
ਅੰਮ੍ਰਿਤਸਰ, 30 ਸਤ<ਬਰ (ਪੰਜਾਬ ਪੋਸਟ ਬਿਊਰੋ) – ਭਾਰਤ-ਪਾਕਿ ਦੋਵਾਂ ਦੇਸ਼ਾਂ ਦੇ ਦਰਮਿਆਨ ਸੰਭਾਵੀਂ ਜੰਗ ਦੇ ਮਾਮਲੇ ‘ਤੇ ਆਪਣਾ ਪ੍ਰਤੀਕਰਮ ਜਾਹਿਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਤੇ ਹੋਰ ਆਲ੍ਹਾ ਅਧਿਕਾਰੀਆਂ ਨੂੰ ਆਪਸ ਵਿੱਚ ਬੈਠ ਕੇ ਮਸਲੇ ਦਾ ਹੱਲ ਲੱਭਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜਦੋਂ ਵੀ ਜੰਗ ਲਗਦੀ ਹੈ ਤਾਂ ਹਮੇਸ਼ਾਂ ਮਨੁੱਖਤਾ ਦਾ ਘਾਣ ਹੁੰਦਾ ਹੈ। ਜਦੋਂ ਕਿ ਬੀਤੇ ਕੱਲ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ ਦੇ ਇੱਧਰਲੇ ਪਾਸੇ 10 ਕਿਲੋਮੀਟਰ ਤੱਕ ਦੇ ਘੇਰੇ ਵਾਲੇ ਪਿੰਡਾਂ ਦੇ ਬਾਸ਼ਿੰਦਿਆਂ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕੀਤਾ ਜਾਵੇ ਤਾਂ ਇੱਕ ਗੱਲ ਬੜੀ ਸਾਫ ਤੇ ਸਪੱਸ਼ਟ ਹੈ ਕਿ ਉਨ੍ਹਾਂ ਲੋਕਾਂ ਵਾਸਤੇ ਤਾਂ ਜੰਗ ਲੱਗ ਗਈ।ਕਿਉਂਕਿ ਬੇਸ਼ੱਕ ਉਨ੍ਹਾਂ ਦਾ ਅਜੇ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮਾਲੀ ਨੁਕਸਾਨ ਤੇ ਜੇਕਰ ਨਜ਼ਰ ਦੌੜਾਈ ਜਾਵੇ ਤਾਂ ਇਸ ਦੇ ਅੰਕੜੇ ਬੜੇ ਹੈਰਾਨੀਜਨਕ ਸਾਹਮਣੇ ਆਏ ਹਨ। ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਕਿ ਸੰਭਾਵੀ ਜੰਗ ਦੇ ਖਤਰੇ ਨੂੰ ਭਾਪਦਿਆਂ ਫੌਜਾਂ ਵੱਲੋਂ ਖਾਲੀ ਕਰਵਾਏ ਗਏ ਪਿੰਡਾਂ ਦੇ ਲੋਕ ਆਪਣਾ ਡੰਗਰ ਵੱਛਾ ਤੇ ਪੁੱਤਾ ਵਾਂਗ ਪਾਲੀਆਂ ਫਸਲਾਂ ਨੂੰ ਛੱਡ ਕੇ ਘਰੋਂ ਬੇਘਰ ਹੋ ਗਏ ਹਨ। ਜਦੋਂ ਕਿ ਸ਼ਰਨਾਰਥੀਆਂ ਵਾਂਗ ਦਿਨ ਕੱਟੀ ਕਰਨ ਲਈ ਮਜ਼ਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਅਸਲ ਮੁੱਦਿਆਂ ਦਾ ਹੱਲ ਸਦੀਵੀਂ ਤੌਰ ਤੇ ਹੋਣਾ ਚਾਹੀਦਾ ਹੈ। ਜਦੋਂ ਕਿ ਦੋਵੇਂ ਦੇਸ਼ ਅੰਤਰਰਾਸ਼ਟਰੀ ਕਾਇਦੇ ਕਾਨੂੰਨ ਮੁਤਾਬਿਕ ਆਹਮੋਂ-ਸਾਹਮਣੇ ਬੈਠ ਕੇ ਗੱਲਬਾਤ ਰਾਹੀਂ ਮਸਲੇ ਸੁਲਝਾਉਣ।ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਰੰਜਿਸ਼ ਦੇ ਚਲਦਿਆਂ ਜਾਨੀ-ਮਾਲੀ ਨੁਕਸਾਨ ਆਮ ਨਾਗਰਿਕਾਂ ਨੂੰ ਉਠਾਉਣਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਕੁੱਝ ਕੱਟੜਪੰਥੀ ਤੇ ਸੌੜੀ ਸੋਚ ਦੇ ਮਾਲਕ ਦੋਵਾਂ ਦੇਸ਼ਾਂ ਦੇ ਦਰਮਿਆਨ ਸ਼ਬਦੀ ਜ਼ਹਿਰ ਉਗਲ ਕੇ ਅਜਿਹੇ ਮਾਹੌਲ ਦੀ ਸਿਰਜਨਾ ਕਰਦੇ ਹਨ, ਜੋ ਲੋਕ ਪੱਖੀ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ 1947 ਦੀ ਭਾਰਤ-ਪਾਕਿ ਵੰਡ ਦੇ ਦੌਰਾਨ ਹੋਏ ਦੰਗਾ ਫਸਾਦ ਦੇ ਵਿੱਚ 10 ਲੱਖ ਤੋਂ ਵੱਧ ਦੋਵਾਂ ਦੇਸ਼ਾਂ ਦੇ ਪੰਜਾਬੀਆਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਜਦੋਂ ਕਿ ਉਸ ਸਮੇਂ ਹੋਏ ਮਾਲੀ ਨੁਕਸਾਨ ਦਾ ਘਾਟਾ ਪੀੜ੍ਹੀਆਂ ਦਰ ਪੀੜ੍ਹੀਆਂ ਝੱਲਣਾ ਪਿਆ।ਉਨ੍ਹਾਂ ਕਿਹਾ ਯੂ.ਐਨ.ਓ ਤੇ ਹੋਰ ਅੰਤਰਰਾਸ਼ਟਰੀ ਪੱਧਰ ਦੇ ਸੁਰੱਖਿਆ ਸਲਾਹਾਕਾਰਾਂ ਨੂੰ ਦੋਵਾਂ ਦੇਸ਼ਾਂ ਦਰਮਿਆਨ ਵਿਚੋਲਗੀ ਕਰਕੇ ਦੋਵਾਂ ਖਾਨਾਜੰਗੀ ਤੋਂ ਬਚਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਾਰਟੀ ਪ੍ਰਧਾਨ ਤੇ ਸਾਬਕਾ ਐਮ.ਪੀ ਸਿਮਰਨਜੀਤ ਸਿੰਘ ਮਾਨ ਇਸ ਜੰਗ ਨੂੰ ਟਾਲਣ ਨੂੰ ਲਿਖਤੀ ਰੂਪ ਵਿੱਚ ਯੂ.ਐਨ.ਓ. ਨੂੰ ਪੱਤਰ ਭੇਜਣਗੇ ਤੇ ਦੋਵਾਂ ਦੇਸ਼ਾਂ ਦੇ ਜਾਨੀ ਤੇ ਮਾਲੀ ਨੁਕਸਾਨ ਦੇ ਨਿਕਲਣ ਵਾਲੇ ਸਿੱਟਿਆਂ ਤੋਂ ਜਾਣੂੰ ਕਰਵਾ ਕੇ ਇਸ ਨੂੰ ਰੋਕਣ ਦੀ ਮੰਗ ਕਰਨਗੇ। ਉਨ੍ਹਾਂ ਯੂ.ਐਨ.ਓ. ਮੈਂਬਰਾਂ ਤੋਂ ਵੀ ਇਸ ਜੰਗ ਨੂੰ ਰੋਕਣ ਦੀ ਮੰਗ ਕੀਤੀ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media