨਣ ਮੁਨਾਰਾ ਦੱਸਦਿਆਂ ਕਿਹਾ ਕਿ ਜੇ ਤੁਸੀਂ ਕਿਸੇ ਲਈ ਨਹੀਂ ਜੀ ਸਕਦੇ ਤਾਂ ਜਿਊਣ ਦਾ ਕੋਈ ਅਰਥ ਨਹੀਂ । ਮਨੁੱਖਤਾ ਦੇ ਭਲੇ ਲਈ ਜੋ ਕਲ ਸ਼ੁਰੂ ਕਰਨਾ ਹੈ ਅੱਜ ਕਿਊ ਨਹੀਂ?।
ਸ: ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਲਈ ਮਾਣ ਵਾਲੀ ਗਲ ਹੈ ਕਿ ਇਸ ਮਹਾਨ ਹਸਤੀ ਲਈ ਰਾਜ ਪੱਧਰੀ ਸਮਾਗਮ ਕਰਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜਦ ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਪ੍ਰਦਾਨ ਕੀਤੀ ਗਈ ਤਾਂ ਵਿਸ਼ਵ ਦੇ ਗਿਣਵੇਂ ਚੁਣਵੇਂ ਆਗੂਆਂ ਵਿੱਚ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੀ ਉਸ ਸਮਾਗਮ ਵਿੱਚ ਸ਼ਾਮਿਲ ਸਨ। ਬੀਬੀ ਬਾਦਲ ਨੇ ਇਸ ਸੰਬੰਧੀ ਆਪਣੇ ਅਨੁਭਵ ਸਾਂਝਾ ਕਰਦਿਆਂ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਣ ‘ਤੇ ਉਹ ਭਾਗਸ਼ਾਲੀ ਸਮਝਦੇ ਹਨ। ਉਹਨਾਂ ਕਿਹਾ ਕਿ ਮਦਰ ਟੈਰੇਸਾ ਨੇ ਅਜਿਹੇ ਮੌਕੇ ਲੋੜਵੰਦਾਂ ਦੀ ਮਦਦ ਕੀਤੀ ਜੱਦੋ ਸਾਰੇ ਉਹਨਾਂ ਦਾ ਸਾਥ ਛੱਡ ਚੁੱਕੇ ਸਨ। ਉਹਨਾਂ ਕਿਹਾ ਕਿ ਆਪਣੀ ਜ਼ਿੰਦਗੀ ਮਾਨਵਤਾ ਲਈ ਸਮਰਪਿਤ ਕਰ ਦੇਣ ‘ਤੇ ਮਦਰ ਟੈਰੇਸਾ ਨੂੰ ਨੋਬਲ ਸ਼ਾਂਤੀ ਪੁਰਸਕਾਰ, ਭਾਰਤ ਰਤਨ , ਪਦਮ ਸ੍ਰੀ, ਰਾਸ਼ਟਰੀ ਮੈਡਲ ਆਫ਼ ਫਰੀਡਮ, ਆਡਰ ਆਫ਼ ਮੈਰਿਟ, ਵਰਗੇ ਸਨਮਾਨ ਭਾਰਤ ਤੋਂ ਇਲਾਵਾ ਵੱਖ ਵੱਖ ਵੱਡੇ ਦੇਸ਼ਾਂ ਤੋਂ ਹਾਸਲ ਹੋਏ।
ਸ: ਮਜੀਠੀਆ ਨੇ ਦੱਸਿਆ ਕਿ ਭਾਈਚਾਰਕ ਸਾਂਝ ਅਤੇ ਹਰ ਵਰਗ ਨੂੰ ਨਾਲ ਲੈਂ ਕੇ ਚਲਣਾ ਪੰਜਾਬ ਸਰਕਾਰ ਦਾ ਮੁੱਖ ਮੰਤਵ ਹੈ ਅਤੇ ਇਸੇ ਲਈ ਵੱਖ ਵੱਖ ਭਾਈਚਾਰਿਆਂ ਨਾਲ ਸੰਬੰਧਿਤ ਮਹਾਂਪੁਰਖਾਂ ਦੀ ਯਾਦ ਵਿੱਚ ਕਈ ਯਾਦਗਾਰਾਂ ਦੀਆਂ ਉੱਸਾਰੀਆਂ ਕੀਤੀਆਂ ਗਈਆਂ ਹਨ। ਸ: ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਮਸੀਹੀ ਭਾਈਚਾਰੇ ਦੀ ਭਲਾਈ ਲਈ ਵਚਨਬੱਧ ਹੈ। ਪੰਜਾਬ ਰਾਜ ਮੈਨੋਰਟੀ ਕਮਿਸ਼ਨ ਅਤੇ ਕ੍ਰਿਰਸ਼ਚਿਅਨ ਵੈੱਲਫੇਅਰ ਬੋਰਡ ਆਦਿ ਦਾ ਗਠਨ ਮਸੀਹੀ ਭਾਈਚਾਰੇ ਦੇ ਭਲੇ ਲਈ ਕੀਤੇ ਗਏ ਹਨ। ਉਹਨਾਂ ਕਿਹਾ ਕਿ ਕ੍ਰਿਸਮਸ ਦਾ ਤਿਉਹਾਰ ਰਾਜ ਪੱਧਰੀ ਮਨਾਉਣ ਵਾਲਾ ਪੰਜਾਬ ਪਹਿਲਾ ਰਾਜ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦਾ ਲਾਭ ਦਿੰਦਿਆਂ ਮਸੀਹੀ ਭਾਈਚਾਰੇ ਦੇ ਲੋਕਾਂ ਨੂੰ ਚੇਨਈ ਵਿਖੇ ਆਪਣੇ ਇਸ਼ਟ ਅਸਥਾਨਾਂ ਦੇ ਦਰਸ਼ਨ ਕਰਾਏ ਗਏ ਹਨ। ਉਹਨਾਂ ਦੱਸਿਆ ਕਿ ਮਸੀਹੀ ਭਾਈਚਾਰੇ ਨੂੰ ਬੀ ਪੀ ਐਲ ਸਟੇਟਸ ਦੇ ਕੇ ਸਭ ਸਹੂਲਤਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਪੱਧਰ ‘ਤੇ ਮਸੀਹੀ ਭਵਨਾਂ ਦੀ ਉੱਸਾਰੀ ਕਰਾਈ ਜਾ ਰਹੀ ਹੈ। ਮਸੀਹੀ ਭਾਈਚਾਰੇ ਦੀ ਮੰਗ ਨੂੰ ਮੁੱਖ ਰੱਖਦਿਆਂ ਸਰਕਾਰ ਵੱਲੋਂ ਕਬਰਸਤਾਨ ਲਈ ਜਗਾ ਮੁਹਇਆ ਕਰਾਈ ਜਾ ਰਹੀ ਹੈ। ਉੱਥੇ ਹੀ ਬੇਘਰੇ ਲੋਕਾਂ ਨੂੰ 5- 5 ਮਰਲੇ ਪਲਾਟ ਅਤੇ 200 ਯੂਨਿਟ ਫਰੀ ਬਿਜਲੀ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮਾਈ ਭਾਗੋ ਵਿੱਦਿਆ ਸਕੀਮ ਰਾਹੀ 5 ਲਖ ਸਾਈਕਲ ਫਰੀ ਵੰਡੇੇ ਗਏ। ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਨਾਲ 16 ਲਖ ਪਰਿਵਾਰ ਨੂੰ ਸਿਹਤ ਸਹੂਲਤ ਮਿਲ ਰਹੀ ਹੈ। ਆਟਾ ਦਲ ਦੀ ਸਹੂਲਤ ਦਾ ਲਾਭ 1.42 ਕਰੋੜ ਲੋਕ ਉਠਾ ਰਹੇ ਹਨ ਅਤੇ ਸ਼ਗਨ ਸਕੀਮ ਦਾ ਲਾਭ ਲੈ ਚੁਕਿਆਂ ਦੀ ਗਿਣਤੀ 6 ਲੱਖ ਦੇ ਕਰੀਬ ਹੈ। ਉਹਨਾਂ ਕਿਹਾ ਕਿ ਸਰਕਾਰ ਗਰੀਬ ਅਤੇ ਲੋੜਵੰਦ ਨੂੰ ਸਹੂਲਤਾਂ ਦੇਣ ਲਈ ਹਮੇਸ਼ਾਂ ਤਤਪਰ ਰਹੀ ਹੈ ਅਤੇ ਰਹੇਗੀ।
ਇਸ ਮੌਕੇ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਤੇ ਡਾ ਦਲਜੀਤ ਸਿੰਘ ਚੀਮਾ, ਡਾਇਓਸਿਸ ਆਫ ਪੰਜਾਬ ਬਿਸ਼ਪ ਫਰੈਂਕੋ ਮੁਲੱਕਲ, ਬਿਸ਼ਪ ਯੂਨਸ ਮਸੀਹ, ਫਾਦਰ ਪੀਟਰ ਪੀ. ਆਰ. ਓ ਪੰਜਾਬ, ਸੇਵਾ ਸਿੰਘ ਸੇਖਵਾਂ, ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਮੇਅਰ ਬਖਸ਼ੀ ਰਾਮ ਅਰੋੜਾ, ਵੀਰ ਸਿੰਘ ਲੋਪੋਕੇ, ਡਿਪਟੀ ਕਮਿਸ਼ਨਰ ਵਰੁਣ ਰੂਜਮ, ਕਮਿਸ਼ਨਰ ਪੁਲਿਸ ਅਮਰ ਸਿੰਘ ਚਾਹਲ, ਰਾਜਮਹਿੰਦਰ ਸਿੰਘ ਮਜੀਠਾ, ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ, ਗੁਰਪ੍ਰਤਾਪ ਸਿੰਘ ਟਿੱਕਾ, ਪ੍ਰੋ: ਸਰਚਾਂਦ ਸਿੰਘ , ਐਡਵੋਕੇਟ ਕਿਰਨਪ੍ਰੀਤ ਸਿੰਘ, ਮਗਵਿੰਦਰ ਸਿੰਘ ਖਾਪੜਖੇੜੀ, ਚੇਅਰਮੈਨ ਆਰ. ਸੀ ਯਾਦਵ, ਚੇਅਰਮੈਨ ਪੰਜਾਬ ਸਟੇਟ ਮਸੀਹੀ ਵੈੱਲਫੇਅਰ ਬੋਰਡ ਅਮਨਦੀਪ ਗਿੱਲ, ਫਾਦਰ ਥੌਮਸ, ਫਾਦਰ ਜ਼ੇਵੀਅਰ, ਫਾਦਰ ਵਿਲਸਨ ਪੀਟਰ, ਫਾਦਰ ਪਾਲ, ਫਾਦਰ ਜੌਹਨ ਗਰੇਵਾਲ, ਫਾਦਰ ਮੈਥੀਊ, ਪਾਦਰੀ ਰਾਜੂ ਮਸੀਹ ਸਕੱਤਰ ਸੀ ਐਨ ਆਈ ਚਰਚ, ਅਨਵਰ ਮਸੀਹ ਮੈਂਬਰ ਐਸ. ਐਸ ਬੋਰਡ, ਐਲਬਰਟ ਦੂਆ ਸਾਬਕਾ ਮੈਂਬਰ ਘੱਟ ਗਿਣਤੀ ਕਮਿਸ਼ਨ, ਯਾਕੂਬ ਮਸੀਹ ਮੈਂਬਰ ਘੱਟ ਗਿਣਤੀ ਕਮਿਸ਼ਨ, ਜੌਹਨ ਕੋਟਲੀ ਡਾਇਰੈਕਟਰ ਜੇਲ੍ਹ ਬੋਰਡ, ਰਾਜ ਕੁਮਾਰ ਮੈਂਬਰ ਪੀਸ ਕਮੇਟੀ, ਜੌਹਨਸਨ ਵੜੈਚ ਯੂਥ ਪ੍ਰੈਜ਼ੀਡੈਂਟ ਕ੍ਰਿਸ਼ਚੀਅਨ ਯੂਨਾਈਟਿਡ ਫੈਡਰੇਸ਼ਨ, ਬਲਵਿੰਦਰ ਜੋੜ ਬੋਰਡ ਮੈਂਬਰ, ਵਲਾਇਤ ਮਸੀਹ ਬੰਟੀ ਮੈਂਬਰ, ਡਾ. ਸਾਹਿਬ ਮਸੀਹ ਮੈਂਬਰ, ਥੌਮਸ ਕਾਹਨੂੰਵਾਨ, ਲਾਲ ਚੰਦ ਜਲੰਧਰ ਅਤੇ ਮਸੀਹੀ ਭਾਈਚਾਰੇ ਦੇ ਹੋਰ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।
Punjab Post Daily Online Newspaper & Print Media