Sunday, October 11, 2026

ਸਿੱਖ ਨੌਜੁਆਨਾਂ ਨੇ ਦਸਤਾਰਾਂ ਨਾਲ ਨਹਿਰ ‘ਚ ਡੁੱਬ ਰਹੀ ਕੁੜੀ ਦੀ ਬਚਾਈ ਜਾਨ

ppn1210201603

ਸੰਦੌੜ, 12 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਦਾ ਇਤਿਹਾਸ ਤੋਂ ਲੈ ਕੇ ਅਜੋਕੇ ਸਮੇਂ ਤੱਕ ਸਿੱਖਾਂ ਨੇ ਹਮੇਸ਼ਾ ਹੀ ਮੁਸੀਬਤ ਵਿਚ ਫਸੇ ਲੋਕਾਂ ਨੂੰ ਮੁਸੀਬਤ ਵਿਚੋਂ ਕੱਢਿਆ ਹੈ ।ਇਸੇ ਕੜੀ ਤਹਿਤ ਕੁੱਝ ਸਿੱਖ ਨੌਜਵਾਨਾਂ ਵੱਲੋਂ ਆਪਣੀਆਂ ਦਸਤਾਰਾਂ ਉਤਾਰ ਨਹਿਰ ਵਿਚ ਡੁੱਬ ਰਹੀ ਲੜਕੀ ਦੀ ਜਾਨ ਬਚਾਉਣ ਦੀ ਖ਼ਬਰ ਕਾਫ਼ੀ ਚਰਚਾ ਵਿਚ ਹੈ ।ਮਿਲੀ ਜਾਣਕਾਰੀ ਮੁਤਾਬਿਕ ਘਟਨਾ ਨੇੜਲੇ ਪਿੰਡ ਮਹੋਲੀ ਤੋਂ ਸੰਦੌੜ ਦੇ ਰਸਤੇ ਤੇ ਸਥਿਤ ਕਲਿਆਣ ਦੇ ਪੁਲ ਵਾਲੀ ਨਹਿਰ ਦੀ ਹੈ ।ਹੋਇਆ ਇਸ ਤਰਾਂ ਕਿ ਮਸ਼ਹੂਰ ਪੰਜਾਬੀ ਦੇ ਉੱਘੇ ਲੇਖਕ ਅਤੇ ਪੱਤਰਕਾਰ ਸਿਟੀ ਪ੍ਰੈੱਸ ਕਲੱਬ ਅਹਿਮਦਗੜ੍ਹ ਦੇ ਨੁਮਾਇੰਦੇ ਹਰਮਿੰਦਰ ਸਿੰਘ ਭੱਟ ਆਪਣੇ ਪਰਿਵਾਰ ਨਾਲ ਹਰੇਕ ਮਹੀਨੇ ਦੀ ਦਸਵੀਂ ਦੀ ਤਰਾਂ ਇਸ ਵਾਰ ਵੀ ਆਪਣੇ ਵੱਡੇ-ਵੱਡੇਰਿਆਂ ਦੇ ਮੱਥਾ ਟੇਕਣ ਉਪਰੰਤ ਜਦ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਇੱਕ ਕੁੜੀ ਵੱਲੋਂ ਨਹਿਰ ਵਿਚ ਛਾਲ ਮਾਰ ਦਿੱਤੀ ਗਈ ਹੈ।ਜਿਸ ਨੂੰ ਬਚਾਉਣ ਲਈ ਉਹ ਅਤੇ ਉਨ੍ਹਾਂ ਦੇ 13 ਸਾਲਾਂ ਦੇ ਬੇਟੇ ਸਾਹਿਬ ਜੋਤ ਸਿੰਘ ਅਤੇ ਪਲਵਿੰਦਰ ਸਿੰਘ ਵਾਸੀ ਮਹੌਲੀ ਖ਼ੁਰਦ (ਡਰਾਈਵਰ) ਨਹਿਰ ਵੱਲ ਭੱਜੇ ਅਤੇ ਉਨ੍ਹਾਂ ਆਪਣੀਆਂ ਦਸਤਾਰਾਂ ਉਤਾਰ ਦਿੱਤੀਆਂ ਸਾਹਿਬਜੋਤ ਸਿੰਘ (13 ਸਾਲ) ਅਤੇ ਲੇਖਕ ਭੱਟ ਨੇ ਆਪਣੀਆਂ ਦਸਤਾਰਾਂ ਉਤਾਰ ਕੇ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ।ਜਿਸ ਨੂੰ ਦੇਖ ਕੇ ਹੋਰ ਸਿੱਖ ਵੀਰਾਂ ਨੇ ਆਪਣੀਆਂ ਪਗਾਂ/ਦਸਤਾਰਾਂ ਉਤਾਰ ਕੇ ਉਨ੍ਹਾਂ ਨੂੰ ਦੇ ਦਿੱਤੀਆਂ ।
ਦੂਜੇ ਪਾਸੇ ਪਲਵਿੰਦਰ ਨੂੰ ਥੋੜ੍ਹੀ-ਬਹੁਤ ਤੈਰਨਾ ਦੀ ਸਿਖਲਾਈ ਹੋਣ ਕਾਰਨ ਉਹ ਲੜਕੀ ਨੂੰ ਬਚਾਉਣ ਲਈ ਨਹਿਰ ਵਿਚ ਕੁੱਦ ਗਿਆ।ਜਿਸ ਤੋ ਬਾਅਦ ਪਲਵਿੰਦਰ ਲੜਕੀ ਤੱਕ ਪੁੱਜਾ ਅਤੇ ਭੱਟ ਨੇ ਜਦ ਦਸਤਾਰਾਂ ਨੂੰ ਬੰਨ੍ਹ ਕੇ ਨਹਿਰ ਵਿਚ ਸੁੱਟੀਆਂ ਤਾਂ ਦਸਤਾਰਾਂ ਦੀ ਗੰਢ ਖੁੱਲ ਗਈ ।ਉਸ ਤੋਂ ਬਾਅਦ ਭੱਟ ਨੇ ਤੈਰਨਾ ਨਾ ਆਉਣ ਦੇ ਬਾਵਜੂਦ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦਸਤਾਰਾਂ ਦੀ ਗੰਢ ਬਣਨ ਲਈ ਖ਼ੁਦ ਵੀ ਨਹਿਰ ਵਿਚ ਛਾਲ ਮਾਰ ਦਿੱਤੀ ਅਤੇ ਕੱਦ ਲੰਬਾ ਹੋਣ ਕਰ ਕੇ ਉਹ ਨਹਿਰ ਵਿਚ ਪੂਰੇ ਨਹੀਂ ਡੁੱਬੇ ਅਤੇ ਦਸਤਾਰਾਂ ਦੀ ਗੰਢ ਬਣਨ ਵਿਚ ਸਫਲ ਹੋ ਗਏ ਅਤੇ ਬੜੀ ਜੱਦੋਜਹਿਦ ਦੇ ਬਾਅਦ ਉਨ੍ਹਾਂ ਨੌਜਵਾਨਾਂ ਵੱਲੋਂ ਲੜਕੀ ਨੂੰ ਸਹੀ ਸਲਾਮਤ ਬਚਾ ਕੇ ਉਸ ਦੇ ਘਰਦਿਆਂ ਦੇ ਸਪੁੱਰਦ ਕਰ ਦਿੱਤਾ ਗਿਆ।ਇਸ ਘਟਨਾਕ੍ਰਮ ਤੋਂ ਬਾਅਦ ਜਿੱਥੇ ਲੇਖਕ ਭੱਟ ਨੇ ਪੱਤਰਕਾਰਾਂ ਨੂੰ ਉਸ ਲੜਕੀ ਦੇ ਕਹਿਣ ਮੁਤਾਬਿਕ ਉਸ ਲੜਕੀ ਦਾ ਨਾਮ ਅਤੇ ਪਤਾ ਜਨਤਕ ਨਾ ਕਰਨ ਦੀ ਅਪੀਲ ਕੀਤੀ, ਉਥੇ ਹੀ ‘ਭੱਟ’ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਦਿੱਤੀ ਸਿੱਖੀ ਅਤੇ ਦਸਤਾਰ ਦੀ ਅਹਿਮੀਅਤ ਬਾਰੇ ਦੱਸਣਾ ਵੀ ਲਾਜ਼ਮੀ ਸਮਝਿਆ।
ਜ਼ਿਕਰਯੋਗ ਹੈ ਕਿ ਜਿੱਥੇ ਲੇਖਕ ਅਤੇ ਪੱਤਰਕਾਰ ਹਰਮਿੰਦਰ ਸਿੰਘ ਭੱਟ ਅਤੇ ਵੀਰ ਪਲਵਿੰਦਰ ਸਿੰਘ ਪਿੰਦਾ ਵੱਲੋਂ ਕੀਤੇ ਗਏ ਇਸ ਨੇਕ ਅਤੇ ਬਹਾਦਰੀ ਵਾਲੇ ਕਾਰਨਾਮੇ ਦੀ ਇਲਾਕੇ ਭਰ ਵਿਚ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਉੱਥੇ ਹੀ ਉਸ ਦੀ ਸਿਟੀ ਪ੍ਰੈੱਸ ਕਲੱਬ ਅਹਿਮਦਗੜ੍ਹ ਦੇ ਚੇਅਰਮੈਨ ਤੇਜਿੰਦਰ ਸਿੰਘ ਬਿੰਜੀ ਪ੍ਰਧਾਨ ਸੁਖਜੀਤ ਖੇੜਾ, ਜਨਰਲ ਸਕੱਤਰ ਰੂਪੀ ਰਛੀਨ ਅਤੇ ਸੀਨੀ. ਮੀਤ ਪ੍ਰਧਾਨ ਤਲਵਿੰਦਰ ਸਿੰਘ ਬੰਟੀ ਵੱਲੋਂ ਵੀ ‘ਭੱਟ’ ਦੇ ਇਸ ਕਾਰਨਾਮੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਿੱਖਾਂ ਵੱਲੋਂ ਕੀਤੇ ਜਾ ਰਹੇ ਇਸ ਤਰਾਂ ਦੇ ਨੇਕ ਕਾਰਨਾਮੇ ਉਨ੍ਹਾਂ ਵਿਹਲੜ ਅਤੇ ਨਿਕੰਮੇ ਲੋਕਾਂ ਦੇ ਮੂੰਹ ਤੇ ਕਰਾਰਾ ਥੱਪੜ ਜ਼ਰੂਰ ਜੜਦੇ ਹਨ, ਜੋ ਸਿੱਖ ਅਤੇ ਸਿੱਖੀ ਦਾ ਮਜ਼ਾਕ ਉਡਾਉਣ ਦੀਆਂ ਨਕਾਮ ਕੋਸ਼ਿਸ਼ਾਂ ਵਿਚ ਲੱਗੇ ਰਹਿੰਦੇ ਹਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply