Sunday, February 22, 2026

ਮਨਿਸਟਰੀਅਲ ਸਟਾਫ਼ ਕਰਮਚਾਰੀਆਂ ਨੇ ਡੀ.ਸੀ ਦਫ਼ਤਰ ਦੇ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ

ppn2909201620

ਫਾਜ਼ਿਲਕਾ, 29 ਸਤੰਬਰ (ਵਿਨੀਤ ਅਰੋੜਾ) :ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨਣ ਸਬੰਧੀ ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫ਼ਤਰ (ਮਨਿਸਟਰੀਅਲ ਸਟਾਫ਼) ਕਰਮਚਾਰੀ ਯੂਨੀਅਨ ਦੀ ਸੂਬਾਈ ਕਮੇਟੀ ਵੱਲੋਂ ਲਏ ਗਏ ਫੈਸਲੇ ਮੁਤਾਬਕ ਪੰਜਾਬ ਦੇ ਸਮੂਹ ਡੀਸੀ/ਐਸਡੀਐਮ/ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਚ ਕੰਮ ਕਰਦੇ ਸਮੂਹ ਕਰਮਚਾਰੀਆਂ ਵੱਲੋਂ ਅੱਜ ਫਿਰ ਮੁਕੰਮਲ ਰੂਪ ਨਾਲ ਕੰਮ ਠੱਪ ਰੱਖ ਕੇ ਕਲਮਛੱਡ ਹੜ੍ਹਤਾਲ ਕੀਤੀ ਗਈ।ਜਿਸ ਦੇ ਤਹਿਤ ਕਰਮਚਾਰੀ ਯੂਨੀਅਨ ਜ਼ਿਲਾ ਫਾਜ਼ਿਲਕਾ ਦੇ ਕਰਮਚਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ, ਐਸਡੀਐਮ ਦਫ਼ਤਰ/ਤਹਿਸੀਲ ਦਫ਼ਤਰ ਅਤੇ ਸਬ ਤਹਿਸੀਲ ਦਫ਼ਤਰਾਂ ਵਿਚ ਕੰਮ ਠੱਪ ਰੱਖ ਕੇ ਪ੍ਰਧਾਨ ਜਗਜੀਤ ਸਿੰਘ ਦੀ ਪ੍ਰਧਾਨਗੀ ਵਿਚ ਸਥਾਨਕ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਗਿਆ ਅਤੇ ਮੰਗਾਂ ਸਬੰਧੀ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ, ਜਸਵਿੰਦਰ ਕੌਰ, ਖਜ਼ਾਨਚੀ ਅੰਜੂ ਬਾਲਾ, ਸਹਾਇਕ ਖਜ਼ਾਨਚੀ ਸੋਹਣ ਲਾਲ, ਮੀਤ ਸਕੱਤਰ ਪਰਮਜੀਤ ਸ਼ਰਮਾ, ਪ੍ਰੈਸ ਸਕੱਤਰ ਅੰਕੁਰ ਸ਼ਰਮਾ, ਦਫ਼ਤਰੀ ਸਹਾਇਕ ਵਿਨੋਦ ਕੁਮਾਰ, ਅਡੀਟਰ ਰੋਹਿਤ ਕੁਮਾਰ, ਬਲਜਿੰਦਰ ਸਿੰਘ, ਕਾਨੂੰਨੀ ਸਲਾਹਕਾਰ ਅਵਿਨਾਸ਼ ਚੰਦਰ, ਮੈਂਬਰ ਜਗਦੀਸ਼ ਕੁਮਾਰ, ਪ੍ਰਦੀਪ ਕੁਮਾਰ ਸ਼ਰਮਾ, ਗਨੇਸ਼ ਕੁਮਾਰ, ਮਹਿੰਦਰਪਾਲ, ਹਰਮੀਤ ਸਿੰਘ, ਮੈਡਮ ਆਸ਼ੂ, ਅਮਰਜੀਤ ਸਿੰਘ, ਪ੍ਰਿਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਦਫ਼ਤਰ ਵਿਚ ਕੰਮ ਵੱਧ ਹੈ ਅਤੇ ਸਟਾਫ਼ ਦੀ ਕਮੀ ਹੋਣ ਕਾਰਨ ਦਫ਼ਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਵਾਰ ਧਰਨੇ ਦੇ ਕੇ ਅਤੇ ਰੈਲੀਆਂ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ ਅਤੇ ਇੱਥੋਂ ਤੱਕ ਕਿ ਉੱਚ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਪਰ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।ਜਿਸ ਕਾਰਨ ਅੱਜ ਯੂਨੀਅਨ ਮੈਂਬਰਾਂ ਨੂੰ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ ਵਿਚ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇਕਰ ਯੂਨੀਅਨ ਮੈਂਬਰਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਉਹ ਆਪਣੇ ਸੰਘਰਸ਼ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਣਗੇ।ਯੂਨੀਅਨ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਵਿਚ ਸੁਪਰਡੈਂਟ ਤੋਂ ਤਹਿਸੀਲਦਾਰ ਬਣਾਉਣਾ, ਤਰੱਕੀ ਦੇ ਲਈ ਤਜ਼ਰਬੇ ਦੀ ਸ਼ਰਤ ਘੱਟ ਕਰਕੇ 3 ਸਾਲ ਕਰਨਾਠ, ਐਨਟੀ ਕੋਟਾ 10 ਫੀਸਦੀ ਹੋਰ ਦੇਣਾ, 6 ਵਾਂ ਪੇ ਕਮਿਸ਼ਨ ਲਾਗੂ ਕਰਨਾ, 2004 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਅਤੇ ਅਧਿਕਾਰੀਆਂ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰਨਾ ਸ਼ਾਮਲ ਹਨ।ਯੂਨੀਅਨ ਅਹੁੱਦੇਦਾਰਾਂ ਨੇ ਦੱਸਿਆ ਕਿ ਯੂਨੀਅਨ ਮੈਂਬਰਾਂ ਵੱਲੋਂ 30 ਸਤੰਬਰ ਨੂੰ ਸੰਗਰੂਰ ਵਿਚ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਢਸਾ ਦਾ ਘੇਰਾਓ ਕੀਤਾ ਜਾਵੇਗਾ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply